
ਪੰਜਾਬ ਵਿਚ 27 ਸਤੰਬਰ ਤੋਂ ਸ਼ੁਰੂ ਹੋਇਆ ਪੰਚਾਇਤੀ ਚੋਣਾਂ ਦਾ ਦੌਰ ਅੱਜ ਮੁਕੰਮਲ ਹੋ ਗਿਆ ਹੈ। ਇਹ ਚੋਣਾਂ ਗੈਰ ਸਿਆਸੀ ਚੋਣਾਂ ਸਨ ਅਤੇ ਪੰਜਾਬ ਸਰਕਾਰ ਨੇ ਵੀ ਇਹਨਾਂ ਚੋਣਾਂ ’ਤੇ ਕਿਸੇ ਵੀ ਸਿਆਸੀ ਪਾਰਟੀ ਦਾ ਚੋਣ ਨਿਸ਼ਾਨ ਵਰਤਣ ’ਤੇ ਪਾਬੰਦੀ ਲਗਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਸੀ। ਅਸਲ ਵਿਚ ਪੰਚਾਇਤੀ ਚੋਣਾਂ ਵਿਚ ਸਮੀਕਰਨ ਬਹੁਤ ਹੀ ਵੱਖਰੇ ਜਿਹੇ ਬਣ ਜਾਂਦੇ ਹਨ ਜਿਸ ਕਾਰਨ ਹੋਰਨਾਂ ਚੋਣਾਂ ਨਾਲੋਂ ਪੰਚਾਇਤੀ ਚੋਣਾਂ ਵੇਲੇ ਮਹੌਲ ਬਹੁਤ ਹੀ ਜ਼ਿਆਦਾ ਗਰਮ ਰਹਿੰਦਾ ਹੈ। ਵੈਸੇ ਤਾਂ ਕਿਸੇ ਵੀ ਚੋਣ ਨੂੰ ਜ਼ਿਆਦਾ ਦਿਲ ’ਤੇ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਹਾਰ ਜਿੱਤ ਜ਼ਿੰਦਗੀ ਦਾ ਇਕ ਹਿੱਸਾ ਹੁੰਦਾ ਹੈ ਪਰ ਕਈਆਂ ਪਿੰਡਾਂ ਵਿਚ ਟਸਲਬਾਜੀ ਇੰਨੀ ਕੁ ਜ਼ਿਆਦਾ ਵਧ ਜਾਂਦੀ ਹੈ ਕਿ ਧੜੇ ਹਿੰਸਾ ’ਤੇ ਉਤਾਰੂ ਹੋ ਜਾਂਦੇ ਹਨ। ਕਈਆਂ ਥਾਵਾਂ ’ਤੇ ਕਤਲ ਵੀ ਹੋ ਜਾਂਦੇ ਹਨ। ਇਕ ਮਿੰਟ ਦਾ ਗੱੁਸਾ ਕਈ ਕਈ ਸਾਲ ਕੋਰਟਾਂ ਕਚਿਹਰੀਆਂ ਵਿਚ ਕਢਵਾ ਦਿੰਦਾ ਹੈ। ਵੈਸੇ ਤਾਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਵੇਲੇ ਵੀ ਪੰਚਾਇਤੀ ਚੋਣਾਂ ਵਿਚ ਹਿੰਸਾ ਹੁੰਦੀ ਰਹੀ ਹੈ ਪਰ ‘ਬਦਲਾਅ’ ਲਿਆਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿਚ ਵੀ ਹਾਲਾਤ ਕੁਝ ਬਦਲੇ ਨਹੀਂ ਹਨ।
ਪੰਚਾਇਤੀ ਚੋਣਾਂ ਦੌਰਾਨ ਆਈਆਂ ਹਿੰਸਾਂ ਦੀਆਂ ਖਬਰਾਂ ਉੱਤੇ ਇਕ ਨਜ਼ਰ ਮਾਰਦੇ ਹਾਂ। ਜ਼ਿਲਾ ਪਟਿਆਲਾ ਦੇ ਕਸਬਾ ਸਨੌਰ ਨੇੜਲੇ ਪਿੰਡ ਖੁੱਡਾ ਵਿਖੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਉੱਥੇ ਹੀ ਸਰਕਾਰ ਵਿਰੋਧੀ ਧਿਰ ਨਾਲ ਸਬੰਧਿਤ ਉਮੀਦਵਾਰ ਜੋਗਿੰਦਰ ਸਿੰਘ ਦੇ ਸਮਰਥਕਾਂ ਵਲੋਂ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ’ਤੇ ਬੂਥ ਉੱਪਰ ਕਬਜਾ ਕਰ ਕੇ ਬੈਲਟ ਬਾਕਸ ਚੋਰੀ ਕਰਨ ਦੇ ਇਲਜ਼ਾਮ ਵੀ ਲਾਏ। ਦੱਸਿਆ ਜਾਂਦਾ ਹੈ ਕਿ ਇਹ ਬੈਲਟ ਬਾਕਸ ਬਾਅਦ ਵਿੱਚ ਖੇਤਾਂ ਵਿੱਚੋਂ ਮਿਲਿਆ।
ਸ਼ੁਤਰਾਣਾ ਦੇ ਆਪ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪਿੰਡ ਕਰੀਮਗੜ ਚਿੱਚੜਵਾਲ ਵਿਖੇ ਸਰਪੰਚੀ ਦੀ ਚੋਣ ਲੜ ਰਹੇ ਗੁਰਚਰਨ ਰਾਮ ਅਤੇ ਹਮਾਇਤੀਆਂ ਨੇ ਦੋਸ਼ ਲਾਏ ਹਨ ਕਿ ਵਿਧਾਇਕ ਦੀ ਕਥਿਤ ਸ਼ਹਿ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮੱਰਥਕਾਂ ਵੱਲੋਂ ਬੂਥ ’ਤੇ ਕਬਜ਼ਾ ਕੀਤਾ ਗਿਆ। ਇਸ ਦੌਰਾਨ ਬੈਲਟ ਬਾਕਸ ਵਿੱਚ ਕਥਿਤ ਤੌਰ ’ਤੇ ਤੇਜ਼ਾਬ ਪਾ ਦਿੱਤਾ ਗਿਆ।
ਜ਼ਿਲਾ ਬਠਿੰਡਾ ਵਿਖੇ ਜ਼ਿਲੇ ਦੇ ਪਿੰਡ ਅਕਾਲੀਆਂ ਕਲਾਂ ਵਿਚ ਪੰਚਾਇਤ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਦੇ ਗੋਨਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਸਵਿਫਟ ਗੱਡੀ ਦੀ ਗੁੰਡਾ ਅਨਸਰਾਂ ਵੱਲੋਂ ਤੇਜ਼ ਹਥਿਆਰਾਂ ਨਾਲ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮਲੇ ਨੂੰ ਵੋਟਾਂ ਨਾਲ ਜੋੜ ਦੇਖਿਆ ਜਾ ਰਿਹਾ ਹੈ। ਪੀੜਤ ਹਰਪ੍ਰੀਤ ਸਿੰਘ ਨੇ ਦੱਸਿਆ ਉਹ ਟਰੱਕ ਯੂਨੀਅਨ ਗੋਨਿਆਣਾ ਦਾ ਪ੍ਰਧਾਨ ਹੈ। ਉਨਾਂ ਦਾ ਪਰਿਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਲਾ ਸਿੰਘ ਦੇ ਹੱਕ ਵਿਚ ਮਦਦ ਕਰ ਰਹੇ। ਅੱਜ ਕਰੀਬ 11.30 ਵਜੇ ਕੁਝ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਹਮਲਾ ਕਰਿਦਆਂ ਗੱਡੀ ਦੀ ਪੂਰੀ ਤਰਾਂ ਭੰਨਤੋੜ ਕੀਤੀ, ਇਸ ਦੌਰਾਨ ਮੇਰੇ ਭਰਾ ਨੇ ਭੱਜ ਕੇ ਅਪਣੀ ਜਾਨ ਬਚਾਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਮੁੱਖ ਇਲੈਕਸ਼ਨ ਕਮਿਸ਼ਨ ਪੰਜਾਬ ਅਤੇ ਚੋਣ ਕਮਿਸ਼ਨਰ ਬਠਿੰਡਾ ਨੂੰ ਹਿੰਸਾ ਦੇ ਵੇਰਵੇ ਭੇਜ ਦਿੱਤੇ ਹਨ।
ਫ਼ਾਜ਼ਿਲਕਾ ਦੇ ਪਿੰਡ ਜਲਾਲਾਬਾਦ ਵਿਚ ਆਪ ਦੇ ਸਰਪੰਚੀ ਦੇ ਉਮੀਦਵਾਰ ਮਨਦੀਪ ਸਿੰਘ ਦੇ ਹਮਲਾਵਰਾਂ ਵਲੋਂ ਗੋਲੀ ਮਾਰ ਦਿੱਤੀ ਗਈ। ਸਾਰੇ ਹੀ ਪੰਜਾਬ ਵਿਚੋਂ ਅਜਿਹੀਆਂ ਹਿੰਸਕ ਖਬਰਾਂ ਸਾਹਮਣੇ ਆ ਰਹੀਆਂ ਹਨ।
ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਇੰਨੇ ਕੁ ਤਤਭਲੱਥੇ ਵਿਚ ਕਰਵਾਈਆਂ ਕਿ ਕਿਸੇ ਨੂੰ ਕੁਝ ਸਮਝ ਹੀ ਨਾ ਲੱਗਾ। ਹਰੇਕ ਪਿੰਡ ਵਿਚ ਲੋਕਾਂ ਵਲੋਂ ਕੋਈ ਰਣਨੀਤੀ ਹੀ ਨਾ ਬਣਾਈ ਗਈ ਜਿਸ ਕਾਰਨ ਆਪਸ ਵਿਚ ਬਹੁਤ ਜ਼ਿਆਦਾ ਵੈਰ ਵਿਰੋਧ ਵੀ ਵਧ ਗਿਆ। ਇਸੇ ਵੈਰ ਵਿਰੋਧ ਦੇ ਚੱਲਦਿਆਂ ਇਹ ਚੋਣਾਂ ਹਿੰਸਾ ਦਾ ਸ਼ਿਕਾਰ ਹੋਈਆਂ। ਅਜੇ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਜੋ ਹਾਲਾਤ ਬਣਨ ਵਾਲੇ ਹਨ ਉਹਨਾਂ ਤੋਂ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ, ਕੁਝ ਵੀ ਹੋ ਸਕਦਾ ਹੈ। ਅਸਲ ਵਿਚ ਪੰਜਾਬ ਪੁਲਿਸ ਕੋਲ ਹਰ ਥਾਣੇ ਵਿਚ ਨਫਰੀ ਦੀ ਕਮੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਇਸ ਸਮੱਸਿਆ ਨੂੰ ਹੱਲ ਜ਼ਰੂਰ ਕਰੇਗੀ ਪਰ ਹਾਲਾਤ ਜਿਉਂ ਦੇ ਤਿਉਂ ਹਨ। ਪੁਲਿਸ ਨਫਰੀ ਦੀ ਘਾਟ ਹੋਣ ਕਾਰਨ ਹੀ ਪੰਜਾਬ ਵਿਚ ਜੁਰਮ ਦਿਨ ਪੁਰ ਦਿਨ ਵਧ ਰਿਹਾ ਹੈ।
ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ’ਤੇ ਆਸ ਕਰਦੇ ਹਾਂ ਕਿ ਚੁਣੇ ਹੋਏ ਨੁਮਾਇੰਦੇ ਪਿੰਡ ਨੂੰ ਹਿੰਸਾ ਅਤੇ ਪੱਖਪਾਤ ਤੋਂ ਦੂਰ ਰੱਖਣਗੇ ਅਤੇ ਆਪਣਾ ਇਕੋ ਇਕ ਨਿਸ਼ਾਨਾ ਪਿੰਡ ਦੇ ਵਿਕਾਸ ਨੂੰ ਬਣਾਉਣਗੇ। ਆਮੀਨ!