
ਪੰਜਾਬ ਵਿਚ ਪੰਥਕ ਸਿਆਸਤ ਦਾ ਬੜਾ ਪ੍ਰਭਾਵ ਰਿਹਾ ਹੈ। ਪੰਜਾਬ ਵਿਚ ਸਿੱਖ ਵੋਟ ਤੋਂ ਬਿਨਾਂ ਕਿਸੇ ਵੀ ਪਾਰਟੀ ਦਾ ਜਿੱਤਣਾ ਅਸੰਭਵ ਹੈ। ਇਸ ਲਈ ਪੰਜਾਬ ਦੀ ਸਿਆਸਤ ਸਿੱਖ ਵੋਟ ਦੁਆਲੇ ਹਮੇਸ਼ਾ ਹੀ ਘੁੰਮਦੀ ਰਹੀ ਹੈ ਅਤੇ ਇਸ ਵੋਟ ਨੂੰ ਆਕਰਸ਼ਿਤ ਕਰਨ ਲਈ ਕਈ ਅਕਾਲੀ ਦਲ ਬਣਦੇ ਰਹੇ ਹਨ ਪਰ ਸਭ ਤੋਂ ਵੱਧ ਕਾਮਯਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਰਿਹਾ ਹੈ। ਪਰ ਜੇਕਰ ਮੌਜੂਦਾ ਹਾਲਾਤਾਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਵੇਲੇ ਆਪਣੇ ਸਭ ਤੋਂ ਮਾੜੇ ਦੌਰ ਵਿਚ ਗੁਜ਼ਰ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵੇਲੇ ਵੀ ਕਈ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੁਣੌਤੀ ਦਿੱਤੀ ਪਰ ਹਰ ਵਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਦਲ ਨੂੰ ਬਚਾਉਣ ਵਿਚ ਕਾਮਯਾਬ ਹੰੁਦੇ ਰਹੇ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਲੋਕ ਆਪਣੀ ਮਾਂ ਪਾਰਟੀ ਸਮਝਦੇ ਰਹੇ। ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖ ਧਰਮ ਦੀ ਬੁਨਿਆਦ ਉੱਤੇ ਖੜ੍ਹੀ ਸਿਆਸੀ ਪਾਰਟੀ ਹੈ। ਪਰ ਹੌਲੀ ਹੌਲੀ ਸਮਾਂ ਬਦਲਣ ਦੇ ਨਾਲ ਖਾਸ ਕਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਇਹ ਪਾਰਟੀ ਧਰਮ ਨਾਲੋਂ ਟੱੁਟਦੀ ਗਈ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਖ ਧਰਮ ਨਾਲੋਂ ਤੋਂ ਕੇ ਇਕ ਸਰਬ ਧਰਮ ਪਾਰਟੀ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਜਿਵੇਂ ਜਿਵੇਂ ਉਹ ਜਥੇਦਾਰਾਂ ਨੂੰ ਦਰਕਿਨਾਰ ਕਰਦਾ ਗਿਆ, ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਨਿਘਾਰ ਵੱਲ ਜਾਂਦਾ ਰਿਹਾ। 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੂਰੀ ਚੜ੍ਹਾਈ ਰਹੀ। ਇਸ ਵੇਲੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਲੱਗਣ ਲੱਗਾ ਸੀ ਕਿ ਹੁਣ ਉਹ ਘੱਟੋ ਘੱਟੋ 25 ਤਾਂ ਸਾਲ ਰਾਜ ਨਹੀਂ ਛੱਡਦੇ ਪਰ ਜਲਦੀ ਹੀ ਇਹ ਭਰਮ ਟੱੁਟ ਗਿਆ ਅਤੇ ਹੁਣ ਲੱਗਦਾ ਹੈ ਕਿ ਘੱਟੋ ਘੱਟੋ 25 ਸਾਲ ਤਾਂ ਅਕਾਲੀ ਦਲ ਬਾਦਲ ਦਾ ਰਾਜ ਨਹੀਂ ਆਉਂਦਾ। ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋਏ ਬਾਗੀ ਧੜ੍ਹੇ ਨੇ ਉਸਦੇ ਖਿਲਾਫ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ ਜਿਸ ਕਾਰਨ ਉਹਨਾਂ ਨੂੰ ਜ਼ਿੰਦਗੀ ’ਚ ਪਹਿਲੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਤਲਬ ਕੀਤਾ ਗਿਆ। ਉਹਨਾਂ ਵਲੋਂ ਦਿੱਤਾ ਗਿਆ ਸਪੱਸ਼ਟੀਕਰਨ ਵੀ ਜਨਤਕ ਕੀਤਾ ਗਿਆ ਅਤੇ ਹੁਣ 30 ਅਗਸਤ ਨੂੰ ਇਸ ਉੱਤੇ ਜਥੇਦਾਰ ਸਾਹਿਬਾਨ ਫ਼ੈਸਲਾ ਸੁਣਾਉਣਗੇ, ਜਿਸ ਦੀ ਸਿੱਖ ਸੰਗਤਾਂ ਨੂੰ ਬੇਸਬਰੀ ਨਾਲ ਉਡੀਕ ਹੈ।
ਜਿੱਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ‘ਸਭ ਅੱਛਾ ਨਹੀਂ’ ਚੱਲ ਰਿਹਾ ਹੈ ਉੱਥੇ ਦੂਜੇ ਪਾਸੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਫਰੀਦਕੋਟ ਹਲਕੇ ਤੋਂ ਜੇਤੂ ਰਹੇ ਭਾਈ ਸਰਬਜੀਤ ਸਿੰਘ ਖਾਲਸਾ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਚੁਣੌਤੀ ਪੇਸ਼ ਕਰਨ ਜਾ ਰਹੇ ਹਨ। ਉਹਨਾਂ ਇਸ਼ਾਰਾ ਦਿੱਤਾ ਹੈ ਕਿ ਉਹ ਆਉਣ ਵਾਲੇ ਸਮੇਂ ’ਚ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਦੇ ਸਹਿਯੋਗ ਨਾਲ ਸਿਆਸੀ ਪਾਰਟੀ ਦਾ ਗਠਨ ਕਰਨ ਜਾ ਰਹੇ ਹਨ। ਉਹਨਾਂ ਇਕ ਮੀਡੀਆ ਗੱਲਬਾਤ ਵਿੱਚ ਕਿਹਾ ਹੈ ਕਿ ਉਹ ਜਲਦੀ ਹੀ ਇੱਕ ਪੰਥਕ ਪਾਰਟੀ ਬਣਾਉਣ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੋਕਾਂ ਨੇ ਚੋਣਾਂ ਵਿੱਚ ਨਕਾਰ ਦਿੱਤਾ ਹੈ। ਇਸ ਲਈ ਜਰੂਰੀ ਹੈ ਕਿ ਇੱਕ ਪੰਥਕ ਧਿਰ ਪੰਜਾਬ ਵਿੱਚ ਖੜ੍ਹੀ ਕੀਤੀ ਜਾਵੇ। ਉਹਨਾਂ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਨਾਲ ਮਿਲ ਕੇ ਪੰਜਾਬ ਦੀਆਂ ਸੰਗਤਾਂ ਵਿੱਚ ਨਹੀਂ ਵਿਚਰ ਸਕਦਾ। ਇਸ ਸਵਾਲ ਕਿ ਖ਼ਾਲਿਸਤਾਨ ਦਾ ਮੁੱਦਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਤੇ ਦਲ ਖਾਲਸਾ ਵਰਗੇ ਸੰਗਠਨ ਪਹਿਲਾਂ ਹੀ ਚੁੱਕ ਰਹੇ ਹਨ ਤਾਂ ਤੁਸੀਂ ਇਸ ਮੁੱਦੇ ’ਤੇ ਤੁਸੀਂ ਕੀ ਵੱਖਰਾ ਕਰੋਗੇ ਤਾਂ ਉਹਨਾਂ ਦਾ ਜਵਾਬ ਸੀ ਕਿ ਇਹ ਗੱਲ ਠੀਕ ਹੈ ਪਰ ਮੇਰਾ ਮੰਨਣਾ ਹੈ ਕਿ ਜਿਹੜੇ ਸੰਗਠਨ ਖ਼ਾਲਿਸਤਾਨ ਦੀ ਗੱਲ ਕਰ ਰਹੇ ਹਨ ਉਨਾਂ ਦਾ ਇਸ ਮੁੱਦੇ ਨੂੰ ਚੁੱਕਣ ਦਾ ਢੰਗ ਤਰੀਕਾ ਸਹੀ ਨਹੀਂ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਦਾ ਲੋਕ ਸਾਥ ਨਹੀਂ ਦੇ ਰਹੇ ਹਨ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਖ਼ਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਲੋਕ ਵੋਟ ਪ੍ਰਣਾਲੀ ਰਾਹੀਂ ਹਰ ਵਾਰ ਹਰਾ ਦਿੰਦੇ ਰਹੇ ਹਨ। ਮੇਰੇ ਲਈ ਸਭ ਤੋਂ ਅਹਿਮ ਪੰਜਾਬ ਦੇ ਬੁਨਿਆਦੀ ਮੁੱਦੇ ਹਨ। ਪੰਜਾਬ ਵਿੱਚ ਨਸ਼ਿਆਂ ਕਾਰਨ ਹਰ ਰੋਜ਼ ਜਵਾਨੀ ਦਾ ਘਾਣ ਹੋ ਰਿਹਾ ਹੈ। ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਵੀ ਮੇਰੇ ਲਈ ਅਹਿਮ ਹੈ। ਉਹਨਾਂ ਬੰਦੀ ਸਿੰਘਾਂ ਦਾ ਮਸਲਾ ਵੀ ਚੱੁਕਿਆ।
ਇੱਥੇ ਦੱਸਣਯੋਗ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਵਿੱਚ ਬੁਨਿਆਦੀ ਮੱੁਦਿਆਂ ਨੂੰ ਬੜੇ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਪ੍ਰਾਈਵੇਟ ਬਿਲ ਰੱਖਿਆ ਹੈ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਮੱੁਦਾ ਵੀ ਉਠਾਇਆ। ਉਹਨਾਂ ਮੰਗ ਕੀਤੀ ਕਿ ਬਿੱਲ ਲਿਆਂਦਾ ਜਾਵੇ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਸੂਰਤ ਵਿੱਚ ਦੋਸ਼ੀ ਲਈ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਤੈਅ ਕੀਤੀ ਜਾਵੇ।
ਉਹਨਾਂ ਇਹ ਵੀ ਦੱਸਿਆ ਇਸ ਸੰਦਰਭ ਵਿੱਚ ਮੈਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗ ਕੇ ਉਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਕਿਸੇ ਸਿਰੇ ਨਹੀਂ ਚੜ੍ਹ ਸਕੀ। ਮੈਂ ਇਸ ਸਿੱਟੇ ਉੱਪਰ ਪਹੁੰਚਿਆ ਹਾਂ ਕਿ ਅਮਿ੍ਰਤਪਾਲ ਸਿੰਘ ਦੀ ਰਿਹਾਈ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦਾ ਨਜ਼ਰੀਆ ਨਾਂਹ ਪੱਖੀ ਹੀ ਹੈ। ਹੁਣ ਅਸੀਂ ਫ਼ੈਸਲਾ ਕੀਤਾ ਹੈ ਕਿ ਬਾਬਾ ਬਕਾਲਾ ਦੀ ਪੰਥਕ ਕਾਨਫਰੰਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਅੰਮਿ੍ਰਤਪਾਲ ਸਿੰਘ ਸਮੇਤ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਵੱਡੀ ਲੋਕ ਲਹਿਰ ਖੜ੍ਹੀ ਕੀਤੀ ਜਾਵੇ। ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅੰਮਿ੍ਰਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਬੈਠਕਾਂ ਵਿੱਚ ਮੁੱਖ ਮੁੱਦਾ ਇਹ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਧੜ੍ਹਾ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋਏ ਸੀਨੀਅਰ ਅਕਾਲੀ ਆਗੂਆਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣ ਦੀ ਰੌਂਅ ਵਿੱਚ ਵੀ ਨਹੀਂ ਹੈ।
ਪੰਥਕ ਸਿਆਸਤ ਵਿਚ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਬਹੁਤ ਹੀ ਅਹਿਮ ਹੁੰਦੀਆਂ ਹਨ। ਹੁਣ ਇਹਨਾਂ ਚੋਣਾਂ ਦੀ ਆਹਟ ਸੁਣਾਈ ਦੇਣ ਲੱਗ ਪਈ ਹੈ। ਸੋ ਜੇਕਰ ਭਾਈ ਸਰਬਜੀਤ ਸਿੰਘ ਖਾਲਸਾ ਐੱਸ.ਜੀ.ਪੀ.ਸੀ. ਉੱਪਰ ਕਬਜ਼ਾ ਕਰ ਲੈਂਦੇ ਹਨ ਤਾਂ ਉਹਨਾਂ ਦੀ ਸਿਆਸੀ ਪਾਰਟੀ ਦਿਨਾਂ ਵਿਚ ਹੀ ਸਥਾਪਿਤ ਹੋ ਜਾਵੇਗੀ ਅਤੇ ਸੁਖਬੀਰ ਸਿੰਘ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਲੋਪ ਹੋ ਜਾਵੇਗਾ। ਭਾਈ ਸਰਬਜੀਤ ਸਿੰਘ ਖਾਲਸਾ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਹਨ ਇਸ ਲਈ ਉਨ੍ਹਾਂ ਐੱਸ.ਜੀ.ਪੀ.ਸੀ. ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਕਮਰਕੱਸੇ ਸ਼ੁਰੂ ਕਰ ਦਿੱਤੇ ਹਨ, ਉਹਨਾਂ ਵੱਖ-ਵੱਖ ਥਾਵਾਂ ਉੱਤੇ ਮੀਟਿੰਗਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵਰਕਰ ਪਹਿਲਾਂ ਹੀ ਬਹੁਤ ਨਰਾਜ਼ ਹਨ ਅਤੇ ਸੁਖਬੀਰ ਸਿੰਘ ਬਾਦਲ ਅਤੇ ਅਜੇ ਵੀ ਪ੍ਰਧਾਨਗੀ ਛੱਡਣ ਦੇ ਰੌਂਅ ਵਿਚ ਨਹੀਂ ਹਨ, ਇਸ ਲਈ ਪੰਥਕ ਵੋਟਰ ਕੋਲ ਹੋਰ ਕੋਈ ਬਦਲ ਵੀ ਨਹੀਂ ਬਚਿਆ। ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਭਾਈ ਸਰਬਜੀਤ ਸਿੰਘ ਖਾਲਸਾ ਇਸ ਵਕਤ ਸਭ ਤੋਂ ਵੱਡਾ ਖ਼ਤਰਾ ਬਣ ਚੱੁਕੇ ਹਨ। ਆਮੀਨ!