
ਰਾਫਾਹ-ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਬੰਬਾਰੀ ਵਧਾ ਦਿੱਤੀ ਹੈ। ਹਮਾਸ ਦੇ ਅਤਿਵਾਦੀਆਂ ਖ਼ਿਲਾਫ਼ ਸੰਭਾਵੀ ਜ਼ਮੀਨੀ ਜੰਗ ਛੇੜਨ ਤੋਂ ਪਹਿਲਾਂ ਇਜ਼ਰਾਇਲੀ ਸੈਨਾ ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਹੈ। ਅਮਰੀਕਾ ਨੂੰ ਡਰ ਹੈ ਕਿ ਜੇ ਇਜ਼ਰਾਈਲ ਨੇ ਗਾਜ਼ਾ ’ਚ ਸੈਨਾ ਨੂੰ ਭੇਜਿਆ ਤਾਂ ਖੇਤਰ ਵਿਚ ਇਸ ਟਕਰਾਅ ਦਾ ਦਾਇਰਾ ਵੱਧ ਸਕਦਾ ਹੈ। ਅਮਰੀਕੀ ਫ਼ੌਜ ਉਤੇ ਵੀ ਹਮਲੇ ਹੋ ਸਕਦੇ ਹਨ। ਇਜ਼ਰਾਈਲ ਨੇ ਅੱਜ ਕਿਹਾ ਕਿ ਉਨ੍ਹਾਂ ਪਿਛਲੇ 24 ਘੰਟਿਆਂ ਦੌਰਾਨ 400 ਹਵਾਈ ਹਮਲੇ ਕੀਤੇ ਹਨ, ਜਨਿ੍ਹਾਂ ਵਿਚ ਹਮਾਸ ਦੇ ਕਮਾਂਡਰ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ’ਚ ਕਈ ਅਤਿਵਾਦੀ ਮਾਰੇ ਗਏ ਹਨ ਜੋ ਇਜ਼ਰਾਈਲ ’ਤੇ ਰਾਕੇਟ ਦਾਗਣ ਦੀ ਤਿਆਰੀ ਕਰ ਰਹੇ ਸਨ। ਕਮਾਂਡ ਕੇਂਦਰਾਂ ਤੇ ਹਮਾਸ ਦੀ ਇਕ ਟਨਲ ਸ਼ਾਫਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਇਜ਼ਰਾਈਲ ਨੇ 320 ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਹਮਾਸ ਅਧੀਨ ਚੱਲ ਰਹੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਹਵਾਈ ਹਮਲਿਆਂ ਕਾਰਨ ਗਾਜ਼ਾ ਪੱਟੀ ’ਚ ਪਿਛਲੇ ਇਕ ਦਿਨ ਦੌਰਾਨ 700 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਫਲਸਤੀਨੀ ਅਧਿਕਾਰੀਆਂ ਮੁਤਾਬਕ ਹਵਾਈ ਹਮਲਿਆਂ ਵਿਚ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਜਨਿ੍ਹਾਂ ਵਿਚੋਂ ਕੁਝ ਦੱਖਣੀ ਗਾਜ਼ਾ ’ਚ ਹਨ। ਖਾਨ ਯੂਨਿਸ ’ਚ ਇਕ ਚਾਰ-ਮੰਜ਼ਿਲਾ ਇਮਾਰਤ ਨੁਕਸਾਨੇ ਜਾਣ ਕਾਰਨ ਕਰੀਬ 32 ਲੋਕ ਮਾਰੇ ਗਏ ਹਨ। ਵੱਡੀ ਗਿਣਤੀ ਲੋਕ ਜ਼ਖਮੀ ਵੀ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾ ਰਹੇ, ਬਲਕਿ ਹਮਾਸ ਦੇ ਅਤਿਵਾਦੀ ਲੋਕਾਂ ਨੂੰ ਕਵਰ ਵਜੋਂ ਵਰਤ ਰਹੇ ਹਨ। ਜੰਗ ਦੇ ਸ਼ੁਰੂ ਤੋਂ ਹੁਣ ਤੱਕ ਫਲਸਤੀਨੀ ਅਤਿਵਾਦੀਆਂ ਨੇ ਇਜ਼ਰਾਈਲ ’ਤੇ 7 ਹਜ਼ਾਰ ਤੋਂ ਵੱਧ ਰਾਕੇਟ ਦਾਗੇ ਹਨ। ਜੰਗ ਵਿਚ ਹੁਣ ਤੱਕ 5 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਬੰਬਾਰੀ ’ਤੇ ਡੂੰਘਾ ਫਿਕਰ ਜ਼ਾਹਿਰ ਕੀਤਾ ਹੈ। ਹਮਾਸ ਨੇ ਦੋ ਬਿਰਧ ਇਜ਼ਰਾਇਲੀ ਔਰਤਾਂ ਨੂੰ ਰਿਹਾਅ ਕੀਤਾ ਹੈ। ਇਨ੍ਹਾਂ ਨੂੰ ਰਾਫਾਹ ਕਰਾਸਿੰਗ ਰਾਹੀਂ ਗਾਜ਼ਾ ਤੋਂ ਬਾਹਰ ਮਿਸਰ ਲਿਜਾਇਆ ਗਿਆ। ਬਾਅਦ ਵਿਚ ਐਂਬੂਲੈਂਸਾਂ ਇਨ੍ਹਾਂ ਨੂੰ ਲੈ ਗਈਆਂ। ਇਹ ਉਨ੍ਹਾਂ ਸੈਂਕੜੇ ਇਜ਼ਰਾਇਲੀਆਂ ਵਿਚ ਸ਼ਾਮਲ ਸਨ ਜਨਿ੍ਹਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ। ਦੱਸਣਯੋਗ ਹੈ ਕਿ ਇਜ਼ਰਾਈਲ ਦੀ ਜਵਾਬੀ ਕਾਰਵਾਈ ਤੋਂ ਬਾਅਦ ਗਾਜ਼ਾ ਦੀ ਵੱਡੀ ਆਬਾਦੀ ਖੁਰਾਕੀ ਵਸਤਾਂ, ਪਾਣੀ ਤੇ ਦਵਾਈਆਂ ਦੀ ਕਮੀ ਨਾਲ ਜੂਝ ਰਹੀ ਹੈ। ਸੋਮਵਾਰ ਗਾਜ਼ਾ ਵਿਚ ਮਦਦ ਲੈ ਕੇ ਵਾਹਨਾਂ ਦਾ ਤੀਜਾ ਕਾਫ਼ਲਾ ਪਹੁੰਚਿਆ ਸੀ। ਇਜ਼ਰਾਈਲ ਨੇ ਹਾਲੇ ਵੀ ਗਾਜ਼ਾ ਵਿਚ ਈਂਧਨ ਦਾਖਲ ਨਹੀਂ ਹੋਣ ਦਿੱਤਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਜੇ ਉਹ ਟਰੱਕਾਂ ਵਿਚ ਤੇਲ ਨਹੀਂ ਪਾ ਸਕੇ ਤਾਂ ਮਦਦ ਵੰਡਣ ਦੀ ਮੁਹਿੰਮ ਰੁਕ ਜਾਵੇਗੀ। ਜ਼ਖ਼ਮੀਆਂ ਨਾਲ ਭਰੇ ਹਸਪਤਾਲਾਂ ਨੂੰ ਜਰਨੇਟਰ ਚੱਲਦੇ ਰੱਖਣ ਵਿਚ ਮੁਸ਼ਕਲ ਆ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਦੱਸਿਆ ਹੈ ਕਿ ਗਾਜ਼ਾ ਦੀਆਂ ਦੋ-ਤਿਹਾਈ ਸਿਹਤ ਸਹੂਲਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਹਵਾਈ ਹਮਲਿਆਂ ’ਚ ਜ਼ੋਰਦਾਰ ਵਾਧੇ ਕਾਰਨ 72 ਵਿਚੋਂ 46 ਸਿਹਤ ਸਹੂਲਤਾਂ ਠੱਪ ਹਨ, 32 ਵਿਚੋਂ ਕਰੀਬ 12 ਹਸਪਤਾਲ ਵੀ ਬੰਦ ਪਏ ਹਨ। ਮੈਡੀਕਲ ਉਪਕਰਨ ਤੇ ਹੋਰ ਜ਼ਰੂਰੀ ਢਾਂਚਾ ਚਲਾਉਣ ਵਿਚ ਸਮੱਸਿਆ ਆ ਰਹੀ ਹੈ।