
ਵਿਜੈ ਗਰਗ
ਪੌਲੀਟੈਕਨਿਕ ਉਸ ਸਿੱਖਿਆ ਅਦਾਰੇ ਜਾਂ ਕਾਲਜ ਨੂੰ ਕਿਹਾ ਜਾਂਦਾ ਹੈ, ਜਿੱਥੇ ਦਸਵੀਂ ਜਾਂ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਕਿੱਤਾਮੁਖੀ ਜਾਂ ਵਧੇਰੇ ਪ੍ਰੈਕਟੀਕਲ ਟ੍ਰੇਨਿੰਗ ਵਾਲੇ ਕੋਰਸ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਨੂੰ ਪੂਰਾ ਕਰਨ ਉਪਰੰਤ ਨੌਜਵਾਨ ਸਬੰਧਤ ਖੇਤਰ ’ਚ ਕਈ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਜਾਂ ਆਪਣਾ ਕੋਈ ਕੰਮ ਸ਼ੁਰੂ ਕਰ ਸਕਦੇ ਹਨ। ਇਹ ਕੋਰਸ ਜ਼ਿਆਦਾਤਰ ਤਿੰਨ ਸਾਲਾਂ ਦੇ ਹੁੰਦੇ ਹਨ ਪਰ ਕੁਝ ਡਿਪਲੋਮੇ ਜਾਂ ਪੋਸਟ ਡਿਪਲੋਮੇ (ਖ਼ਾਸ ਕਰਕੇ ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ) ਦੋ ਸਾਲਾਂ ਦੇ ਹੁੰਦੇ ਹਨ, ਜਿਵੇਂ ਫਾਰਮੇਸੀ। ਕੋਰਸ ਪੂਰਾ ਕਰਨ ਉਪਰੰਤ ਵਿਦਿਆਰਥੀ ਨੂੰ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਟੀ ਤੋਂ ਡਿਪਲੋਮੇ ਦਾ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ। ਬਿ੍ਰਟੇਨ ਵਰਗੇ ਕਈ ਮੁਲਕਾਂ ’ਚ ਪੌਲੀਟੈਕਨਿਕ ਕਾਲਜਾਂ ਨੂੰ ਯੂਨੀਵਰਸਿਟੀ ਦਾ ਦਰਜਾ ਪ੍ਰਾਪਤ ਹੈ।
ਪੌਲੀਟੈਕਨਿਕ ਅਦਾਰੇ ’ਚ ਸਿੱਖਿਆ ਦਾ ਬਹੁਤ ਮਹੱਤਵ
ਹੁਣ ਸਵਾਲ ਉੱਠਦਾ ਹੈ ਕਿ ਇਨ੍ਹਾਂ ਬਹੁ-ਤਕਨੀਕੀ ਕਾਲਜਾਂ ’ਚ ਦਾਖ਼ਲਾ ਕੌਣ ਲਵੇਗਾ? ਸਾਡੇ ਮੁਲਕ ’ਚ ਅਣਗਿਣਤ ਡਿਗਰੀ ਕਾਲਜ, ਬੀਟੈੱਕ ਕਾਲਜ ਤੇ ਹੋਰ ਰਾਸ਼ਟਰੀ ਸੰਸਥਾਵਾਂ ਤੇ ਪ੍ਰਾਈਵੇਟ ਯੂਨੀਵਰਸਟੀਆਂ ਹਨ, ਉੱਥੇ ਸੀਟਾਂ ਦੀ ਭਰਮਾਰ ਹੈ। ਜੋ ਵਿਦਿਆਰਥੀ ਦਸਵੀਂ ਤੋਂ ਬਾਅਦ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਲੋਚਦਾ ਹੈ, ਆਪਣਾ ਕਰੀਅਰ ਸੰਵਾਰਨਾ ਚਾਹੁੰਦਾ ਹੈ, ਪ੍ਰੈਕਟੀਕਲ ’ਚ ਕੁਝ ਨਵਾਂ ਤਜਰਬਾ ਕਰਨਾ ਚਾਹੁੰਦਾ ਹੈ, ਉਸ ਲਈ ਕਿਸੇ ਮਾਨਤਾ ਪ੍ਰਾਪਤ ਪੌਲੀਟੈਕਨਿਕ ਅਦਾਰੇ ਵਿਚ ਸਿੱਖਿਆ ਦਾ ਬਹੁਤ ਮਹੱਤਵ ਹੈ। ਆਪਣੇ ਮਨਪੰਸਦ ਖੇਤਰ ’ਚ ਡਿਪਲੋਮੇ ਦਾ ਕੋਰਸ ਕਰ ਕੇ ਤਿੰਨ ਸਾਲਾਂ ’ਚ ਹੀ ਪਰਿਵਾਰ ਨੂੰ ਸੰਭਾਲਣ ਜਾਂ ਪੈਸਾ ਕਮਾਉਣ ਦੇ ਕਾਬਿਲ ਹੋ ਜਾਂਦਾ ਹੈ। ਦੂਜੇ ਪਾਸੇ ਜੇ ਵਿਦਿਆਰਥੀ ਨੂੰ ਕਰੀਅਰ ਨਿਖਾਰਨ ਦੀ ਕਾਹਲ ਨਹੀਂ, ਉਸ ਦਾ ਪਰਿਵਾਰ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਸੰਪੰਨ ਹੈ, ਤਾਂ ਉਹ ਬੀਟੈੱਕ, ਐਮਟੈੱਕ, ਐੱਮਏ, ਬੀਐੱਡ, ਐੱਲਐੱਲਬੀ, ਪੀਐੱਚ.ਡੀ ਵਰਗੀ ਉੱਚ ਸਿੱਖਿਆ ਜਾਂ ਕਿਸੇ ਹੋਰ ਮਨਪਸੰਦ ਦੇ ਖੇਤਰ ’ਚ ਜਾਣ ਬਾਰੇ ਸੋਚ ਸਕਦਾ ਹੈ। ਇਨ੍ਹਾਂ ਖੇਤਰਾਂ ਵਿਚ ਔਸਤਨ ਪੜ੍ਹਾਈ ਦੀ ਮਿਆਦ ਲੰਬੀ ਹੁੰਦੀ ਹੈ। ਨੌਕਰੀ ਤਕ ਪੁਹੰਚਣ ਲਈ ਸਮਾਂ ਜ਼ਿਆਦਾ ਲਗਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪੌਲੀਟੈਕਨਿਕ ’ਚ ਹਾਸਿਲ ਕੀਤੀ ਵਿੱਦਿਆ ਰਾਹੀਂ ਵੀ ਬੀਟੈੱਕ, ਐੱਮਟੈੱਕ ਜਾਂ ਪੀਐੱਚ.ਡੀ ਦੇ ਸਿਖ਼ਰ ਤਕ ਪਹੁੰਚ ਸਕਦੇ ਹੋ। ਅਜਿਹੀਆਂ ਅਨੇਕਾਂ ਉਦਾਹਰਨਾਂ ਹਨ, ਜਿੱਥੇ ਵਿਦਿਆਰਥੀ ਡਿਪਲੋਮਾ ਕਰਨ ਤੋਂ ਬਾਅਦ ਬੀਟੈੱਕ, ਫਿਰ ਐੱਮਟੈੱਕ ਤੇ ਫਿਰ ਪੀਐੱਚ.ਡੀ ਕਰ ਕੇ ਸਮਾਜ ’ਚ ਚੰਗਾ ਯੋਗਦਾਨ ਪਾ ਰਹੇ ਹਨ ਤੇ ਮਲਟੀ ਨੈਸ਼ਨਲ ਕੰਪਨੀਆਂ ਅਤੇ ਯੂਨੀਵਰਸਟੀਆਂ ਵਿਚ ਸਿਖ਼ਰਲੇ ਅਹੁਦਿਆਂ ’ਤੇ ਬੈਠੇ ਹਨ।
ਉਚੇਰੀ ਸਿੱਖਿਆ ਦੇ ਸਮਾਂਤਰ ਪਲੈਟਫਾਰਮ ਹੁੰਦਾ ਮੁਹੱਈਆ
ਪੌਲੀਟੈਕਨਿਕ ਦਾ ਖੇਤਰ ਤੁਹਾਨੂੰ ਉਚੇਰੀ ਸਿੱਖਿਆ ਦੇ ਸਮਾਂਤਰ ਪਲੈਟਫਾਰਮ ਮੁਹੱਈਆ ਕਰਵਾਉਂਦਾ ਹੈ। ਡਿਪਲੋਮੇ ਦੀਆਂ ਫੀਸਾਂ ਵੀ ਬੀਟੈੱਕ ਜਾਂ ਦੂਜੇ ਡਿਗਰੀ ਕੋਰਸਾਂ ਮੁਕਾਬਲੇ ਘੱਟ ਹਨ। ਮੱਧਵਰਗੀ ਜਾਂ ਨਿਮਨ ਵਰਗੀ ਪਰਿਵਾਰ ਦੇ ਲੋਕ ਆਪਣੇ ਖ਼ਰਚਿਆਂ ’ਚੋਂ ਨਿਗੁਣੀ ਜਿਹੀ ਕਟੌਤੀ ਕਰ ਕੇ ਆਪਣੇ ਬੱਚਿਆਂ ਨੂੰ ਪੌਲੀਟੈਕਨਿਕ ਰਾਹੀਂ ਸਫਲ ਇੰਜੀਨੀਅਰ ਦਾ ਜਾਮਾ ਪਹਿਨਾ ਸਕਦੇ ਹਨ। ਆਪਣੇ ਸੁਪਨਿਆਂ ਨੂੰ ਉਡਾਣ ਦੇ ਸਕਦੇ ਹਨ। ਇਸ ਤੋਂ ਇਲਾਵਾ ਪੌਲੀਟੈਕਨਿਕ ’ਚ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕਿਸੇ ਇੰਡਸਟਰੀ ’ਚ ਪਾਰਟ ਟਾਈਮ ਕੰਮ ਵੀ ਕਰ ਸਕਦੇ ਹਨ ਤੇ ਆਪਣੀਆਂ ਫੀਸਾਂ ਦੇ ਵੱਡੇ ਹਿੱਸੇ ਦਾ ਇੰਤਜ਼ਾਮ ਆਪਣੇ ਬਲਬੂਤੇ ’ਤੇ ਕਰ ਸਕਦੇ ਹਨ। ਜਿਹੜੇ ਐੱਸਸੀ ਜਾਂ ਐੱਸਟੀ ਵਿਦਿਆਰਥੀ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਪਹਿਲਾ ਹੀ ਫੀਸਾਂ ਵਿਚ ਛੋਟ ਦਿੱਤੀ ਹੋਈ ਹੈ।
ਸੁਪਨੇ ਹੋਣਗੇ ਸਾਕਾਰ
ਪੌਲੀਟੈਕਨਿਕ ਸਿੱਖਿਆ ਨਾਲ ਸਿਰਫ਼ ਉੱਚ ਸਿੱਖਿਆ ਜਾਂ ਚੰਗੀ ਨੌਕਰੀ ਹੀ ਹਾਸਿਲ ਨਹੀਂ ਕੀਤੀ ਜਾਂਦੀ, ਇਸ ਨਾਲ ਅੰਦਰ ਛੁਪਿਆ ਹੋਇਆ ਹੁਨਰ ਵੀ ਨਿਖਰਦਾ ਹੈ। ਜੋ ਵਿਦਿਆਰਥੀ ਆਪਣੇ ਮਨਪਸੰਦ ਦੇ ਖੇਤਰ ’ਚ ਕੋਈ ਛੋਟੀ ਮੋਟੀ ਇੰਡਸਟਰੀ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਪੌਲੀਟੈਕਨਿਕ ਸਫਲਤਾ ਦੀ ਗਾਰੰਟੀ ਵਾਲਾ ਮਾਰਗ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਹੁਨਰ ਚੁਣਨ, ਉਸ ਨਾਲ ਇਨਸਾਫ਼ ਕਰਨ। ਉਸ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਸਿੱਖਣ। ਪ੍ਰੈਕਟੀਕਲ ਟ੍ਰੇਨਿੰਗ ਪੂਰੀ ਲਗਨ ਨਾਲ ਹਾਸਿਲ ਕਰੋ। ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ। ਵੱਧ ਤੋਂ ਵੱਧ ਫੀਲਡ ਜਾਂ ਇੰਡਸਟਰੀ ਦਾ ਤਜਰਬਾ ਲਓ। ਤੁਹਾਨੂੰ ਮੰਜ਼ਿਲ ਜ਼ਰੂਰ ਪ੍ਰਾਪਤ ਹੋਵੇਗੀ ਅਤੇ ਤੁਹਾਡੇ ਸੁਪਨੇ ਸਾਕਾਰ ਹੋਣਗੇ।
ਚੁਣੌਤੀਪੂਰਨ ਵਿਦਿਆਰਥੀਆਂ ਲਈ ਕਾਰਗਰ
ਪੌਲੀਟੈਕਨਿਕ ਦੀ ਪੜ੍ਹਾਈ ਵਿਚ ਵਧੇਰੇ ਡਰਾਇੰਗ ਅਤੇ ਪ੍ਰੈਕਟੀਕਲ ਵਰਕ ਸ਼ਾਮਿਲ ਹੁੰਦਾ ਹੈ ਤੇ ਥਿਊਰੀ ਘੱਟ ਹੁੰਦੀ ਹੈ। ਔਸਤ ਪ੍ਰਤਿਭਾ ਵਾਲੇ ਵਿਦਿਆਰਥੀ ਵੀ ਪੌਲੀਟੈਕਨਿਕ ਵਿੱਦਿਆ ਅਸਾਨੀ ਨਾਲ ਹਾਸਿਲ ਕਰ ਲੈਂਦੇ ਹਨ। ਪਿੰਡਾਂ ’ਚ ਰਹਿਣ ਵਾਲੇ ਵਿਦਿਆਰਥੀਆਂ ਲਈ ਤਾਂ ਤਕਨੀਕੀ ਸਿੱਖਿਆ ਰਾਮਬਾਣ ਹੈ। ਉਹ ਲੈਬ ਪ੍ਰੈਕਟੀਕਲ, ਵਰਕਸ਼ਾਪ ਟ੍ਰੇਨਿੰਗ ਅਤੇ ਪ੍ਰਾਜੈਕਟ ਵਰਕ ’ਚ ਹਮੇਸ਼ਾ ਮੋਹਰੀ ਹੁੰਦੇ ਹਨ। ਇਸੇ ਤਰ੍ਹਾਂ ਲੜਕੀਆਂ ਅਤੇ ਚੁਣੌਤੀਪੂਰਨ ਵਿਦਿਆਰਥੀਆਂ ਲਈ ਵੀ ਡਿਪਲੋਮੇ ਦੀ ਪੜ੍ਹਾਈ ਬੜੀ ਕਾਰਗਰ ਹੈ। ਵਿਦਿਆਰਥੀਆਂ ਦੀ ਮਦਦ ਵਾਸਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਨੇ ਇਸ ਸੈਸ਼ਨ ਤੋਂ ਡਿਪਲੋਮੇ ਦੀਆਂ ਕਿਤਾਬਾਂ ਨੂੰ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ’ਚ ਛਾਪਣ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਬੋਰਡ ਵਧਾਈ ਦਾ ਹੱਕਦਾਰ ਹੈ। ਇਸ ਨਾਲ ਪੇਂਡੂ ਤੇ ਪੱਛੜਿਆਂ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਮਦਦ ਮਿਲੇਗੀ। ਜਿਹੜੇ ਵਿਦਿਆਰਥੀ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਪੜ੍ਹਾਈ ਕਰਦੇ ਹਨ, ਉਨ੍ਹਾਂ ਲਈ ਵੀ ਪੌਲੀਟੈਕਨਿਕ ਸਿੱਖਿਆ ਦਾ ਵਿਸ਼ੇਸ਼ ਮੱਹਤਵ ਹੈ।
ਵਿਜੈ ਗਰਗ ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ