
ਪ੍ਰਧਾਨ ਮੰਤਰੀ ਦਾ ਰਾਹ ਰੋਕਣ ਦਾ ਮਾਮਲਾ
ਫ਼ਿਰੋਜ਼ਪੁਰ,(ਪੰਜਾਬੀ ਰਾਈਟਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਸਾਲ ਪਹਿਲਾਂ ਫ਼ਿਰੋਜ਼ਪੁਰ ਫ਼ੇਰੀ ਦੌਰਾਨ ਰਾਹ ਰੋਕਣ ਦੇ ਮਾਮਲੇ ’ਤੇ ਪੁਲੀਸ ਵੱਲੋਂ 25 ਕਿਸਾਨ ਆਗੂਆਂ ਸਣੇ 150 ਦੇ ਕਰੀਬ ਹੋਰਨਾਂ ਕਿਸਾਨਾਂ ’ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਰੱਦ ਕਰਵਾਉਣ ਲਈ ਅੱਜ ਇਥੇ ਐੱਸਐੱਸਪੀ ਦਫ਼ਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਆਗੂਆਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀ ਇੱਕ ਅਦਾਲਤ ਵੱਲੋਂ ਇਸ ਕੇਸ ਵਿਚ ਨਾਮਜ਼ਦ ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ ਜੋ ਸਾਜ਼ਿਸ਼ ਦਾ ਹਿੱਸਾ ਹੈ।
ਆਗੂਆਂ ਨੇ ਦੱਸਿਆ ਕਿ ਜਿਸ ਦਿਨ ਪ੍ਰਧਾਨ ਮੰਤਰੀ ਨੇ ਫ਼ਿਰੋਜ਼ਪੁਰ ਆਉਣਾ ਸੀ, ਉਸ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਹੈਡਕੁਆਰਟਰ ’ਤੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਪਹਿਲਾਂ ਹੀ ਉਲੀਕਿਆ ਗਿਆ ਸੀ। ਇਸ ਤੋਂ ਬਾਅਦ ਅਚਾਨਕ ਪ੍ਰਧਾਨ ਮੰਤਰੀ ਦਾ ਬਠਿੰਡੇ ਤੋਂ ਫ਼ਿਰੋਜ਼ਪੁਰ ਤੱਕ ਆਉਣ ਦਾ ਪ੍ਰੋਗਰਾਮ ਹੈਲੀਕਾਪਟਰ ਦੀ ਬਜਾਏ ਸੜਕ ਮਾਰਗ ਰਾਹੀਂ ਆਉਣ ਵਿਚ ਤਬਦੀਲ ਹੋ ਗਿਆ। ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਗੱਡੀਆਂ ਰਾਹੀਂ ਫ਼ਿਰੋਜ਼ਪੁਰ ਦਾਖ਼ਲ ਹੋਇਆ ਤਾਂ ਉਸ ਵਕਤ ਕਿਸਾਨਾਂ ਦਾ ਕਾਫ਼ਲਾ ਵੀ ਫ਼ਿਰੋਜ਼ਪੁਰ ਵੱਲ ਆ ਰਿਹਾ ਸੀ। ਇਸ ਦੌਰਾਨ ਪੁਲੀਸ ਨੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਲੰਘਾਉਣ ਲਈ ਸਾਰੇ ਕਿਸਾਨਾਂ ਨੂੰ ਸੜਕ ਦੇ ਪਾਸੇ ਕਰ ਦਿੱਤਾ ਪਰ ਕਾਫ਼ਲਾ ਕਰੀਬ ਇੱਕ ਕਿਲੋਮੀਟਰ ਪਿੱਛੇ ਹੀ ਰੁਕ ਗਿਆ ਤੇ ਕੁਝ ਚਿਰ ਮਗਰੋਂ ਵਾਪਸ ਮੁੜ ਗਿਆ। ਇਸ ਦੌਰਾਨ ਉਥੇ ਕਿਸੇ ਕਿਸਮ ਦਾ ਕੋਈ ਟਕਰਾਅ ਨਹੀਂ ਹੋਇਆ। ਇਸ ਦੇ ਬਾਵਜੂਦ ਕਿਸਾਨਾਂ ਉਪਰ ਇਰਾਦਾ ਕਤਲ ਜਿਹੀਆਂ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਜਥੇਬੰਦੀ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਕਿਸਾਨਾਂ ’ਤੇ ਜ਼ੁਲਮ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਬੰਦੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਨੇ ਵੀ ਕਿਸਾਨਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਅਤੇ ਇਹ ਕੇਸ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਧਰਨਿਆਂ ਨੂੰ ਤਾਰਪੀਡੋ ਕਰਨ ਲਈ ਸਰਕਾਰਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਮਾ, ਗਰਮੀਤ ਸਿੰਘ ਮਹਿਮਾ ਅਤੇ ਭਾਨਾ ਸਿੱਧੂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਜਨਤਾ ਵੀ ਭਗਵੰਤ ਮਾਨ ਨੂੰ ਉਸੇ ਤਰ੍ਹਾਂ ਸਬਕ ਸਿਖਾਵੇਗੀ, ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਨੂੰ ਸਬਕ ਸਿਖਾਇਆ ਹੈ।