ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਦੇ ਯਤਨਾਂ ਸਦਕਾ ਸੱਤ ਸਾਲਾਂ ਬਾਅਦ ਰਾਸ਼ਟਰੀ ਸਕੂਲ ਖੇਡਾਂ ’ਚ ਹੋਈ ਗੱਤਕੇ ਦੀ ਵਾਪਸੀ- ਹਰਜੀਤ ਸਿੰਘ ਗਰੇਵਾਲ

ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਦੇ ਯਤਨਾਂ ਸਦਕਾ ਸੱਤ ਸਾਲਾਂ ਬਾਅਦ ਰਾਸ਼ਟਰੀ ਸਕੂਲ ਖੇਡਾਂ ’ਚ ਹੋਈ ਗੱਤਕੇ ਦੀ ਵਾਪਸੀ- ਹਰਜੀਤ ਸਿੰਘ ਗਰੇਵਾਲ

ਚੰਡੀਗੜ੍ਹ- ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਅਣਥੱਕ ਯਤਨਾਂ ਸਦਕਾ ਮਾਰਸ਼ਲ ਆਰਟ ਗੱਤਕੇ ਦੀ ਪ੍ਰਫੁੱਲਤਾ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੋਈ ਹੈ ਅਤੇ ਸੱਤ ਸਾਲਾਂ ਦੇ ਵਕਫ਼ੇ ਤੋਂ ਬਾਅਦ ਅਗਾਮੀ ਰਾਸ਼ਟਰੀ ਸਕੂਲ ਖੇਡਾਂ ਵਿੱਚ ਗੱਤਕੇ ਨੂੰ ਬਤੌਰ ਖੇਡ ਵਜੋਂ ਮੁੜ੍ਹ ਸ਼ਾਮਲ ਕਰ ਲਿਆ ਗਿਆ ਹੈ। ਇਸ ਮਹੱਤਵਪੂਰਨ ਘਟਨਾਕ੍ਰਮ ਦਾ ਖੁਲਾਸਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐੱਨ.ਜੀ.ਏ.ਆਈ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ ਵਿਸ਼ਵ ਗੱਤਕਾ ਫੈੱਡਰੇਸ਼ਨ ਨੇ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ (ਐੱਸ.ਜੀ.ਐੱਫ.ਆਈ) ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਭਗਵਤੀ ਸਿੰਘ ਨਾਲ ਇੱਕ ਅਹਿਮ ਮੀਟਿੰਗ ਹੋਈ, ਜੋ ਕਿ ਲਖਨਊ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਜਾਇੰਟ ਡਾਇਰੈਕਟਰ ਵਜੋਂ ਤਾਇਨਾਤ ਹਨ। ਇਸ ਮੀਟਿੰਗ ਦੌਰਾਨ ਗਰੇਵਾਲ ਨੇ ਉਨ੍ਹਾਂ ਨੂੰ ਇੱਕ ਰਸਮੀ ਬੇਨਤੀ ਪੱਤਰ ਅਤੇ ਗੱਤਕਾ ਖੇਡ ਦੀ ਤਕਨੀਕੀ ਨਿਯਮਾਂਵਲੀ ਵੀ ਪੇਸ਼ ਕੀਤੀ ਜਿਸ ਵਿੱਚ ਆਗਾਮੀ 66ਵੀਆਂ ਕੌਮੀ ਸਕੂਲ ਖੇਡਾਂ ਵਿੱਚ ਗੱਤਕੇ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸ ਮੌਕੇ ਐੱਸ.ਜੀ.ਐੱਫ.ਆਈ. ਦੇ ਪ੍ਰਤੀਨਿਧੀ ਨੇ ਗੱਤਕੇ ਨੂੰ ਪ੍ਰਸਤਾਵਿਤ ਖੇਡ ਕੈਲੰਡਰ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਕੀਤਾ ਸੀ ਜਿਸ ਕਰਕੇ ਗੱਤਕਾ ਖਿਡਾਰੀਆਂ ਅੰਦਰ ਵਿਆਪਕ ਖੁਸ਼ੀ ਅਤੇ ਉਮੀਦ ਦੀ ਕਿਰਨ ਪੈਦਾ ਹੋਈ ਹੈ।