
ਤਿੰਨ ਖੇਤੀਬਾੜੀ ਕਾਨੂੰਨ ਬਣਨ ਉਪਰੰਤ ਜਿਹੜਾ ਕਿਸਾਨ ਅੰਦੋਲਨ ਇਕ ਤੂਫ਼ਾਨ ਬਣ ਕੇ ਉੱਠਿਆ ਉਸ ਨੇ ਪੂਰੀ ਦੁਨੀਆਂ ਵਿਚ ਭਾਰਤੀ ਕਿਸਾਨਾਂ ਦੀ ਚਰਚਾ ਕਰਵਾ ਦਿੱਤੀ ਸੀ। ਲਗਭਗ ਸਵਾ ਸਾਲ ਚੱਲੇ ਅੰਦੋਲਨ ਵਿਚ ਲੱਖਾਂ ਦੁੱਖ ਤਕਲੀਫ਼ਾਂ ਝੱਲ ਕੇ ਵੀ ਕਿਸਾਨਾਂ ਨੇ ਜਿੱਤ ਹਾਸਲ ਕੀਤੀ ਅਤੇ ਸਰਕਾਰ ਨੂੰ ਆਪਣੇ ਹੀ ਬਣਾਏ ਹੋਏ ਕਾਨੂੰਨ ਵਾਪਿਸ ਲੈਣੇ ਪਏ ਸਨ। ਕਿਸਾਨਾਂ ਦੀ ਇਸ ਦਲੇਰੀ ਅਤੇ ਦਿ੍ਰੜਤਾ ਨੇ ਆਮ ਲੋਕਾਂ ਵਿਚ ਕਿਸਾਨਾਂ ਪ੍ਰਤੀ ਸਤਿਕਾਰ ਪੈਦਾ ਕਰ ਦਿੱਤਾ ਸੀ। ਇਸ ਜਿੱਤ ਤੋਂ ਬਾਅਦ ਹਾਲਾਤ ਬਦਲਦੇ ਗਏ। ਕਿਸਾਨ ਜਥੇਬੰਦੀਆਂ ਆਪਸ ਵਿਚ ਪਾਟ ਗਈਆਂ ਅਤੇ ਇਕ ਦੂਜੇ ਉੱਤੇ ਇਲਜ਼ਾਮ ਤਰਾਸ਼ੀ ਕਰਨ ਲੱਗੀਆਂ। ਕੋਈ ਕਿਸੇ ਨੂੰ ਵਿਕਾਊ ਕਹਿਣ ਲੱਗਾ ਤੇ ਕੋਈ ਕਿਸੇ ਨੂੰ। ਕੋਈ ਕਿਸੇ ਉੱਤੇ ਸਿਆਸੀ ਹੋਣ ਦੇ ਦੋਸ਼ ਲਗਾਉਣ ਲੱਗਾ। ਭਾਵ ਕਿਸਾਨਾਂ ਦੇ ਆਪਸ ਵਿਚ ਪਾਟਣ ਨਾਲ ਕਿਸਾਨਾਂ ਦਾ ਪ੍ਰਸਾਸ਼ਨ ਜਾਂ ਸਰਕਾਰ ਉੱਤੇ ਉਹ ਪ੍ਰਭਾਵ ਨਾ ਰਿਹਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਵਲੋਂ ਆਪਣੀਆਂ ਜਥੇਬੰਦੀਆਂ ਦੇ ਅਧੀਨ ‘ਕਿਸਾਨ ਅੰਦੋਲਨ 2’ ਸ਼ੁਰੂ ਕੀਤਾ ਗਿਆ ਪਰ ਪਹਿਲਾਂ ਜਿੰਨੀ ਸਮਰੱਥਾ ਨਾ ਹੋਣ ਕਾਰਨ ਇਸ ਅੰਦੋਲਨ ਨੂੰ ਕੇਂਦਰ ਅਤੇ ਹਰਿਆਣਾ ਸਰਕਾਰਾਂ ਵਲੋਂ ਦਬਾਅ ਦਿੱਤਾ ਗਿਆ। ਭਾਵੇਂ ਕਿ ਇਹ ਹੌਲੀ ਹੌਲੀ ਸੁਲਗ ਰਿਹਾ ਹੈ ਪਰ ਇਹ ਅੰਦੋਲਨ ਕੋਈ ਫ਼ੈਸਲਾਕੁੰਨ ਅੰਦੋਲਨ ਨਹੀਂ ਦਿਖਾਈ ਦੇ ਰਿਹਾ। ਇਸਦਾ ਕਾਰਨ ਕਿਸਾਨਾਂ ਦੀ ਆਪਸੀ ਫ਼ੁੱਟ ਨੂੰ ਹੀ ਮੰਨਿਆ ਜਾ ਰਿਹਾ ਹੈ। ਜੇਕਰ ਕਿਸਾਨਾਂ ਨੇ ਜਿੱਤ ਹਾਸਲ ਕਰਨੀ ਹੈ ਤਾਂ ਉਹਨਾਂ ਨੂੰ ਪੂਰੀ ਸਮਰੱਥਾ ਨਾਲ ਲੜਨਾ ਪਵੇਗਾ ਇਸ ਲਈ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਜਿੰਨਾ ਚਿਰ ਸਾਰੀਆਂ ਜਥੇਬੰਦੀਆਂ ਇਕ ਮੰਚ ਉੱਤੇ ਨਹੀਂ ਆਉਂਦੀਆਂ ਉੰਨਾ ਚਿਰ ਸਰਕਾਰ ਦੇ ਕੰਨ ਉੱਤੇ ਜੂੰਅ ਨਹੀਂ ਸਰਕ ਸਕਦੀ। ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਖਿਲਾਫ਼ ਆਪਣੀ ਹਰ ਸ਼ਕਤੀ ਵਰਤੀ ਜਾ ਰਹੀ ਹੈ। ਪਹਿਲੇ ਅੰਦੋਲਨ ਵਿਚ ਸੋਸ਼ਲ ਮੀਡੀਆ ਨੇ ਬੜਾ ਵੱਡਾ ਰੋਲ ਅਦਾ ਕੀਤਾ ਸੀ ਪਰ ਇਸ ਵਾਰ ਸਰਕਾਰ ਨੇ ਸੋਸ਼ਲ ਮੀਡੀਆ ਦੀ ਨਕੇਲ ਕੱਸੀ ਹੋਈ ਹੈ। ਜੇਕਰ ਕੋਈ ਜ਼ਿਆਦਾ ਹੀ ਕਿਸਾਨ ਪੱਖੀ ਅਤੇ ਸਰਕਾਰ ਦੇ ਖਿਲਾਫ਼ ਪੋਸਟਾਂ ਪਾਉਂਦਾ ਹੈ ਤਾਂ ਉਸਦਾ ਪੇਜ ਹੀ ਉਡਾ ਦਿੱਤਾ ਜਾਂਦਾ ਹੈ। ਕਈ ਚੈੱਨਲਾਂ ਦੇ ਵੀ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਜਿਸ ਕਾਰਨ ਬਹੁਤੇ ਲੋਕ ਹੁਣ ਇਸ ਪੰਗੇ ਵਿਚ ਪੈਂਦੇ ਹੀ ਨਹੀਂ। ਦੂਜੇ ਪਾਸੇ ਪਹਿਲੇ ਅੰਦੋਲਨ ਵਾਂਗ ਹੁਣ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਨਹੀਂ ਲੁਆਈ, ਕਿਉਂਕਿ ਸਰਕਾਰ ਵਲੋਂ ਕਲਾਕਾਰਾਂ ਦੀ ਵੀ ਚੂੜੀ ਕੱਸ ਦਿੱਤੀ ਗਈ।
ਖੈਰ! ਫ਼ਿਰ ਵੀ ਕਿਸਾਨ ਕਿਸੇ ਅਦਿੱਖ ਸ਼ਕਤੀ ਦੀ ਕਿਰਪਾ ਨਾਲ ਸੰਘਰਸ਼ ਵਿਚ ਲੱਗੇ ਹੋਏ ਹਨ ਅਤੇ ਅੱਜ ਕਿਸਾਨਾਂ ਦੇ ਇਕ ਬਿਆਨ ਨੇ ਸਭ ਦਾ ਧਿਆਨ ਖਿੱਚਿਆ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਕੋਲਕਾਤਾ ਵਿਚ ਇਕ ਟਰੇਨੀ ਡਾਕਟਰ ਦੀ ਜਬਰ-ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਡਾਕਟਰਾਂ ਵੱਲੋਂ ਭਾਰਤ ਭਰ ਵਿਚ ਕੀਤੀ ਜਾ ਰਹੀ ਹੜਤਾਲ ਦੀ ਕਿਸਾਨ ਜਥੇਬੰਦੀਆਂ ਹਮਾਇਤ ਕਰਦੀਆਂ ਹਨ। ਉਹ ਡਾਕਟਰਾਂ ਦੇ ਸੱਦੇ ’ਤੇ ਹਰ ਧਰਨੇ ਤੇ ਹਰ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਭਾਜਪਾ ਦੀ ਡਬਲ ਇੰਜਣ ਉਤਰਾਖੰਡ ਦੀ ਸਰਕਾਰ ਵਿਚ ਕੋਲਕਾਤਾ ਕਾਂਡ ਤੋਂ ਬਾਅਦ ਇਕ ਨਰਸ ਨਾਲ ਜਬਰ-ਜਨਾਹ ਕੀਤਾ ਗਿਆ ਤੇ ਉਸ ਨੂੰ ਮਾਰ ਕੇ ਯੂ.ਪੀ. ਬਾਰਡਰ ’ਤੇ ਸੁੱਟ ਦਿੱਤਾ ਗਿਆ ਪਰ ਮੀਡੀਆ ਉਨਾਂ ਨੂੰ ਦਬਵੀਂ ਆਵਾਜ਼ ਵਿਚ ਪੇਸ਼ ਕਰ ਰਿਹਾ ਹੈ ਜੋ ਸਰਾਸਰ ਗਲਤ ਹੈ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਹਾਥਰਸ ਤੇ ਉਨਾਓ ਕਾਂਡ ਬਾਰੇ ਗੰਭੀਰ ਹੁੰਦੇ ਤਾਂ ਹੋਰਾਂ ਦੇ ਹੌਸਲੇ ਇੰਨੇ ਬੁਲੰਦ ਨਾ ਹੁੰਦੇ। ਸ੍ਰੀ ਪੰਧੇਰ ਨੇ ਕਿਹਾ ਕਿ ਹੁਣ ਉਹ ਸ਼ੰਭੂ ਬਾਰਡਰ ’ਤੇ ਵੱਡਾ ਇਕੱਠ ਕਰਨ ਜਾ ਰਹੇ ਹਨ ਤੇ ਸਾਰੇ ਪੰਜਾਬ ਵਿੱਚੋਂ ਕਿਸਾਨਾਂ ਨੇ ਸ਼ੰਭੂ ਬਾਰਡਰ ਜਾਣ ਲਈ ਵਹੀਰਾਂ ਘੱਤ ਲਈਆਂ ਹਨ। ਹਰਿਆਣਾ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੁਣ ਕਿਸਾਨਾਂ ਨੂੰ ਮਿਲਣ ਦਾ ਡਰਾਮਾ ਕਰ ਰਹੇ ਹਨ ਪਰ ਹਰਿਆਣਾ ਸਰਕਾਰ ਨੇ ਜੋ ਕਿਸਾਨਾਂ ’ਤੇ ਕਹਿਰ ਵਰਤਾਇਆ ਹੈ ਉਹ ਕਦੇ ਨਹੀਂ ਭੁਲਾਇਆ ਜਾ ਸਕਦਾ।
ਅਜੇ ਵੀ ਪ੍ਰਸਾਸ਼ਨ ਉੱਤੇ ਕੁਝ ਨਾ ਕੁਝ ਕਿਸਾਨਾਂ ਦਾ ਦਬਾਅ ਹੈ, ਜੇਕਰ ਕਿਸਾਨ ਖ਼ੇਤੀ ਨਾਲ ਸਬੰਧਿਤ ਮਸਲਿਆਂ ਦੇ ਨਾਲ ਨਾਲ ਇਹੋ ਜਿਹੇ ਸਮਾਜਿਕ ਮਸਲਿਆਂ ਵਿਚ ਵੀ ਦਖ਼ਲ ਅੰਦਾਜ਼ੀ ਕਰਦੇ ਹਨ ਅਤੇ ਪੀੜਤਾਂ ਨੂੰ ਇਨਸਾਫ਼ ਦੁਆਉਣ ਵਿਚ ਕਾਮਯਾਬ ਹੁੰਦੇ ਹਨ ਤਾਂ ਜਨ ਸੈਲਾਬ ਕਿਸਾਨਾਂ ਨਾਲ ਜੁੜੇਗਾ ਅਤੇ ਭਾਵੇਂ ਕੋਈ ਸਰੀਰਕ ਤੌਰ ’ਤੇ ਕਿਸਾਨਾਂ ਨਾਲ ਅੰਦੋਲਨ ਵਿਚ ਸ਼ਾਮਿਲ ਨਾ ਵੀ ਹੋ ਸਕੇ ਪਰ ਆਮ ਲੋਕਾਂ ਵਿਚ ਕਿਸਾਨਾਂ ਪ੍ਰਤੀ ਚੰਗੀ ਭਾਵਨਾ ਜ਼ਰੂਰ ਪੈਦਾ ਹੋਵੇਗੀ ਜੋ ਕਿ ਸਰਕਾਰਾਂ ਉੱਤੇ ਦਬਾਅ ਪਾਉਣ ਵਿਚ ਮਦਦਗਾਰ ਹੋਵੇਗੀ ਅਤੇ ਆਉਣ ਵਾਲੇ ਸਮੇਂ ’ਚ ਸਰਕਾਰਾਂ ਤਸ਼ੱਦਦ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਗੀਆਂ। ਆਮੀਨ!