ਕਿਸਾਨ ਦੀ ਮੌਤ: ਪ੍ਰਨੀਤ ਕੌਰ ਦੇ ਹਮਾਇਤੀ ਹਰਪਾਲਪੁਰ ਦੇ ਖ਼ਿਲਾਫ਼ ਕੇਸ ਦਰਜ

ਕਿਸਾਨ ਦੀ ਮੌਤ: ਪ੍ਰਨੀਤ ਕੌਰ ਦੇ ਹਮਾਇਤੀ ਹਰਪਾਲਪੁਰ ਦੇ ਖ਼ਿਲਾਫ਼ ਕੇਸ ਦਰਜ

ਘਨੌਰ- ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਪ੍ਰੋਗਰਾਮ ਦੌਰਾਨ ਹਲਕਾ ਘਨੌਰ ਦੇ ਪਿੰਡ ਸੇਹਰਾ ਵਿੱਚ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਦੇ ਸਬੰਧ ਵਿਚ ਪ੍ਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਅੱਜ ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਧਾਰਾ ਉਦੋਂ ਲੱਗਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਦੀ ਮੌਤ ਦਾ ਕਾਰਨ ਬਣ ਜਾਵੇ ਪਰ ਇਸ ਨੂੰ ਕਤਲ ਦੀ ਘਟਨਾ ਨਹੀਂ ਮੰਨਿਆ ਜਾਂਦਾ। ਇਹ ਧਾਰਾ ਗੈਰ-ਜ਼ਮਾਨਤੀ ਹੋਣ ਕਰਕੇ ਮੁਲਜ਼ਮ ਨੂੰ ਜੇਲ੍ਹ ਜਾਣਾ ਪੈਂਦਾ ਹੈ ਤੇ ਇਸ ਦੌਰਾਨ ਦੋਸ਼ੀ ਪਾਏ ਜਾਣ ’ਤੇ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮ੍ਰਿਤਕ ਕਿਸਾਨ ਦੇ ਭਤੀਜੇ ਰੇਸ਼ਮ ਸਿੰਘ ਦੇ ਬਿਆਨਾਂ ’ਤੇ ਥਾਣਾ ਖੇੜੀ ਗੰਡਿਆਂ ਵਿਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਜਪਾ ਆਗੂ ਪ੍ਰਨੀਤ ਕੌਰ ਦੇ ਸ਼ਨਿਚਰਵਾਰ ਨੂੰ ਸੇਹਰਾ ਪਿੰਡ ਪਹੁੰਚਣ ’ਤੇ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਸੀ। ਇਸ ਦੌਰਾਨ ਜਦੋਂ ਉਹ ਪੈਦਲ ਹੀ ਸਮਾਗਮ ਵਾਲੀ ਥਾਂ ’ਤੇ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉਨ੍ਹਾਂ ਨੂੰ ਅੱਗੇ ਹੋ ਕੇ ਘੇਰ ਲਿਆ। ਇਸ ਮੌਕੇ ਕਿਸਾਨਾਂ ਅਤੇ ਪ੍ਰਨੀਤ ਕੌਰ ਦੇ ਸਮਰਥਕਾਂ ਦਰਮਿਆਨ ਹੱਥੋਪਾਈ ਵੀ ਹੋਈ। ਇਸ ਮੌਕੇ ਦੀ ਵਾਇਰਲ ਹੋਈ ਵੀਡੀਓ ’ਚ ਹਰਵਿੰਦਰ ਹਰਪਾਲਪੁਰ ਵੀ ਕੁਝ ਕਿਸਾਨਾਂ ਨਾਲ ਹੱਥੋਪਾਈ ਹੁੰਦੇ ਨਜ਼ਰ ਆ ਰਹੇ ਹਨ। ਹਰਪਾਲਪੁਰ ਦਾ ਹਾਲਾਂਕਿ ਤਰਕ ਹੈ ਕਿ ਇਸ ਦੌਰਾਨ ਸੁਰਿੰਦਰਪਾਲ ਆਕੜੀ ਨਾਲ ਉਸ ਦਾ ਸਾਹਮਣਾ ਹੀ ਨਹੀਂ ਹੋਇਆ। ਵਾਇਰਲ ਹੋਈ ਇੱਕ ਹੋਰ ਵੀਡੀਓ ਦੇ ਹਵਾਲੇ ਨਾਲ ਹਰਪਾਲਪੁਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਗੱਡੀ ਤੋਂ ਫਾਸਲੇ ਨਾਲ ਖੜ੍ਹਾ ਸੁਰਿੰਦਰਪਾਲ ਆਕੜੀ ਦਿਲ ਜਾਂ ਮਿਰਗੀ ਦਾ ਦੌਰਾ ਪੈਣ ਮਗਰੋਂ ਹੇਠਾਂ ਡਿੱਗਦਾ ਹੈ ਤੇ ਇਸੇ ਹੀ ਵੀਡੀਓ ’ਚ ਉਹ (ਹਰਪਾਲਪੁਰ) ਪਰਨੀਤ ਕੌਰ ਦੀ ਗੱਡੀ ’ਚ ਬੈਠਾ ਦਿਸ ਰਿਹਾ ਹੈ।