
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਕ ਸ਼ਾਂਤ ਸੁਭਾਅ ਪਰ ਬਹੁਤ ਉੱਚ ਬੱੁਧੀ ਵਾਲੇ ਇਨਸਾਨ ਸਨ। ਉਹਨਾਂ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਪੂਰਾ ਦੇਸ਼ ਇਕ ਅੰਤਰਰਾਸ਼ਟਰੀ ਪੱਧਰ ਦੇ ਅਰਥਸ਼ਾਸ਼ਤਰੀ ਤੋਂ ਵਿਰਵਾਂ ਹੋ ਗਿਆ ਹੈ। ਉਹਨਾਂ ਦੀ ਜ਼ਿੰਦਗੀ ਬਹੁਤ ਹੀ ਸੰਘਰਸ਼ਪੂਰਨ ਰਹੀ ਪਰ ਉਹਨਾਂ ਸਾਰੀਆਂ ਮੁਸ਼ਕਿਲਾਂ ਉੱਤੇ ਕਾਬੂ ਪਾਉਂਦੇ ਹੋਏ ਸਫਲਤਾ ਦੇ ਪੌਡੇ ਨੂੰ ਹੱਥ ਪਾ ਕੇ ਕਈ ਉਦਾਹਰਣਾ ਪੈਦਾ ਕੀਤੀਆਂ। ਉਹਨਾਂ ਬਾਰੇ ਇਸ ਲਈ ਗੱਲ ਕਰਨ ਲੱਗੇ ਹਾਂ ਕਿਉਂਕਿ ਉਹਨਾਂ ਦੀ ਤੀਖਣ ਬੱੁਧੀ ਕਾਰਨ ਭਾਰਤ ਇਕ ਬਹੁਤ ਵੱਡੀ ਸਮੱਸਿਆ ਵਿਚੋਂ ਬਾਹਰ ਨਿਕਲਿਆ ਸੀ। ਆਰਥਿਕਤਾ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ। ਜੇਕਰ ਕਿਸੇ ਦੇਸ਼ ਦੀ ਜਾਂ ਘਰ ਆਰਥਿਕਤਾ ਡਾਵਾਂਡੋਲ ਹੋ ਜਾਵੇ ਤਾਂ ਜ਼ਿੰਦਗੀ ਦੇ ਹੋਰ ਸਾਰੇ ਹੀ ਕਾਰ ਵਿਹਾਰ ਰੁਕ ਜਾਂਦੇ ਹਨ ਅਤੇ ਸਿਆਣਿਆਂ ਦੇ ਕਹਿਣ ਵਾਂਗ ‘ਬੰਦੇ ਨੂੰ ਬੰਦਾ ਵੱਡ ਕੇ ਖਾਣ ਵਾਲੀ ਨੌਬਤ’ ਵੀ ਆ ਸਕਦੀ ਹੈ। ਕਹਿੰਦੇ ਹਨ ਕਿ ਸਾਰੀਆਂ ਲੜਾਈਆਂ ਭੁੱਖ ਦੀਆਂ ਹੀ ਹੁੰਦੀਆਂ ਹਨ। ਸੋ ਜਿਸ ਵੇਲੇ 1991 ’ਚ ਡਾ. ਮਨਮੋਹਨ ਸਿੰਘ ਨੇ ਦੇਸ਼ ਦੇ ਵਿੱਤ ਮੰਤਰੀ ਵਜੋਂ ਭਾਰਤ ਦੀ ਵਾਗਡੋਰ ਸੰਭਾਲੀ ਤਾਂ ਉਦੋਂ ਦੇਸ਼ ਦੀ ਆਰਥਿਕਤਾ ਡਾਵਾਂਡੋਲ ਸੀ। ਉਹਨਾਂ ਆਪਣਾ ਜੀਵਨ ਤਾਂ ਸਿੱਖ ਧਰਮ ਵਿਚ ਬਤੀਤ ਕੀਤਾ ਪਰ ਸਿੱਖੀ ਲਈ ਕੋਈ ਖਾਸ ਕਾਰਜ ਨਹੀਂ ਕਰ ਸਕੇ। ਹਾਂ ਏਨਾ ਜ਼ਰੂਰ ਕਹਿ ਸਕਦੇ ਹਾਂ ਕਿ ਉਹਨਾਂ ਦੇ ਦਸਤਾਰ ਸਜਾਉਣ ਕਾਰਨ ਉਹ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਵਿਚਰਦਿਆਂ ਇਕ ਤਰਾਂ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਸਿੱਖਾਂ ਦੇ ਅੰਬੈਸਡਰ ਜ਼ਰੂਰ ਬਣੇ ਹੋਏ ਸਨ ਅਤੇ ਉਹਨਾਂ ਵੇਲਿਆਂ ’ਚ ਜਿਸ ਦੇਸ਼ ਵਿਚ ਵੀ ਉਹ ਜਾਂਦੇ ਸਨ ਉੱਥੋਂ ਦੇ ਲੋਕਾਂ ਵਿਚ ਦਸਤਾਰ ਬਾਰੇ ਜਾਨਣ ਦੀ ਉਤਸੁਕਤਾ ਜ਼ਰੂਰ ਪੈਦਾ ਹੁੰਦੀ ਸੀ।
ਡਾ. ਮਨਮੋਹਨ ਸਿੰਘ ਦਾ ਆਪਣਾ ਜੀਵਨ ਵੀ ਕੋਈ ਸੁਖਾਲਾ ਨਹੀਂ ਰਿਹਾ, ਉਹਨਾਂ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਦੇ ਇੱਕ ਦੂਰ-ਦੁਰਾਡੇ ਪਿੰਡ ਗਾਹ ਵਿੱਚ ਹੋਇਆ, ਜਿੱਥੇ ਪਾਣੀ ਦੀ ਸਹੂਲਤ ਵੀ ਸੀਮਤ ਸੀ ਬਿਜਲੀ ਤਾਂ ਦੂਰ ਦੀ ਗੱਲ ਸੀ। ਬਚਪਨ ਤੋਂ ਪੜਾਈ ’ਚ ਬਹੁਤ ਤੇਜ਼ ਹੋਣ ਕਾਰਨ ਉਹ ਉੱਚ ਵਿੱਦਿਆ ਲਈ ਪੰਜਾਬ ਯੂਨੀਵਰਸਿਟੀ ਵਿੱਚ ਚਲੇ ਗਏ ਜਿੱਥੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਡਿਗਰੀ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਡੀਫਿਲ ਦੀ ਉਪਾਧੀ ਹਾਸਲ ਕੀਤੀ। ਉਨਾਂ ਦੀ ਧੀ ਦਮਨ ਸਿੰਘ ਆਪਣੇ ਮਾਪਿਆਂ ਬਾਰੇ ਲਿਖੀ ਕਿਤਾਬ ਵਿੱਚ ਲਿਖਦੀ ਹੈ ਕਿ ਕੈਂਬਰਿਜ ਵਿੱਚ ਆਪਣੀ ਪੜਾਈ ਦੌਰਾਨ, ਪੈਸੇ ਦੀ ਤੰਗੀ ਨਾਲ ਉਨਾਂ ਨੂੰ ਹਮੇਸ਼ਾ ਜੂਝਣਾ ਪਿਆ। ਉਨਾਂ ਦੇ ਟਿਊਸ਼ਨ ਅਤੇ ਰਹਿਣ ਸਹਿਣ ਦੇ ਖਰਚੇ ਕਰੀਬ 600 ਪੌਂਡ ਸਾਲਾਨਾ ਹੁੰਦੇ ਸਨ। ਪੰਜਾਬ ਯੂਨੀਵਰਸਿਟੀ ਉਹਨਾਂ ਨੂੰ ਸਿਰਫ 160 ਪੌਂਡ ਵਜ਼ੀਫ਼ਾ ਦਿੰਦੀ ਸੀ ਪਰ ਫਿਰ ਵੀ ਉਹਨਾਂ ਇਕ ਗਰੀਬ ਪਰਿਵਾਰ ਵਿਚੋਂ ਆਪਣੀ ਬੌਧਿਕਤਾ ਦੇ ਦਮ ’ਤੇ ਉੱਠ ਕੇ ਵਿਸ਼ਵ ਪੱਧਰ ਦੀ ਸਖਸ਼ੀਅਤ ਬਣਨ ਦਾ ਮਾਣ ਹਾਸਲ ਕੀਤਾ।
ਡਾ. ਮਨਮੋਹਨ ਸਿੰਘ ਦਾ ਭਾਰਤ ਦੀ ਸਿਆਸਤ ਵਿੱਚ ਉਭਾਰ 1991 ਵਿੱਚ ਕੇਂਦਰੀ ਵਿੱਤ ਮੰਤਰੀ ਬਣਨ ਦੇ ਨਾਲ ਹੋਇਆ, ਜਦੋਂ ਦੇਸ਼ ਦੀਵਾਲੀਏਪਨ ਦੀ ਕਗਾਰ ਉੱਤੇ ਖੜਾ ਸੀ। ਉਨਾਂ ਦੀ ਇਸ ਅਚਾਨਕ ਨਿਯੁਕਤੀ ਨੇ ਅਕਾਦਮਿਕ ਅਤੇ ਪ੍ਰਸ਼ਾਸਕ ਵਜੋਂ ਉਨਾਂ ਦੇ ਜੀਵਨ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ ਉਹ ਭਾਰਤ ਸਰਕਾਰ ਦੇ ਆਰਥਿਕ ਸਲਾਹਕਾਰ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹਿ ਚੁੱਕੇ ਸਨ। ਵਿੱਤ ਮੰਤਰੀ ਵਜੋਂ ਉਨਾਂ ਦਾ ਪਹਿਲਾ ਭਾਸ਼ਣ ਵਿਕਟਰ ਹਿਊਗੋ ਦੇ ਕਥਨ ਦਾ ਹਵਾਲਾ ਦੇਣ ਲਈ ਮਸ਼ਹੂਰ ਹੈ ਕਿ, “ਜਿਸ ਵਿਚਾਰ ਦਾ ਸਮਾਂ ਆ ਗਿਆ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ।’’ ਇਸ ਨੇ ਦੇਸ਼ ਵਿੱਚ ਬੇਮਿਸਾਲ ਆਰਥਿਕ ਸੁਧਾਰਾਂ ਦੇ ਆਗ਼ਾਜ਼ ਦਾ ਮੁੱਢ ਬੰਨਿਆ। ਉਨਾਂ ਨੇ ਟੈਕਸਾਂ ਵਿੱਚ ਕਟੌਤੀ ਕੀਤੀ, ਰੁਪਏ ਦੀ ਕੀਮਤ ਵਿੱਚ ਕਮੀ ਕੀਤੀ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਖਿੱਚਣ ਲਈ ਸਰਕਾਰੀ ਕੰਪਨੀਆਂ ਦਾ ਨਿੱਜੀਕਰਨ ਕੀਤਾ। ਆਰਥਿਕਤਾ ਨੇ ਅੱਖਾਂ ਖੋਲੀਆਂ ਅਤੇ ਸੱਨਅਤ ਨੇ ਗਤੀ ਫੜੀ, ਮਹਿੰਗਾਈ ਵਿੱਚ ਕਮੀ ਆਈ ਅਤੇ 1990 ਦੇ ਦਹਾਕੇ ਵਿੱਚ ਵਾਧੇ ਦੀ ਦਰ ਨਿਰੰਤਰ ਉੱਚੀ ਹੀ ਰਹੀ।
ਡਾ. ਮਨਮੋਹਨ ਸਿੰਘ ਨੇ ਜਿੱਥੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲਿਆ ਉੱਥੇ ਸਿਆਸੀ ਡਾਵਾਂਡੋਲਤਾ ਨੂੰ ਵੀ ਠੁਮਣਾ ਦਿੱਤਾ। ਉਹਨਾਂ ਇੱਕ ਗਠਜੋੜ ਵਾਲੀ ਭਾਰਤ ਸਰਕਾਰ ਦੀ ਅਗਵਾਈ ਕੀਤੀ ਜਿਸ ਵਿੱਚ ਬਾਗੀ ਸੁਰਾਂ ਵਾਲੇ ਖ਼ੇਤਰੀ ਦਲ ਅਤੇ ਹਮਾਇਤੀ ਸ਼ਾਮਲ ਸਨ। ਇਹ ਇੱਕ ਬਹੁਤ ਹੀ ਮੁਸ਼ਕਿਲ ਕਾਰਜ ਸੀ। ਭਾਵੇਂ ਕਿ ਡਾ. ਮਨਮੋਹਨ ਸਿੰਘ ਨੂੰ ਉਨਾਂ ਦੀ ਇਮਾਨਦਾਰੀ ਅਤੇ ਬੁੱਧੀਮਾਨਤਾ ਲਈ ਜਾਣਿਆ ਜਾਂਦਾ ਹੈ ਲੇਕਿਨ ਉਨਾਂ ਦੀ ਜ਼ਿਆਦਾ ਹੀ ਨਰਮ ਅਤੇ ਸਖ਼ਤ ਫੈਸਲੇ ਨਾ ਲੈਣ ਵਾਲੇ ਪ੍ਰਧਾਨ ਮੰਤਰੀ ਹੋਣ ਵਜੋਂ ਆਲੋਚਨਾ ਵੀ ਕੀਤੀ ਜਾਂਦੀ ਰਹੀ ਹੈ। ਕੁਝ ਆਲੋਚਕਾਂ ਮੁਤਾਬਕ ਉਨਾਂ ਦੇ ਪ੍ਰਧਾਨ ਮੰਤਰੀ ਹੁੰਦਿਆਂ ਸੁਧਾਰਾਂ ਦੀ ਗਤੀ ਹੌਲੀ ਹੋ ਗਈ ਸੀ ਅਤੇ ਉਹ ਵਿੱਤ ਮੰਤਰੀ ਵਾਲੀ ਫੁਰਤੀ ਨਾਲ ਕੰਮ ਨਹੀਂ ਕਰ ਸਕੇ। ਇਸਦਾ ਜ਼ਿੰਮੇਵਾਰ ਗਾਂਧੀ ਪਰਿਵਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਹਮੇਸ਼ਾ ਕਿਹਾ ਜਾਂਦਾ ਸੀ ਕਿ ਭਾਵੇਂ ਦੇਖਣ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹਨ ਪਰ ਅਸਲ ਵਿਚ ਸੁਪਰ ਪ੍ਰਧਾਨ ਮੰਤਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੀ ਹੈ ਤੇ ਜਿੰਨਾ ਕੁ ਉਹ ਇਸ਼ਾਰਾ ਕਰਦੇ ਹਨ ਓਨਾ ਹੀ ਡਾ. ਮਨਮੋਹਨ ਸਿੰਘ ਕੰਮ ਕਰਦੇ ਹਨ। ਪਰ ਡਾ. ਮਨਮੋਹਨ ਸਿੰਘ ਵਲੋਂ ਕੀਤੇ ਗਏ ਕਾਰਜਾਂ ਕਾਰਨ ਕਾਂਗਰਸ ਨੇ ਸਾਲ 2009 ਵਿੱਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਪਰ ਉਹਨਾਂ ਦਾ ਦੂਜਾ ਕਾਰਜਕਾਲ ਜ਼ਿਆਦਾਤਰ ਗਲਤ ਕਾਰਨਾਂ ਕਰਕੇ ਹੀ ਖ਼ਬਰਾਂ ਵਿੱਚ ਰਿਹਾ। ਇਸ ਦੌਰਾਨ ਉਹਨਾਂ ਦੀ ਸਰਕਾਰ ਅਤੇ ਕਈ ਕੈਬਨਿਟ ਮੰਤਰੀ ਘਪਲਿਆਂ ਦੇ ਦੋਸ਼ਾਂ ਵਿਚ ਘਿਰ ਗਏ। ਜਿਸ ਵਿਚ ਕੋਲਾ ਘੋਟਾਲਾ ਦਾ ਹਮੇਸ਼ਾ ਜ਼ਿਕਰ ਹੁੰਦਾ ਰਿਹਾ ਹੈ। ਵਿਰੋਧੀ ਪਾਰਟੀ ਭਾਜਪਾ ਦੇ ਇੱਕ ਸੀਨੀਅਰ ਆਗੂ ਲਾਲ ਕਿ੍ਰਸ਼ਣ ਅਡਵਾਨੀ ਨੇ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ। ਮਨਮੋਹਨ ਸਿੰਘ ਨੇ ਆਪਣੇ ਰਿਕਾਰਡ ਦਾ ਬਚਾਅ ਕਰਦਿਆਂ ਕਿਹਾ ਕਿ ‘‘ਉਨਾਂ ਦੀ ਸਰਕਾਰ ਨੇ ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਪੂਰੀ ਵਚਨਬੱਧਤਾ ਅਤੇ ਸਮਰਪਣ ਭਾਵਨਾ ਨਾਲ ਕੰਮ ਕੀਤਾ ਹੈ।’’
ਕੋਈ ਵੀ ਇਨਸਾਨੀ ਜਾਮੇ ਵਾਲਾ ਵਿਅਕਤੀ ਰੱਬ ਨਹੀਂ ਹੋ ਸਕਦਾ, ਜੇਕਰ ਉਹ ਇਕ ਦੀਆਂ ਨਜ਼ਰਾਂ ਵਿਚ ਸਹੀ ਹੈ ਤਾਂ ਉਸ ਸਹੀ ਦੇ ਵਿਰੋਧੀ ਦੀਆਂ ਨਜ਼ਰਾਂ ਵਿਚ ਉਹ ਗਲਤ ਹੁੰਦਾ ਹੈ। ਅਸਲ ਵਿਚ 1984 ਤੋਂ ਬਾਅਦ ਸਿੱਖਾਂ ਦਾ ਨਜ਼ਰੀਆ ਕਾਂਗਰਸ ਪ੍ਰਤੀ ਬਹੁਤ ਹੀ ਨਫ਼ਰਤ ਵਾਲਾ ਬਣ ਗਿਆ ਜਿਸ ਕਾਰਨ ਡਾ. ਮਨਮੋਹਨ ਸਿੰਘ ਏਡੇ ਵੱਡੇ ਅਹੁਦੇ ’ਤੇ ਹੁੰਦੇ ਹੋਏ ਵੀ ਸਿੱਖਾਂ ਵਿਚ ਕਦੇ ਵੀ ਸਤਿਕਾਰ ਦੇ ਪਾਤਰ ਨਹੀਂ ਬਣ ਸਕੇ। ਕਾਂਗਰਸ ਨੇ ਇਹ ਦਾਗ ਧੋਣ ਲਈ ਸਿੱਖਾਂ ਤੋਂ 1984 ਦੇ ਸਿੱਖ ਕਤਲੇਆਮ ਅਤੇ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਅਤੇ ਸ੍ਰੀ ਅਕਾਲ ਤਖਤ ’ਤੇ ਤਤਕਾਲੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਕੀਤੇ ਗਏ ਫੌਜੀ ਹਮਲੇ ਲਈ ਮੁਆਫ਼ੀ ਮੰਗਣ ਲਈ ਵੀ ਚਾਲ ਹੀ ਖੇਡੀ, ਉਹਨਾਂ ਕਾਂਗਰਸ ਪਾਰਟੀ ਵਲੋਂ ਮੁਆਫੀ ਮੰਗਣ ਦੀ ਬਜਾਏ ਦੇਸ਼ ਦੇ ਪ੍ਰਧਾਨ ਮੰਤਰੀ ਤੇ ਉਹ ਵੀ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੁਆਫੀ ਮੰਗਣ ਲਈ ਦਬਾਅ ਪਾਇਆ ਜੋ ਉਹਨਾਂ ਝੱਲਿਆ ਵੀ ਅਤੇ ਮੁਆਫੀ ਮੰਗੀ ਵੀ ਪਰ ਫਿਰ ਵੀ ਸਿੱਖ ਜਗਤ ਉੱਪਰ ਇਸ ਮੁਆਫੀ ਨੇ ਕੋਈ ਅਸਰ ਨਾ ਪਾਇਆ। ਉਹਨਾਂ ਦਾ ਜਨਮ ਪੰਜਾਬ ਸੂਬੇ ਭਾਵੇਂ ਉਹ ਖੇਤਰ ਅੱਜ ਪਾਕਿਸਤਾਨ ਹੈ ਵਿਚ ਹੋਇਆ ਜਿਸ ਕਾਰਨ ਪੰਜਾਬ ਦੇ ਲੋਕ ਸੋਚਦੇ ਸਨ ਕਿ ਡਾ. ਮਨਮੋਹਨ ਸਿੰਘ ਪੰਜਾਬ ਲਈ ਕੋਈ ਵਿਸ਼ੇਸ਼ ਸੱਨਅਤੀ ਪੈਕੇਜ ਜ਼ਰੂਰ ਦੇਣਗੇ ਪਰ ਉਹਨਾਂ ਆਪਣੇ ਕਾਰਜਕਾਲ ਦੇ ਦਸ ਸਾਲ ਵਿਚ ਇਕ ਵੀ ਪੈਕੇਜ ਪੰਜਾਬ ਨੂੰ ਨਹੀਂ ਦਿੱਤਾ। ਖਾੜਕੂਵਾਦ ਸਮੇਂ ’ਚ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸਿਰ ਚਾੜਿਆ ਗਿਆ ਕਰਜ਼ਾ ਵੀ ਡਾ. ਮਨਮੋਹਨ ਸਿੰਘ ਵਲੋਂ ਮੁਆਫ ਨਹੀਂ ਗਿਆ। ਸਿਆਣੇ ਕਹਿੰਦੇ ਨੇ ਕਿ ਜਦੋਂ ਇਨਸਾਨ ਤੁਰ ਜਾਵੇ ਤਾਂ ਉਸ ਦੀਆਂ ਬੁਰਾਈਆਂ ਨਾਲ ਹੀ ਚਲੀਆਂ ਜਾਂਦੀਆਂ ਹਨ ਅਤੇ ਅੱਛਾਈਆਂ ਰਹਿ ਜਾਂਦੀਆਂ ਹਨ, ਪਰ ਅਜਿਹਾ ਨਹੀਂ ਲੋਕ ਤੁਰ ਜਾਣ ਵਾਲੇ ਨਾਲ ਹਮਦਰਦੀ ਕਰਨ ਕਰ ਕੇ ਉਸਦੇ ਬੁਰੇ ਕੰਮਾਂ ਨੂੰ ਭੱੁਲ ਜਾਂਦੇ ਹਨ ਅਤੇ ਚੰਗੇ ਕੰਮਾਂ ਦੀਆਂ ਹੀ ਗੱਲਾਂ ਕਰਦੇ ਹਨ।
ਡਾ. ਮਨਮੋਹਨ ਸਿੰਘ ਨੇ ਆਪਣੀ ਜ਼ਿੰਦਗੀ ਵਿਚ ਜੋ ਵੀ ਕੀਤਾ ਉਹ ਮਨੱੁਖਤਾ ਦੇ ਭਲੇ ਲਈ ਕੀਤਾ ਤੇ ਅੱਜ ਸਾਰਾ ਦੇਸ਼ ਉਹਨਾਂ ਦੇ ਜਾਣ ’ਤੇ ਉਹਨਾਂ ਨੂੰ ਨਮਨ ਕਰਦਾ ਹੈ। ਆਮੀਨ!