
ਫ਼ਤਹਿਗੜ੍ਹ ਸਾਹਿਬ,(ਪੰਜਾਬੀ ਰਾਈਟਰ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਖ਼ਤ ਸੱਚਖੰਡ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਗਿਆਨੀ ਕੁਲਵੰਤ ਸਿੰਘ ਨੂੰ ਬੁੱਢਾ ਦਲ ਦੇ ਚੌਥੇ ਮੁਖੀ ਅਤੇ ਅਕਾਲ ਤਖ਼ਤ ਸਾਹਿਬ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਐਵਾਰਡ, ਤਸਕਰੀ, ਖੰਡਾ, ਸੋਨ ਤਗ਼ਮਾ ਅਤੇ ਸੁਨਹਿਰੀ ਸ੍ਰੀ ਸਾਹਿਬ ਨਾਲ ਸਨਮਾਨਿਆ। ਇਸ ਮੌਕੇ ਵਿਸ਼ਾਲ ਸਮਾਗਮ ਦੌਰਾਨ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਕੁਲਵੰਤ ਸਿੰਘ ਨੂੰ ਵਧਾਈ ਦਿੱਤੀ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬਾਬਾ ਕੁਲਵੰਤ ਸਿੰਘ ਜਿੱਥੇ ਗੁਰਮਤਿ ਦੇ ਦ੍ਰਿੜ ਗਿਆਤਾ ਹਨ ਉਥੇ ਹੀ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਬਾਣੀ-ਬਾਣੇ ਦੇ ਧਾਰਨੀ ਹੋਣ ਲਈ ਲੋਕਾਈ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।
ਬਾਬਾ ਕੁਲਵੰਤ ਸਿੰਘ ਨੇ ਸਮੁੱਚੇ ਸੰਪਰਦਾਵਾਂ ਨਿਹੰਗ ਸਿੰਘ ਦਲਾਂ, ਸੰਤ ਮਹਾਪੁਰਸ਼ਾਂ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਜੋਗਾ ਸਿੰਘ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਗੁਰਦੇਵ ਸਿੰਘ, ਬਾਬਾ ਜੀਤ ਸਿੰਘ ਜੌਹਲਾਂ, ਸੰਤ ਜਗਜੀਤ ਸਿੰਘ ਹਰਖੋਵਾਲ, ਬਾਬਾ ਰਾਮ ਸਿੰਘ, ਬਾਬਾ ਜੋਤਿੰਦਰ ਸਿੰਘ, ਬਾਬਾ ਘਾਲਾ ਸਿੰਘ, ਸੰਤ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਕਰਮਜੀਤ ਸਿੰਘ, ਬਾਬਾ ਸੁੱਖਾ ਸਿੰਘ ਭੂਰੀਵਾਲੇ ਆਦਿ ਹਾਜ਼ਰ ਸਨ।