ਮੁਹਾਲੀ ’ਚ ਰੋਸ ਮਾਰਚ ਤੋਂ ਕੁਝ ਘੰਟੇ ਪਹਿਲਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜੇਲ ’ਚੋਂ ਵੀਡੀਓ ਵਾਇਰਲ!

ਮੁਹਾਲੀ ’ਚ ਰੋਸ ਮਾਰਚ ਤੋਂ ਕੁਝ ਘੰਟੇ ਪਹਿਲਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜੇਲ ’ਚੋਂ ਵੀਡੀਓ ਵਾਇਰਲ!

ਚੰਡੀਗੜ, 15 ਅਗਸਤ (ਪੰਜਾਬੀ ਰਾਈਟਰ)- ਬੰਦੀ ਸਿੰਘ ਜਥੇਦਾਰ  ਜਗਤਾਰ ਸਿੰਘ ਹਵਾਰਾ ਨੇ 15 ਅਗਸਤ ਤੋਂ ਪਹਿਲਾਂ ਜੇਲ ਵਿੱਚੋਂ ਇੱਕ ਵੀਡੀਓ ਜਾਰੀ ਕਰ ਕੇ ਸੁਨੇਹਾ ਜਾਰੀ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਉਲੀਕੇ ਗਏ ਮਾਰਚ ਤੋਂ ਪਹਿਲਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਹੈ। ਇਸ ਵਿੱਚ ਉਨਾਂ ਨੇ ਪ੍ਰਦਰਸ਼ਨ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਕੌਮੀ ਇਨਸਾਫ਼ ਮੋਰਚਾ ਵੱਲੋਂ ਦੇਰ ਰਾਤ ਜਾਰੀ ਕੀਤੀ ਗਈ ਇਹ ਦੋ ਮਿੰਟ ਦੀ ਵੀਡੀਓ ਸੰਭਾਵਤ ਤੌਰ ’ਤੇ ਦਿੱਲੀ ਦੀ ਉਸ ਜੇਲ ਵਿੱਚ ਬਣਾਈ ਗਈ ਹੈ ਜਿੱਥੇ ਹਵਾਰਾ ਇਸ ਸਮੇਂ ਬੰਦ ਹਨ।
ਕੌਮੀ ਇਨਸਾਫ਼ ਮੋਰਚਾ ਨੇ ਸ਼ਨਿੱਚਰਵਾਰ ਸਵੇਰੇ 11:30 ਵਜੇ ਮੁਹਾਲੀ ਤੋਂ ਪੰਜਾਬ ਲੋਕ ਭਵਨ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਉਹ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ (ਜੋ ਕਈ ਸਾਲਾਂ ਤੋਂ ਜੇਲ ਵਿੱਚ ਹਨ ਅਤੇ ਕੁਝ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਬੰਦ ਹਨ) ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਚੰਡੀਗੜ ਪੁਲੀਸ ਨੇ ਮੁਹਾਲੀ ਨਾਲ ਲੱਗਦੀਆਂ ਆਪਣੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਹੈ।
ਵੀਡੀਓ ਵਿੱਚ ਹਵਾਰਾ ਨੇ ਕਿਹਾ, ਤੁਹਾਡੀਆਂ ਅਰਦਾਸਾਂ ਸਦਕਾ ਮੈਂ ਚੜਦੀ ਕਲਾ ਵਿੱਚ ਹਾਂ। ਮੈਂ ਕੌਮੀ ਇਨਸਾਫ਼ ਮੋਰਚੇ ਵੱਲੋਂ ਕੱਢੇ ਜਾਣ ਵਾਲੇ ਮਾਰਚ ਵਿੱਚ ਹਿੱਸਾ ਲੈਣ ਵਾਲੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਸ਼ਾਂਤਮਈ ਰਹੇ। ਚੰਡੀਗੜ-ਮੁਹਾਲੀ ਸਰਹੱਦ ’ਤੇ ਮੋਰਚਾ ਚਾਰ ਸਾਲਾਂ ਤੋਂ ਚੱਲ ਰਿਹਾ ਹੈ। ਇਹ ਤੁਹਾਡਾ ਫਰਜ਼ ਹੈ ਕਿ 15 ਅਗਸਤ ਨੂੰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਹਵਾਰਾ ਨੇ ਖਾਸ ਤੌਰ ’ਤੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਰਚੇ ਦੇ ਵਾਲੰਟੀਅਰ ਬਣਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਹਿੰਸਾ ਨਾ ਹੋਵੇ। ਉਨਾਂ ਕਿਹਾ, ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਮੋਰਚੇ ਦੇ ਆਗੂਆਂ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰੋ। ਮੋਰਚਾ ਸਹੀ ਰਾਹ ’ਤੇ ਹੈ ਅਤੇ ਮੈਨੂੰ ਯਕੀਨ ਹੈ ਕਿ ਮੋਰਚਾ ਸਫ਼ਲ ਹੋਵੇਗਾ... ਗੁਰੂ ਸਾਹਿਬ ਕਿਰਪਾ ਕਰਨਗੇ।
ਵੀਡੀਓ ਵਿਚ ਉਨਾਂ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਕੱਢਿਆ ਜਾਣ ਵਾਲਾ ਕੌਮੀ ਮਾਰਚ ਪੂਰੀ ਤਰਾਂ ਸ਼ਾਂਤਮਈ ਢੰਗ ਨਾਲ ਕੱਢਿਆ ਜਾਣਾ ਚਾਹੀਦਾ ਹੈ ਤਾਂ ਕਿ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ। ਹਵਾਰਾ ਨੇ ਕਿਹਾ ਕਿ ਇਸ ਮਾਰਚ ਦੌਰਾਨ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰਨੀ ਚਾਹੀਦੀ ਅਤੇ ਸਭ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਆਪਣੇ ਇਸ ਸੁਨੇਹੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੇ ਪੰਥਕ ਆਗੂਆਂ ਨੂੰ ਵੀ ਖਾਸ ਤੌਰ ’ਤੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਿਰਫ਼ ਆਮ ਲੋਕਾਂ ਨੂੰ ਹੀ ਨਹੀਂ, ਸਗੋਂ ਸਮੂਹ ਆਗੂਆਂ ਨੂੰ ਵੀ ਆਪਣੀ ਬਣਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਕੌਮੀ ਹਿੱਤਾਂ ਵਾਲੇ ਮਸਲਿਆਂ ਨੂੰ ਸਹੀ ਦਿਸ਼ਾ ਅਤੇ ਅਗਵਾਈ ਦਿੱਤੀ ਜਾ ਸਕੇ।
ਹਵਾਰਾ ਨੇ ਦੋ ਦਿਨ ਵੀ ਪੈਰੋਲ ਲੈਣ ਤੋਂ ਕੀਤਾ ਸੀ ਇਨਕਾਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ’ਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਜੇਲ ਵਿਭਾਗ ਵੱਲੋਂ ਮਨਜ਼ੂਰ ਕੀਤੀ ਦੋ ਰੋਜ਼ਾ ਪੈਰੋਲ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਵਾਰਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸ ਨੂੰ ਉੱਚ ਜੋਖ਼ਮ ਵਾਲੇ ਕੈਦੀਆਂ ਦੀ ਸ਼੍ਰੇੇਣੀ ’ਚ ਰੱਖਿਆ ਗਿਆ ਹੈ ਅਤੇ ਜੇਲ ਤੋਂ ਬਾਹਰ ਆਉਣ ’ਤੇ ਉਸ ਨਾਲ ਵਾਧੂ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨੇ ਪੈਣਗੇ।
ਜਗਤਾਰ ਸਿੰਘ ਹਵਾਰਾ ਨੂੰ ਸੀਮਿਤ ਸਮੇਂ ਲਈ ਮਿਲ ਸਕਦੀ ਹੈ ਪੈਰੋਲ; ਰਾਜਪਾਲ ਨੇ ਡਾਕਟਰਾਂ ਤੋਂ ਮੰਗੀ ਰਿਪੋਰਟ
ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਸੀ ਕਿ ਉਨਾਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਹੈ ਤਾਂ ਕਿ ਉਹ ਆਪਣੀ ਬਿਮਾਰ ਮਾਂ ਨੂੰ ਮਿਲ ਸਕੇ। ਉਨਾਂ ਦਾ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਵਾਰਾ ਨੂੰ ਪੈਰੋਲ ਦਿਵਾਉਣ ਲਈ ਉਨਾਂ ਦੇ ਦਖ਼ਲ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਆਇਆ ਸੀ। ਰਾਜਪਾਲ ਨੇ ‘ਹਰ ਘਰ ਤਿਰੰਗਾ-ਵਾਕਾਥੌਨ’ ਦੌਰਾਨ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ, ‘‘ਉਸ (ਹਵਾਰਾ) ਦੀ ਮਾਂ ਬਿਮਾਰ ਹੈ। ਅਸੀਂ ਮਨੁੱਖਤਾ ਦੇ ਆਧਾਰ ’ਤੇ ਮਾਮਲੇ ਦੀ ਸਿਫ਼ਾਰਸ਼ ਕੀਤੀ ਹੈ।’’ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਵੀ ਮਨੁੱਖੀ ਆਧਾਰ ’ਤੇ ਪੈਰੋਲ ਅਰਜ਼ੀ ਦੀ ਹਮਾਇਤ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਮਹੀਨੇ ਦਿੱਲੀ ਦੀ ਮੰਡੋਲੀ ਜੇਲ (ਜਿੱਥੇ ਜਥੇਦਾਰ ਹਵਾਰਾ ਬੰਦ ਹਨ) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਚੰਡੀਗੜ ਪ੍ਰਸ਼ਾਸਨ ਦੀਆਂ ਸਿਫ਼ਾਰਸ਼ਾਂ ਲੈਣ ਮਗਰੋਂ ਹਵਾਰਾ ਦੀ ਪੈਰੋਲ ਅਰਜ਼ੀ ’ਤੇ ਸਮਾਂਬੱਧ ਫ਼ੈਸਲਾ ਲੈਣ।
ਜ਼ਿਕਰਯੋਗ ਹੈ ਕਿ ਜਥੇਦਾਰ ਹਵਾਰਾ ਚੰਡੀਗੜ ’ਚ 31 ਅਗਸਤ 1995 ਨੂੰ ਸਿਵਲ ਸਕੱਤਰੇਤ ਦੇ ਬਾਹਰ ਹੋਏ ਧਮਾਕੇ ਨਾਲ ਜੁੜੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਧਮਾਕੇ ’ਚ ਬੇਅੰਤ ਸਿੰਘ ਸਣੇ 17 ਜਣਿਆਂ ਦੀ ਮੌਤ ਹੋ ਗਈ ਸੀ। ਜਥੇਦਾਰ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿੱਚ ਹਾਈ ਕੋਰਟ ਨੇ ਇਹ ਸਜ਼ਾ ਬਦਲ ਦਿੱਤੀ ਸੀ।