ਅਮਰੀਕਾ ਦੇ ਹਰ ਸੂਬੇ ਵਿੱਚ ਲਗਾਏ ਜਾਣਗੇ ਗੱਤਕਾ ਸਿਖਲਾਈ ਕੈਂਪ: ਡਾ ਦੀਪ ਸਿੰਘ

ਅਮਰੀਕਾ ਦੇ ਹਰ ਸੂਬੇ ਵਿੱਚ ਲਗਾਏ ਜਾਣਗੇ ਗੱਤਕਾ ਸਿਖਲਾਈ ਕੈਂਪ: ਡਾ ਦੀਪ ਸਿੰਘ

ਨਿਉਯਾਰਕ (ਰਾਜ ਗੋਗਨਾ/ਪੰਜਾਬੀ ਰਾਈਟਰ)- ਅਮਰੀਕਾ ਵਿੱਚ ਗੱਤਕਾ ਖੇਡ ਦੀ ਨੈਸ਼ਨਲ ਪੱਧਰ ਦੀ ਜੱਥੇਬੰਦੀ ਗੱਤਕਾ ਫੈੱਡਰੇਸ਼ਨ ਯੂ.ਐੱਸ.ਏ. ਜੋ ਕਿ ਵਿਸ਼ਵ ਗੱਤਕਾ ਫੈੱਡਰੇਸ਼ਨ ਤੋਂ ਮਾਨਤਾ ਪ੍ਰਾਪਤ ਹੈ, ਦੀ ਅਗਵਾਈ ਹੇਠ ਨਿਉਯਾਰਕ ਗੱਤਕਾ ਐਸੋਸੀਏਸ਼ਨ ਵਲੋਂ ਦੂਜਾ ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ-2023 ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿੱਚ ਆਯੋਜਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਵਿਸ਼ਵ ਗੱਤਕਾ ਫੈੱਡਰੇਸ਼ਨ ਤੇ ਗੱਤਕਾ ਫੈੱਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ, ਨੇ ਦੱਸਿਆ ਕਿ ਫੈੱਡਰੇਸ਼ਨ ਵਲੋਂ ਹਰ ਸਾਲ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਖੇਡ ਦੀ ਪ੍ਰਫੁੱਲਤਾ ਅਤੇ ਇਸ ਖੇਡ ਨੂੰ ਹਰਮਨ ਪਿਆਰਾ ਬਨਾਉਣ ਲਈ ਟ੍ਰੈਨਿੰਗ ਕੈਂਪ ਅਤੇ ਵਰਕਸ਼ਾਪਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਅਤੇ ਫੈੱਡਰੇਸ਼ਨ ਵਲੋਂ ਹਰ ਰਾਜ ਵਿੱਚ ਗੱਤਕਾ ਐਸੋਸੀਏਸ਼ਨਾਂ ਦਾ ਗਠਨ ਕਰਨ ਦਾ ਟੀਚਾ ਵੀ ਉਲੀਕਿਆ ਗਿਆ ਹੈ ਜਿਸ ਤਹਿਤ ਚਾਰਾਜੋਈ ਕੀਤੀ ਜਾ ਰਹੀ ਹੈ।
ਉਹਨਾਂ ਵਲੋਂ ਅੱਤੇ ਜਾਣਕਾਰੀ ਦਿੰਦਿਆ ਆਖਿਆ ਗਿਆ ਕਿ ਅਮਰੀਕਾ ਵਿੱਚ ਇਹ ਦੂਜਾ ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਲਗਾਇਆ ਗਿਆ ਹੈ ਤਾਂ ਜੋ ਸਮੂਹ ਰੈਫਰੀਆਂ ਅਤੇ ਜੱਜਾਂ ਨੂੰ ਨਾ ਸਿਰਫ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ ਬਲਕਿ ਭਵਿੱਖ ਵਿੱਚ ਹੋਣ ਵਾਲੇ ਰਾਜ ਪੱਧਰੀ ਅਤੇ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲਿਆਂ ਲਈ ਅਮਰੀਕਾ ਦੇ ਹਰ ਸੂਬੇ ਵਿੱਚ ਗੱਤਕਾ ਕੋਚ, ਜੱਜ ਅਤੇ ਰੈਫਰੀ ਪੈਦਾ ਕੀਤੇ ਜਾ ਸਕਣ।
ਇਸ ਮੌਕੇ ’ਤੇ ਬੋਲਦਿਆਂ ਨਿਊਯਾਰਕ ਗੱਤਕਾ ਐਸੋਸੀਏਸ਼ਨ ਦੇ ਵਾਈਸ ਚੈਅਰਮੈਨ ਸ੍ਰ. ਦਲੇਰ ਸਿੰਘ, ਸੱਕਤਰ ਸ੍ਰ. ਜਸਕੀਰਤ ਸਿੰਘ ਅਤੇ ਫਾਈਨੈਂਸ ਸਕੱਤਰ ਬੀਬਾ ਸਰਬਜੀਤ ਕੌਰ ਨੇ ਦੱਸਿਆ ਕਿ ਨੈਸ਼ਨਲ ਪੱਧਰ ਦੇ ਇਸ ਗੱਤਕਾ ਰਿਫਰੈਸ਼ਰ ਕੋਰਸ ਵਿੱਚ ਲਗਭਗ 50 ਗੱਤਕਾ ਕੋਚਾਂ ਵਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਹਨਾਂ ਦੀ ਪਰਖ ਕਰਨ ਤੋਂ ਬਾਅਦ ਹੀ ਗੱਤਕਾ ਕੋਚਾਂ ਨੂੰ ਰੈਫਰੀ, ਜੱਜ ਜਾਂ ਕੋਚ ਦੀ ਟੈ੍ਰਨਿੰਗ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਟ੍ਰੇਨਿੰਗ ਕੈਂਪ ਦੌਰਾਨ ਹੀ ਰੈਫਰੀਆਂ ਅਤੇ ਜੱਜਾਂ ਦੀ ਗੇ੍ਰਡਿੰਗ ਵੀ ਕੀਤੀ ਗਈ ਹੈ ਜਿਸ ਦੌਰਾਨ ਲਗਭਗ 10 ਕੋਚਾਂ ਨੂੰ ਨੈਸ਼ਨਲ ਪੱਧਰ ਦੇ ਰੈਫਰੀ ਅਤੇ ਜੱਜ ਬਨਣ ਤੇ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਬਾਕੀ ਕੋਚਾਂ ਨੂੰ ਵੀ ਸਿਖਲਾਈ ਸਰਟੀਫ਼ਿਕੇਟ ਜਾਰੀ ਕੀਤੇ ਜਾਣਗੇ।
ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਵਿੱਚ ਵਿਸ਼ੇਸ ਤੌਰ ’ਤੇ ਕਨੇਡਾ ਤੋਂ ਪੁੱਜੇ ਸ੍ਰ. ਜਨਮਜੀਤ ਸਿੰਘ, ਜੋ ਕਿ ਨਾਰਥ ਅਮਰੀਕਾ ਦੇ ਟੈਕਨੀਕਲ ਕੋਆਰੀਨੇਟਰ ਅਤੇ ਨੈਸ਼ਨਲ ਗੱਤਕਾ ਐਸੋਸ਼ੀਏਸਨ ਆਫ ਕਨੇਡਾ ਦੇ ਸਕੱਤਰ ਨੇ ਭਾਗ ਲੈਣ ਆਏ ਕੋਚਾਂ, ਰੈਫਰੀਆ ਅਤੇ ਜੱਜਾਂ ਨਾਲ ਗੱਤਕੇ ਦੇ ਗੁਰ ਸਾਂਝੇ ਕੀਤੇ। ਉਹਨਾਂ ਵਲੋਂ ਪੈ੍ਰਕਟੀਕਲ ਸੈਸ਼ਨ ਦੋਰਾਨ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਗਏ।
ਗੱਤਕਾ ਫੈੱਡਰੇਸ਼ਨ ਯੂ.ਐੱਸ.ਏ ਦੇ ਫਾਈਨੈਂਸ ਸੈਕਟਰੀ ਸ੍ਰ. ਕਲਵਿੰਦਰ ਸਿੰਘ ਰਾਏ, ਸੀਨੀਅਰ ਕੋਚ ਸ੍ਰ. ਬਲਜਿੰਦਰ ਸਿੰਘ ਅਤੇ ਸੁਜਾਨ ਸਿੰਘ ਨੇ ਦੱਸਿਆ ਕਿ ਇਸ ਦੂਜੇ ਨੈਸ਼ਨਲ ਕੈਂਪ ਦੋਰਾਨ ਬੀਬੀਆਂ ਵਲੋਂ ਵੀ ਕੈਂਪ ਵੀ ਸ਼ਮੂਲੀਅਤ ਕੀਤੀ ਗਈ ਅਤੇ ਭਵਿੱਖ ਵਿੱਚ ਫੈੱਡਰੇਸ਼ਨ ਵਲੋਂ ਇਹੋ ਜਿਹੇ ਹੋਰ ਨੈਸ਼ਨਲ ਕੋਚਿੰਗ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਵੇਗਾ ਤਾਂ ਜੋ ਅਮਰੀਕਾ ਵਿੱਚ ਹੋਰ ਕੋਚ ਰੈਫਰੀ ਅਤੇ ਜੱਜ ਤਿਆਰ ਹੋ ਸਕਣ।
ਕੈਂਪ ਦੀ ਸਮਾਪਤੀ ਦੌਰਾਨ ਡਾ. ਦੀਪ ਸਿੰਘ ਅਤੇ ਸ੍ਰ. ਦਲੇਰ ਸਿੰਘ ਵਲੋਂ ਸ੍ਰ. ਜਨਮਜੀਤ ਸਿੰਘ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਕੋਚਾਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ।