53ਵੀਂ ਸਟ੍ਰੀਟ ਸਬਵੇਅ ਸਟੇਸ਼ਨ ’ਤੇ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਪੁਲਿਸ ਵੱਲੋਂ ਸ਼ੱਕੀ ਦੀ ਭਾਲ ਜਾਰੀ

53ਵੀਂ ਸਟ੍ਰੀਟ ਸਬਵੇਅ ਸਟੇਸ਼ਨ ’ਤੇ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਪੁਲਿਸ ਵੱਲੋਂ ਸ਼ੱਕੀ ਦੀ ਭਾਲ ਜਾਰੀ

ਮਿਡਟਾਊਨ, ਮੈਨਹਟਨ (ਅਰਜਨ ਰਿਆੜ, ਧੀਰਜ ਛੋਕਰਾਂ)- ਪੁਲਿਸ ਅਨੁਸਾਰ, ਸ਼ਨੀਵਾਰ ਨੂੰ ਸੈਵਨਥ ਐਵੇਨਿਊ-53ਵੀਂ ਸਟ੍ਰੀਟ ਸਬਵੇਅ ਸਟੇਸ਼ਨ ’ਤੇ ਟ੍ਰੇਨ ਦੇ ਪਲੇਟਫ਼ਾਰਮ (ਜੋ ਉੱਤਰ ਵੱਲ ਜਾਣ ਵਾਲੀਆਂ ਟ੍ਰੇਨਾਂ ਲਈ ਹੈ) ’ਤੇ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਦੁਪਹਿਰ 12:30 ਵਜੇ ਤੋਂ ਕੁਝ ਸਮਾਂ ਪਹਿਲਾਂ ਵਾਪਰੀ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਪੀੜਤ ਅਤੇ ਸ਼ੱਕੀ ਵਿਚਕਾਰ ਪਲੇਟਫ਼ਾਰਮ ’ਤੇ ਬਹਿਸ ਹੋਈ ਸੀ। ਇਹ ਝਗੜਾ ਫਿਰ ਟ੍ਰੇਨ ਦੇ ਅੰਦਰ ਅਤੇ ਵਾਪਸ ਪਲੇਟਫਾਰਮ ’ਤੇ ਪਹੁੰਚ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਜਾਂਚ ਕਰ ਰਹੇ ਹਨ ਕਿ ਗੋਲੀਆਂ ਪਲੇਟਫ਼ਾਰਮ ’ਤੇ ਚਲਾਈਆਂ ਗਈਆਂ ਸਨ ਜਾਂ ਟ੍ਰੇਨ ਦੇ ਅੰਦਰ। ਪੀੜਤ ਨੂੰ ਗੰਭੀਰ ਹਾਲਤ ਵਿੱਚ ਬੇਲੇਵਿਊ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਪੁਲਿਸ ਨੇ ਉਸਦੀ ਮੌਤ ਦੀ ਪੁਸਟੀ ਕੀਤੀ। ਉਸਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਉਸਦੀ ਉਮਰ 30 ਤੋਂ 40 ਸਾਲ ਦੇ ਵਿਚਕਾਰ ਸੀ। ਮਿਲਰ ਨਾਮ ਦੀ ਇੱਕ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਸਦੀ ਧੀ ਦਾ ਸਾਹਮਣਾ ਸਿੱਧਾ ਹਮਲਾਵਰ ਨਾਲ ਹੋਇਆ ਸੀ। ਉਸਨੇ ਕਿਹਾ, “ਅਸੀਂ ਪੰਜ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਮੇਰੀ ਧੀ ਨੇ ਕਿਹਾ, ‘ਹੇ ਰੱਬਾ, ਉਹ ਰਿਹਾ ਹਮਲਾਵਰ!’’ ਇਸ ਘਟਨਾ ਕਾਰਨ ਸਬਵੇਅ ਸੇਵਾ ਪ੍ਰਭਾਵਿਤ ਹੋਈ। ਮੀਡੀਆ ਰਿਪੋਰਟਾਂ ਅਨੁਸਾਰ, ਉੱਤਰ ਵੱਲ ਜਾਣ ਵਾਲੀਆਂ ਟ੍ਰੇਨਾਂ ਵੈੱਸਟ ਫੋਰਥ ਸਟ੍ਰੀਟ ਤੋਂ ਜੈਕਸਨ ਹਾਈਟਸ-ਰੂਜ਼ਵੈਲਟ ਐਵੇਨਿਊ ਤੱਕ ਲਾਈਨ ਰਾਹੀਂ ਚਲਾਈਆਂ ਜਾ ਰਹੀਆਂ ਸਨ। ਉੱਤਰ ਵੱਲ ਜਾਣ ਵਾਲੀਆਂ ‘ਸੀ’ ਅਤੇ ‘ਡੀ’ ਟ੍ਰੇਨਾਂ ਸੈਵਨਥ ਐਵੇਨਿਊ ਤੋਂ ਨਹੀਂ ਲੰਘ ਰਹੀਆਂ ਸਨ। ਖਬਰ ਲਿਖੇ ਜਾਣ ਤੱਕ ਕਿਸੇ ਦੀ ਗਿ੍ਰਫ਼ਤਾਰੀ ਨਹੀਂ ਹੋਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਸ਼ੱਕੀ ਨੂੰ ਆਖਰੀ ਵਾਰ 7ਵੇਂ ਐਵੇਨਿਊ ’ਤੇ ਉੱਤਰ ਵੱਲ ਜਾਂਦੇ ਦੇਖਿਆ ਗਿਆ ਸੀ। ਉਸਨੇ ਲਾਲ ਰੰਗ ਦਾ ਟ੍ਰੈਕਸੂਟ, ਕਾਲੀ ਵੈਸਟ (ਬਨੈਣ) ਅਤੇ ਚਿਹਰੇ ’ਤੇ ਕਾਲਾ ਮਾਸਕ ਪਾਇਆ ਹੋਇਆ ਸੀ ਅਤੇ ਉਸ ਕੋਲ ਇੱਕ ਬੈਕਪੈਕ (ਪਿੱਠ ’ਤੇ ਲਟਕਣ ਵਾਲਾ ਬੈਗ) ਸੀ। ਪੁਲਿਸ ਨੂੰ ਅਜੇ ਤੱਕ ਕੋਈ ਹਥਿਆਰ ਨਹੀਂ ਮਿਲਿਆ ਹੈ।