ਬੱਸ ਤੇ ਸਕੂਲ ਵੈਨ ਦੀ ਟੱਕਰ ਕਾਰਨ ਵਿਦਿਆਰਥਣ ਦੀ ਮੌਤ, ਪੰਜ ਜ਼ਖ਼ਮੀ

ਬੱਸ ਤੇ ਸਕੂਲ ਵੈਨ ਦੀ ਟੱਕਰ ਕਾਰਨ ਵਿਦਿਆਰਥਣ ਦੀ ਮੌਤ, ਪੰਜ ਜ਼ਖ਼ਮੀ

ਧੁੰਦ ’ਚ ਸੜਕ ਪਾਰ ਕਰਨ ਸਮੇਂ ਹਾਦਸਾ; ਪੁਲੀਸ ਵੱਲੋਂ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ; ਹਾਦਸੇ ’ਚ ਇੱਕ ਕਾਰ ਵੀ ਨੁਕਸਾਨੀ

ਫ਼ਰੀਦਕੋਟ,(ਪੰਜਾਬੀ ਰਾਈਟਰ)- ਇੱਥੋਂ ਨੇੜਲੇ ਪਿੰਡ ਕਲੇਰ ਵਿੱਚ ਅੱਜ ਸਵੇਰੇ ਸਕੂਲ ਵੈਨ ਤੇ ਨਿੱਜੀ ਟਰਾਂਸਪੋਰਟ  ਕੰਪਨੀ ਦੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ਕਾਰਨ ਸਕੂਲ ਵੈਨ ਵਿੱਚ ਬੈਠੀ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂਕਿ ਪੰਜ ਗੰਭੀਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਟੀਮ ਨੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।  ਡਾਕਟਰ ਨੇ ਦੱਸਿਆ ਕਿ ਵਿਦਿਆਰਥਣ ਏਕਨੂਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਬਾਕੀ ਪੰਜ ਵਿਦਿਆਰਥਣਾਂ ਜ਼ੇਰੇ ਇਲਾਜ ਹਨ। ਏਕਨੂਰ ਪਿੰਡ ਕੋਟ ਸੁਖੀਆ ਦੀ ਵਸਨੀਕ ਸੀ। ਇਹ ਵਿਦਿਆਰਥਣਾਂ ਸ਼ਹੀਦ ਗੰਜ ਪਬਲਿਕ ਸਕੂਲ ਦੀਆਂ ਹਨ। ਜ਼ਖ਼ਮੀ ਵਿਦਿਆਰਥਣਾਂ ਜਸ਼ਨਦੀਪ ਕੌਰ, ਖੁਸ਼ਵੀਰ ਕੌਰ ਅਤੇ ਜਸਲੀਨ ਕੌਰ ਢੁੱਡੀ ਅਤੇ ਕੋਟ ਸੁਖੀਆ ਪਿੰਡ ਦੀਆਂ ਵਸਨੀਕ ਹਨ। ਦੋ ਵਿਦਿਆਰਥਣਾਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾ ਮਗਰੋਂ ਘਰ ਭੇਜ ਦਿੱਤਾ ਹੈ। ਸੂਚਨਾ ਅਨੁਸਾਰ ਸਕੂਲ ਵੈਨ ਨੂੰ ਬਲਵੀਰ ਸਿੰਘ ਚਲਾ ਰਿਹਾ ਸੀ, ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਦੂਜੇ ਪਾਸੇ, ਬੱਸ ਦਾ ਡਰਾਈਵਰ ਘਟਨਾ ਮਗਰੋਂ ਫ਼ਰਾਰ ਹੋ ਗਿਆ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਹਾਦਸੇ ਦੀ ਲਪੇਟ ਵਿੱਚ ਆ ਕੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਅਤੇ ਡੀਸੀ ਵਨੀਤ ਕੁਮਾਰ ਨੇ ਜ਼ਖ਼ਮੀ ਵਿਦਿਆਰਥੀਆਂ ਹਾਲ-ਚਾਲ ਜਾਣਿਆ ਤੇ ਕਿਹਾ ਕਿ ਜ਼ਖ਼ਮੀ ਵਿਦਿਆਰਥਣਾਂ ਦੀ ਸਿਹਤ ਠੀਕ ਹੈ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਦੀ ਉਮਰ 13 ਤੋਂ 14 ਸਾਲ ਦੇ ਕਰੀਬ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵੈਨ ਕੌਮੀ ਮਾਰਗ-54 ਨੂੰ ਪਾਰ ਕਰ ਕੇ ਦੂਜੇ ਪਿੰਡ ਵਿੱਚ ਦਾਖ਼ਲ ਹੋ ਰਹੀ ਸੀ। ਧੁੰਦ ਕਾਰਨ ਉਧਰੋਂ ਤੇਜ਼ ਰਫ਼ਤਾਰ ਆ ਰਹੀ ਬੱਸ ਤੇ ਸਕੂਲ ਵੈਨ ਦੀ ਟੱਕਰ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਸੜਕ ਹਾਦਸੇ ਵਿੱਚ ਮਾਰੀ ਵਿਦਿਆਰਥਣ ਏਕਨੂਰ ਦੇ ਘਰ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ।

ਬੱਸ ਹੇਠਾਂ ਆਉਣ ਕਾਰਨ ਮਹਿਲਾ ਦੀ ਮੌਤ
ਪਟਿਆਲਾ : ਇੱਥੇ ਚੌਰਾ ਰੋਡ ’ਤੇ ਵਾਪਰੇ ਸੜਕ ਹਾਦਸੇ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਭਾਰਤੀ ਰਾਜ ਲਕਸ਼ਮੀ ਵਾਸੀ ਚੌਰਾ ਵਜੋਂ ਹੋਈ ਹੈ। ਉਹ ਜਦੋਂ ਆਪਣੇ ਸਕੂਟਰ ’ਤੇ ਜਾ ਰਹੀ ਸੀ ਤਾਂ ਉਸ ਨੂੰ ਘਨੌਰ ਤੋਂ ਪਟਿਆਲਾ ਦੇ ਨਵੇਂ ਬੱੱਸ ਅੱਡੇ ਨੂੰ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਚਾਲਕ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਬੱਸ ਦਾ ਟਾਇਰ ਮਹਿਲਾ ਦੇ ਉੱਪਰੋਂ ਦੀ ਲੰਘ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।