ਗਾਜ਼ਾਵਿੱਚ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਅੱਜ ਤੋਂ

ਗਾਜ਼ਾਵਿੱਚ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਅੱਜ ਤੋਂ

ਦੀਰ ਅਲ-ਬਾਲਾਹ,-ਗਾਜ਼ਾ ’ਚ ਚਾਰ ਦਿਨਾਂ ਦੀ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਦਾ ਅਮਲ ਅੱਜ ਤੋਂ ਸ਼ੁਰੂ ਨਾ ਹੋ ਸਕਿਆ। ਆਖਰੀ ਪਲਾਂ ’ਤੇ ਅੜਿੱਕਾ ਪੈਣ ਕਾਰਨ ਇਹ ਸੰਭਵ ਨਾ ਹੋ ਸਕਿਆ। ਇਜ਼ਰਾਈਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਸ਼ੁੱਕਰਵਾਰ ਨੂੰ ਹਮਾਸ ਅਤੇ ਇਜ਼ਰਾਈਲ ਵੱਲੋਂ ਬੰਦੀਆਂ ਦੀ ਅਦਲਾ-ਬਦਲੀ ਕੀਤੀ ਜਾਵੇਗੀ। ਜੰਗਬੰਦੀ ਦੇ ਸਮਝੌਤੇ ਨਾਲ ਗਾਜ਼ਾ ’ਚ 23 ਲੱਖ ਫਲਸਤੀਨੀਆਂ ਨੂੰ ਕੁਝ ਰਾਹਤ ਦਿਖਾਈ ਦੇ ਰਹੀ ਹੈ। ਇਜ਼ਰਾਈਲ ਦੇ ਕੌਮੀ ਸੁਰੱਖਿਆ ਸਲਾਹਕਾਰ ਜ਼ਾਚੀ ਹਾਨੇਗਬੀ ਨੇ ਬੁੱਧਵਾਰ ਦੇਰ ਰਾਤ ਫ਼ੈਸਲਾ ਲਾਗੂ ਹੋਣ ’ਚ ਦੇਰੀ ਦਾ ਐਲਾਨ ਕੀਤਾ ਪਰ ਇਸ ਦਾ ਕਾਰਨ ਨਹੀਂ ਦੱਸਿਆ। ਹਮਾਸ ਨਾਲ ਵਿਚੋਲਗੀ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਤਰ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਜਿਦ ਅਲ-ਅੰਸਾਰੀ ਮੁਤਾਬਕ ਜੰਗਬੰਦੀ ਅਤੇ ਬੰਧਕਾਂ ਤੇ ਕੈਦੀਆਂ ਦੀ ਅਦਲਾ-ਬਦਲੀ ਲਈ ਢੁੱਕਵੇਂ ਹਾਲਾਤ ਬਣਾਉਣ ਵਾਸਤੇ ਵਾਰਤਾਕਾਰ ਕੰਮ ਕਰ ਰਹੇ ਹਨ। ਕਤਰ ਨੇ ਵੀਰਵਾਰ ਸਵੇਰੇ ਕਿਹਾ ਕਿ ਸਮਝੌਤਾ ਲਾਗੂ ਹੋਣ ਦੇ ਸਮੇਂ ਬਾਰੇ ਐਲਾਨ ‘ਕੁਝ ਘੰਟਿਆਂ ’ਚ ਕੀਤਾ ਜਾਵੇਗਾ।’ ਉਧਰ ਹਮਾਸ ਸ਼ਾਸਿਤ ਗਾਜ਼ਾ ’ਚ ਸਿਹਤ ਮੰਤਰਾਲੇ ਨੇ ਕਿਹਾ ਕਿ ਨਵੇਂ ਸਿਰੇ ਤੋਂ ਕੀਤੀ ਗਈ ਜਾਂਚ ਦੌਰਾਨ ਜੰਗ ’ਚ ਮੌਤਾਂ ਦੀ ਗਿਣਤੀ ਵਧ ਕੇ 13,300 ਹੋ ਗਈ ਹੈ। ਉਂਜ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ ਕਿਉਂਕਿ 6 ਹਜ਼ਾਰ ਹੋਰ ਲੋਕ ਲਾਪਤਾ ਹਨ ਅਤੇ ਉਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਸ਼ੱਕ ਹੈ। ਇਸ ਦੌਰਾਨ ਉੱਤਰੀ ਇਜ਼ਰਾਈਲ ’ਚ ਵੀਰਵਾਰ ਨੂੰ ਸਾਇਰਨ ਵਜਣ ਲੱਗ ਪਏ ਜਿਥੇ ਹਿਜ਼ਬੁੱਲਾ ਨੇ ਦਾਅਵਾ ਕੀਤਾ ਕਿ ਉਸ ਨੇ ਦੱਖਣੀ ਲਿਬਨਾਨ ਤੋਂ 48 ਕਟਯੂਸ਼ਾ ਰਾਕੇਟ ਦਾਗ਼ੇ ਹਨ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਹਮਲੇ ’ਚ ਪੰਜ ਹਿਜ਼ਬੁੱਲਾ ਲੜਾਕੇ ਮਾਰੇ ਗਏ ਸਨ ਜਿਨ੍ਹਾਂ ’ਚ ਜਥੇਬੰਦੀ ਦੇ ਸੰਸਦੀ ਬਲਾਕ ਦੇ ਮੁਖੀ ਦਾ ਪੁੱਤਰ ਵੀ ਸ਼ਾਮਲ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਹਿਦ ਲਿਆ ਹੈ ਕਿ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਮਗਰੋਂ ਜੰਗ ਮੁੜ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦਾ ਟੀਚਾ ਹਮਾਸ ਦੇ ਸਾਰੇ ਟਿਕਾਣਿਆਂ ਨੂੰ ਤਬਾਹ ਕਰਨਾ ਅਤੇ ਬੰਧਕਾਂ ਨੂੰ ਰਿਹਾਅ ਕਰਵਾਉਣਾ ਹੈ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਫੋਨ ਕਰਕੇ ਇਹੋ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇਸ਼ ਦੀ ਖ਼ੁਫ਼ੀਆ ਏਜੰਸੀ ‘ਮੋਸਾਦ’ ਨੂੰ ਹਮਾਸ ਦੇ ਜਲਾਵਤਨ ਆਗੂਆਂ ਦੇ ਖ਼ਾਤਮੇ ਦਾ ਨਿਰਦੇਸ਼ ਦਿੱਤਾ ਹੈ, ਫਿਰ ਉਹ ਭਾਵੇਂ ਕਿਤੇ ਵੀ ਹੋਣ। ਫ਼ੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਸ਼ਿਫ਼ਾ ਦੇ ਹੇਠਾਂ ਹਮਾਸ ਦਾ ਵੱਡਾ ਕੇਂਦਰ ਹੋਣ ਦੇ ਆਪਣੇ ਦਾਅਵੇ ਦੀ ਪੁਸ਼ਟੀ ਲਈ ਵਿਦੇਸ਼ੀ ਪੱਤਰਕਾਰਾਂ ਦੇ ਇਕ ਧੜੇ ਨੂੰ ਸੁਰੰਗ ਵਰਗੇ ਬੰਕਰ ਦਿਖਾਏ। ਫ਼ੌਜ ਨੇ ਕਿਹਾ ਕਿ ਉਨ੍ਹਾਂ ਸ਼ਿਫ਼ਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੇਲਮੀਆ ਨੂੰ ਹਿਰਾਸਤ ’ਚ ਲੈ ਲਿਆ ਹੈ।