ਹਰਿਮੰਦਰ ਸਾਹਿਬ ’ਚ ਵੀਡੀਓ ਬਣਾਉਣ ਤੋਂ ਰੋਕਣ ਦਾ ਅਮਲ ਸਖ਼ਤੀ ਨਾਲ ਲਾਗੂ

ਹਰਿਮੰਦਰ ਸਾਹਿਬ ’ਚ ਵੀਡੀਓ ਬਣਾਉਣ ਤੋਂ ਰੋਕਣ ਦਾ ਅਮਲ ਸਖ਼ਤੀ ਨਾਲ ਲਾਗੂ

ਅੰਮ੍ਰਿਤਸਰ, - ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਵੀਡੀਓ ਬਣਾਉਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਅਮਲ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂ ਘਰ ਦੇ ਚਾਰੇ ਪਾਸੇ ਸੇਵਾਦਾਰ ਤਾਇਨਾਤ ਕਰ ਦਿੱਤੇ ਗਏ ਹਨ। ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਇਸ ਸਬੰਧੀ ਸ਼ੁਰੂ ਕੀਤੇ ਅਮਲ ਦੇ ਚੰਗੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਗੁਰੂ ਘਰ ਵਿੱਚ ਦਾਖਲ ਹੋਣ ਸਮੇਂ ਹੀ ਸ਼ਰਧਾਲੂਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਸਬੰਧੀ ਜਾਣਕਾਰੀ ਮਿਲ ਰਹੀ ਹੈ, ਜਿਸ ਨਾਲ ਵਧੇਰੇ ਲੋਕ ਇਸ ਤੋਂ ਜਾਣੂ ਹੋ ਜਾਂਦੇ ਹਨ ਅਤੇ ਵੀਡੀਓਗ੍ਰਾਫੀ ਨਹੀਂ ਕਰਦੇ ਪਰ ਜੇ ਕੋਈ ਅਜਿਹਾ ਕਰਦਾ ਵੀ ਹੈ ਤਾਂ ਉਸ ਨੂੰ ਪਰਿਕਰਮਾ ਵਿੱਚ ਤਾਇਨਾਤ ਅਮਲੇ ਵੱਲੋਂ ਵਰਜਿਆ ਜਾਂਦਾ ਹੈ। ਇਸ ਸਬੰਧੀ ਵਾਧੂ ਅਮਲਾ ਵੀ ਭਰਤੀ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਗਈ ਹੈ। ਜੇ ਕੋਈ ਸ਼ਰਧਾਲੂ ਦਿਸ਼ਾ-ਨਿਰਦੇਸ਼ ਨਹੀਂ ਮੰਨਦਾ ਤਾਂ ਉਸ ਨਾਲ ਝਗੜਾ ਕਰਨ ਦੀ ਥਾਂ ਮੌਕੇ ’ਤੇ ਹਾਜ਼ਰ ਅਧਿਕਾਰੀ ਨਾਲ ਸੰਪਰਕ ਕਰਵਾਉਣ ਲਈ ਕਿਹਾ ਜਾਂਦਾ ਹੈ। ਇਸ ਦਾ ਚੰਗਾ ਨਤੀਜਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 60 ਫਲੈਕਸ ਤੇ ਬੋਰਡ ਵੀ ਲਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਵੀਡੀਓਗ੍ਰਾਫੀ ’ਤੇ ਸਖ਼ਤੀ ਨਾਲ ਰੋਕ ਲਾਈ ਗਈ ਹੈ।