ਦੁਨੀਆਂ ’ਤੇ ਮੰਡਰਾਉਣ ਲੱਗਾ ਤੀਜੀ ਸੰਸਾਰ ਜੰਗ ਦਾ ਖ਼ਤਰਾ!

ਦੁਨੀਆਂ ’ਤੇ ਮੰਡਰਾਉਣ ਲੱਗਾ ਤੀਜੀ ਸੰਸਾਰ ਜੰਗ ਦਾ ਖ਼ਤਰਾ!

ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਬਣ ਸਕੀ ਅਤੇ ਜੰਗਾਂ ਦਾ ਅੰਦਾਜ਼ਾ ਵੀ ਕਦੇ ਸਹੀ ਨਹੀਂ ਲੱਗ ਸਕਿਆ। ਜਿੱਥੇ ਕਿਤੇ ਵੀ ਦੁਨੀਆਂ ’ਚ ਮਸਲੇ ਹੱਲ ਹੋਏ ਹਨ ਉਹ ਹਮੇਸ਼ਾ ਹੀ ਗੱਲਬਾਤ ਰਾਹੀਂ ਹੀ ਸਿਰੇ ਚੜੇ ਹਨ। ਜੰਗ ਤਬਾਹੀ ਦਾ ਦੂਜਾ ਨਾਮ ਹੈ, ਜਿਸ ਦਾ ਮਕਸਦ ਸਿਰਫ਼ ’ਤੇ ਸਿਰਫ ਉਜਾੜਾ ਹੀ ਹੁੰਦਾ ਹੈ। ਕਈ ਵਾਰ ਕਿਸੇ ਤਾਕਤਵਰ ਨੂੰ ਭੁਲੇਖ਼ਾ ਪੈ ਜਾਂਦਾ ਹੈ ਕਿ ਉਹ ਆਪਣੀ ਕਮਜ਼ੋਰ ਵਿਰੋਧੀ ਨੂੰ ਜੰਗ ਨਾਲ ਨਸ਼ਟ ਕਰ ਦੇਵੇਗਾ ਪਰ ਅਜਿਹਾ ਹੁੰਦਾ ਨਹੀਂ, ਤਾਕਤਵਰ ਆਪਣੇ ਕਮਜ਼ੋਰ ਵਿਰੋਧੀ ਨੂੰ ਨਸ਼ਟ ਕਰਦਾ ਕਰਦਾ ਖੁਦ ਕਮਜ਼ੋਰ ਹੋਣ ਲੱਗਦਾ ਹੈ। ਦੁਨੀਆਂ ਉੱਤੇ ਬੇਅੰਤ ਜੰਗਾਂ ਹੋਈਆਂ ਹਨ, ਬੇਸ਼ੁਮਾਰ ਜ਼ੁਲਮ ਵਰਤਿਆ ਅਤੇ ਮਨੁੱਖਤਾ ਦਾ ਬੇਸ਼ੁਮਾਰ ਨੁਕਸਾਨ ਹੋਇਆ ਪਰ ਮਨੁੱਖ ਦੀ ਦੂਜੇ ਉੱਪਰ ਧੌਂਸ ਜਮਾਉਣ ਦੀ ਪ੍ਰਵਿਰਤੀ ਨੇ ਦੁਨੀਆਂ ’ਚ ਕਦੇ ਵੀ ਸ਼ਾਂਤੀ ਨਹੀਂ ਹੋਣ ਦਿੱਤੀ। ਵਿਗਿਆਨੀਆਂ ਨੇ ਹਥਿਆਰਾਂ ਦੀਆਂ ਖੋਜਾਂ ਕਰ ਕੇ ਦੁਨੀਆਂ ਨੂੰ ਬਰੂਦ ਦੇ ਢੇਰ ਉੱਤੇ ਬਿਠਾ ਦਿੱਤਾ। ਪ੍ਰਮਾਣੂ ਬੰਬ ਦੀ ਉਤਪਤੀ ਤੋਂ ਬਾਅਦ ਤਾਂ ਸਮਝੋ ਧਰਤੀ ਧਮਾਕੇ ਦੇ ਰਹਿਮੋ ਕਰਨ ਉੱਤੇ ਹੀ ਹੈ। ਜਿਹੜੇ ਜਿਹੜੇ ਵੀ ਦੇਸ਼ਾਂ ਕੋਲ ਪ੍ਰਮਾਣੂ ਸ਼ਕਤੀ ਹੈ ਉਹ ਬਾਕੀ ਦੁਨੀਆਂ ਨੂੰ ਥੱਲੇ ਲਾਉਣ ਲਈ ਕਦੇ ਨਾ ਕਦੇ ਦਮਗਜ਼ਾ ਮਾਰ ਹੀ ਦਿੰਦੇ ਹਨ। ਅਮਰੀਕਾ ਆਪਣੇ ਆਪ ਨੂੰ ਦੁਨੀਆਂ ਦਾ ਸਰਪੰਚ ਮੁਲਕ ਕਹਾਉਂਦਾ ਹੈ। ਇਸ ਮੁਲਕ ਕੋਲ ਅਥਾਹ ਜੰਗੀ ਸ਼ਕਤੀ ਹੈ ਅਤੇ ਆਰਥਿਕ ਪੱਖੋਂ ਵੀ ਇਹ ਬਹੁਤ ਹੀ ਜ਼ਿਆਦਾ ਮਜ਼ਬੂਤ ਹੈ। ਲਗਭਗ ਦੁਨੀਆਂ ਦੇ ਹਰ ਮਸਲੇ ਵਿਚ ਇਸਦੀ ਸ਼ਮੂਲੀਅਤ ਜ਼ਰੂਰ ਹੁੰਦੀ ਹੈ। ਅਮਰੀਕਾ ਹਥਿਆਰਾਂ ਦਾ ਬਹੁਤ ਵੱਡਾ ਉਤਪਾਦਕ ਦੇਸ਼ ਹੈ। ਪੂਰੀ ਦੁਨੀਆਂ ਦੇ ਦੇਸ਼ ਅਮਰੀਕਾ ਤੋਂ ਹਥਿਆਰ ਖਰੀਦਦੇ ਹਨ ਜਿਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ। ਏਨਾ ਜ਼ਿਆਦਾ ਸ਼ਕਤੀਸ਼ਾਲੀ ਦੇਸ਼ ਹੋਣ ਦੇ ਬਾਵਜੂਦ ਵੀ ਅਮਰੀਕਾ ਉੱਤੇ ਅੱਤਵਾਦੀ ਹਮਲਾ ਹੋ ਗਿਆ, ਪਾਠਕਾਂ ਨੂੰ ਯਾਦ ਹੋਵੇਗਾ ਕਿ ਸੰਨ 2001 ’ਚ ਨਿਊਯਾਰਕ ਦੇ ਜੁੜਵੇਂ ਟਾਵਰਾਂ ਉੱਤੇ ਹਵਾਈ ਜਹਾਜ਼ਾਂ ਨਾਲ ਬਹੁਤ ਹੀ ਖ਼ਤਰਕਨਾਕ ਹਮਲਾ ਕੀਤਾ ਗਿਆ ਸੀ ਜਿਸ ਵਿਚ ਦੋਵੇਂ ਇਮਾਰਤਾਂ ਤਬਾਹ ਹੋ ਗਈਆਂ ਸਨ ਅਤੇ ਸੈਂਕੜੇ ਲੋਕ ਮਾਰੇ ਗਏ ਤੇ ਬਹੁਤ ਕੁਝ ਨਸ਼ਟ ਹੋ ਗਿਆ ਸੀ। ਅਮਰੀਕਾ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਦੇ ਖਿਲਾਫ਼ ਕੋਈ ਵੀ ਸ਼ਕਤੀ ਐਡਾ ਵੱਡਾ ਹਮਲਾ ਕਰ ਸਕਦੀ ਹੈ। ਇਸ ਹਮਲੇ ਦਾ ਦੋਸ਼ੀ ਅਫ਼ਗਾਨਿਸਤਾਨ ਬੈਠੇ ਦੁਨੀਆਂ ਦੇ ਸ਼ਕਤੀਸ਼ਾਲੀ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਮੰਨਿਆ ਗਿਆ, ਇਸਦਾ ਬਦਲਾ ਲੈਣ ਲਈ ਅਮਰੀਕਾ ਨੇ ਅਫਗਾਨਿਸਤਾਨ ਵਿਚ ਤਬਾਹੀ ਮਚਾ ਦਿੱਤੀ। ਇਸ ਹਮਲੇ ਨਾਲ ਅਮਰੀਕਾ ਦੀ ਆਰਥਿਕਤਾ ਉੱਤੇ ਬਹੁਤ ਹੀ ਮਾੜਾ ਅਸਰ ਪਿਆ, ਅਮਰੀਕਾ ਦੇ ਅੰਦਰੋਂ ਇਸ ਲੜਾਈ ਦਾ ਵਿਰੋਧ ਹੋਣ ਲੱਗ ਪਿਆ, ਆਖਰ 20 ਸਾਲ ਬਾਅਦ ਸੰਨ 2021 ’ਚ ਅਮਰੀਕਾ ਨੇ ਆਪਣੀਆਂ ਫੌਜਾਂ ਅਫ਼ਗਾਨਿਤਾਨ ’ਚੋਂ ਵਾਪਸ ਬੁਲਾ ਲਈਆਂ ਅਤੇ ਜਦੋਂ ਇਸ ਦੌਰ ਦਾ ਲੇਖਾ ਜੋਖਾ ਕੀਤਾ ਗਿਆ ਤਾਂ ਨੁਕਸਾਨ ਤੋਂ ਇਲਾਵਾ ਕੁਝ ਵੀ ਨਾ ਨਿਕਲਿਆ। ਇਸੇ ਤਰਾਂ ਫ਼ਲਸਤੀਨ-ਹੱਮਾਸ-ਇਜ਼ਰਾਈਲ ਜੰਗ ਵਿਚ ਵੀ ਹੋ ਰਿਹਾ ਹੈ। ਇਕ ਦੂਜੇ ਦੀ ਹੋਂਦ ਨੂੰ ਖ਼ਤਮ ਕਰਨ ਲਈ ਜ਼ੁਲਮ ਦੀ ਇੰਤਹਾ ਕੀਤੀ ਜਾ ਰਹੀ ਹੈ। ਪਿਛਲੇ ਸਾਲ 7 ਅਕਤੂਬਰ 2023 ਨੂੰ ਹੱਮਾਸ ਵਲੋਂ ਇਜ਼ਰਾਈਲ ਉੱਪਰ ਕੀਤੇ ਜਾਨਲੇਵਾ ਹਮਲੇ ’ਚ ਸੁੱਤੇਸਿੱਧ ਹੀ ਬੇਕਸੂਰ ਇਜ਼ਰਾਈਲੀ ਬੱਚਿਆਂ, ਬਜ਼ੁਰਗਾਂ, ਔਰਤਾਂ ਮਰਦਾਂ ਦਾ ਕਤਲੇਆਮ ਕਰ ਦਿੱਤਾ ਸੀ। ਬਿਨਾਂ ਸ਼ੱਕ ਇਹ ਹਮਲਾ ਬਹੁਤ ਹੀ ਦਰਦਾਨ ਅਤੇ ਨਿੰਦਣਯੋਗ ਸੀ। ਇਸਦਾ ਬਦਲਾ ਲੈਣ ਲਈ ਇਜ਼ਰਾਈਲ ਨੇ ਵੀ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ, ਪਰ ਇਜ਼ਰਾਈਲ ਨੇ ਵੀ ਕਿਸੇ ਵੀ ਜੰਗੀ ਮਾਣ ਮਰਿਆਦਾ ਦਾ ਖ਼ਿਆਲ ਨਾ ਰੱਖਿਆ ਅਤੇ ਬਿਨਾਂ ਕਿਸੇ ਤਰਸ ਦੇ ਅੱਜ ਤੱਕ ਹਮਲੇ ਜਾਰੀ ਰੱਖੇ ਹੋਏ ਹਨ ਜਿਸ ਕਾਰਨ ਵੱਡੀ ਗਿਣਤੀ ’ਚ ਅਬਾਦੀ ਕਤਲ ਕੀਤੀ ਜਾ ਚੱੁਕੀ ਹੈ ਜਾਂ ਉਜਾੜੀ ਜਾ ਚੱੁਕੀ ਹੈ। ਅੱਜ ਦੇ ਸਮੇਂ ਦੀ ਸਭ ਤੋਂ ਚਰਚਿਤ ਲੜਾਈ ਯੂਕਰੇਨ-ਰਸ਼ੀਆ ਗਿਣੀ ਜਾ ਸਕਦੀ ਹੈ। ਯੂਕਰੇਨ ਦੇ ਸਬੰਧ ਪੱਛਮੀਂ ਮੁਲਕਾਂ ਭਾਵ ਯੂਰੋਪ, ਇੰਗਲੈਂਡ, ਕਨੇਡਾ ਅਤੇ ਅਮਰੀਕਾ ਨਾਲ ਹਮੇਸ਼ਾ ਹੀ ਬਹੁਤ ਹੀ ਸੁਖਾਵੇਂ ਰਹੇ ਹਨ ਜਦਕਿ ਰਸ਼ੀਆ ਦੀ ਇਹਨਾਂ ਦੇਸ਼ਾਂ ਨਾਲ ਹਮੇਸ਼ਾ ਕਾਂਟੇ ਦੀ ਟੱਕਰ ਰਹੀ ਹੈ। ਕਿਉਂਕਿ ਯੂਕਰੇਨ ਰਸ਼ੀਆ ਵਿਚੋਂ ਹੀ ਨਿਕਲਿਆ ਹੈ ਇਸ ਲਈ ਰਸ਼ੀਆ ਯੂਕਰੇਨ ਉੱਤੇ ਆਪਣਾ ਹੱਕ ਸਮਝਦਾ ਹੋਇਆ ਇਹ ਚਾਹੁੰਦਾ ਹੈ ਕਿ ਉਹ ਪੱਛਮੀਂ ਦੇਸ਼ਾਂ ਨਾਲ ਸਬੰਧ ਨਾ ਰੱਖੇ ਪਰ ਪੱਛਮੀਂ ਦੇਸ਼ਾਂ ਨੇ ਰਸ਼ੀਆ ਨੂੰ ਕਮਜ਼ੋਰ ਕਰਨ ਲਈ ਯੂਕਰੇਨ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ। ਉਹਨਾਂ ਰੂਸ ਨੂੰ ਚਿੜਾਉਣ ਲਈ ਯੂਕਰੇਨ ਨੂੰ ਨਾਟੋ ਦਾ ਸਥਾਈ ਮੈਂਬਰ ਬਣਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਯੂਕਰੇਨ ਨੂੰ ਸ਼ਕਤੀਸ਼ਾਲੀ ਹੁੰਦਾ ਦੇਖਣਾ ਰਸ਼ੀਆ ਲਈ ਬਹੁਤ ਹੀ ਮੁਸ਼ਕਿਲ ਸੀ ਇਸ ਲਈ ਉਸ ਨੇ ਬਿਨਾਂ ਹੀ ਕਿਸੇ ਹੋਰ ਕਾਰਨ ਦੇ ਆਪਣੇ ਨਾਲੋਂ ਬਹੁਤ ਹੀ ਕਮਜ਼ੋਰ ਸਮਝੇ ਜਾਂਦੇ ਦੇਸ਼ ਯੂਕਰੇਨ ਉੱਤੇ 24 ਫਰਵਰੀ 2022 ਨੂੰ ਹਮਲਾ ਬੋਲ ਦਿੱਤਾ। ਰਸ਼ੀਆ ਨੂੰ ਲੱਗਦਾ ਸੀ ਕਿ ਉਹ ਝੱਬੇ ਹੀ ਯੂਕਰੇਨ ਨੂੰ ਹਰਾ ਕੇ ਆਪਣੇ ਵਿਚ ਮਿਲਾ ਲਵੇਗਾ, ਪਰ ਜਿਵੇਂ ਕਹਿੰਦੇ ਨੇ ਕਿ ਜੰਗ ਦੇ ਅੰਦਾਜ਼ੇ ਕਦੇ ਵੀ ਸਹੀ ਨਹੀਂ ਹੁੰਦੇ, ਇਹ ਜੰਗ ਅੱਜ ਤੱਕ ਵੀ ਜਾਰੀ ਹੈ। ਕਮਜ਼ੋਰ ਸਮਝਿਆ ਜਾਂਦਾ ਰਸ਼ੀਆ ਅਜੇ ਵੀ ਰਸ਼ੀਆ ਅੱਗੇ ਹਿੱਕ ਤਾਣ ਕੇ ਖੜਾ ਹੈ ਅਤੇ ਤਬਾਹੀ ਹੋਣ ਦੇ ਬਾਵਜੂਦ ਵੀ ਉਹ ਆਪਣੀ ਹੋਂਦ ਬਚਾਈ ਰੱਖਣ ਵਿਚ ਕਾਮਯਾਬ ਹੈ।
ਨਵੀਆਂ ਖਬਰਾਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿਚ ਬਗਾਵਤ ਦਾ ਬਿਗਲ ਵੱਜ ਚੱੁਕਾ ਹੈ। ਵਿਦਿਆਰਥੀਆਂ ਦਾ ਰੋਹ ਵਿਦਰੋਹ ਬਣ ਚੱੁਕਾ ਹੈ ਅਤੇ ਇਸ ਰੋਸ ਨੇ ਦੇਸ਼ ਦੇ ਪ੍ਰਬੰਧ ਨੂੰ ਅਸਤ ਵਿਅਸਤ ਕਰ ਦਿੱਤਾ ਹੈ। ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਹੈਲੀਕਾਪਟਰ ਰਾਹੀਂ ਸ਼ਰਨ ਲੈਣ ਲਈ ਭਾਰਤ ਪੁੱਜ ਗਈ ਹੈ। ਉਸਦੀ ਸਰਕਾਰੀ ਰਿਹਾਇਸ਼ ਉੱਪਰ ਵਿਦਰੋਹੀਆਂ ਦਾ ਕਬਜਾ ਹੋ ਗਿਆ ਹੈ। ਭਾਵ ਭਾਰਤ ਦੇ ਗੁਆਂਢੀ ਮੁਲਕ ਬੰਗਲਦੇਸ਼ ’ਚ ਹੁਣ ਸ਼ਾਂਤੀ ਨਹੀਂ ਰਹੀ। ਜੇਕਰ ਦੁਨੀਆਂ ਦੇ ਨਕਸ਼ੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਖਿੱਤੇ ਉੱਤੇ ਜੰਗਾਂ  ਲੱਗੀਆਂ ਹੋਈਆਂ ਹਨ ਤੇ ਜੇਕਰ ਕਿਤੇ ਜੰਗ ਨਹੀਂ ਵੀ ਲੱਗੀ ਹੋਈ ਤਾਂ ਉਸ ਦੇਸ਼ ਦਾ ਕਿਸੇ ਨਾ ਕਿਸੇ ਜੰਗ ਨਾਲ ਸਬੰਧ ਜ਼ਰੂਰ ਹੈ। ਇਹਨਾਂ ਜੰਗਾਂ ਦੀ ਅੱਗ ਹੌਲੀ ਹੌਲੀ ਜੰਗਲ ਦੀ ਅੱਗ ਵਾਂਗ ਵਧ ਰਹੀ ਹੈ। ਹਰ ਪਾਸੇ ਅਸ਼ਾਂਤੀ ਫ਼ੈਲੀ ਹੋਈ ਹੈ ਅਤੇ ਤਾਕਤਵਰ, ਕਮਜ਼ੋਰ ਨੂੰ ਦਬਾਉਣ ਲਈ ਸ਼ਕਤੀ ਦੀ ਵਰਤੋਂ ਕਰ ਰਿਹਾ ਹੈ। ਭਾਵੇਂ ਕਿ ਦੋ ਵਿਸ਼ਵ ਜੰਗਾਂ ਨੇ ਇਹ ਸੁਨੇਹਾ ਦਿੱਤਾ ਸੀ ਕਿ ਸ਼ਾਂਤੀ ਵਿਚ ਹੀ ਬਰਕਤ ਹੈ, ਜੰਗ ਦਾ ਕੋਈ ਲਾਭ ਨਹੀਂ ਹੈ ਪਰ ਅਜੋਕੇ ਸਮੇਂ ਦੇ ਸਾਸ਼ਕ ਉਹ ਸਭ ਕੁਝ ਭੱੁਲ ਕੇ ਤੀਜੀ ਜੰਗ ਨੂੰ ਅੰਜਾਮ ਦੇਣ ਲਈ ਬਜਿੱਦ ਹੋਏ ਜਾਪ ਰਹੇ ਹਨ। ਇਹ ਸਮਾਂ ਹੈ ਕਿ ਦੁਨੀਆਂ ਦੇ ਸਭ ਦੇਸ਼ਾਂ ਨੂੰ ਸਿਰ ਜੋੜ ਕੇ ਇਹ ਸੋਚਣ ਦਾ ਕਿ ਜੇਕਰ ਤੀਜੀ ਵਿਸ਼ਵ ਜੰਗ ਲੱਗਦੀ ਹੈ ਤਾਂ ਅੱਜ ਦੇ ਅੱਤ ਅਧੁਨਿਕ ਯੁੱਗ ਦੀਆਂ ਅਧੁਨਿਕ ਹਥਿਆਰ ਖੋਜਾਂ ਦੀ ਵਰਤੋਂ ਨਾਲ ਧਰਤੀ ਉੱਤੇ ਜੀਵਨ ਸੰਭਵ ਨਹੀਂ ਰਹੇਗਾ, ਸਭ ਕੁਝ ਨਸ਼ਟ ਹੋ ਜਾਵੇਗਾ। ਆਓ ਸਭ ਰਲ ਮਿਲ ਕੇ ਅਰਦਾਸ ਕਰੀਏ ਕਿ ਅਕਾਲ ਪੁਰਖ ਵਾਹਿਗੁਰੂ ਦੁਨੀਆਂ ਦੇ ਹਾਕਮਾਂ ਨੂੰ ਮੱਤ ਦੇਵੇ ਜੋ ਇਸ ਕਾਦਰ ਦੀ ਕੁਦਰਤ ਨੂੰ ਨਸ਼ਟ ਕਰਨ ਥਾਂ ਇਸ ਨੂੰ ਬਚਾਉਣ ਲਈ ਆਪਣੀ ਸੋਝੀ ਵਰਤਣ ਲੱਗ ਪੈਣ, ਨਹੀਂ ਤਾਂ ਦੁਨੀਆਂ ਨੂੰ ਹਨੇਰ ਭਵਿੱਖ ਨਾਲ ਜੂਝਣਾ ਪਵੇਗਾ। ਆਮੀਨ!