ਮੱਧ ਪ੍ਰਦੇਸ਼ ’ਚ 74 ਤੇ ਛੱਤੀਸਗੜ੍ਹ ’ਚ 70 ਫੀਸਦ ਪੋਲਿੰਗ

ਮੱਧ ਪ੍ਰਦੇਸ਼ ’ਚ 74 ਤੇ ਛੱਤੀਸਗੜ੍ਹ ’ਚ 70 ਫੀਸਦ ਪੋਲਿੰਗ

ਭੋਪਾਲ/ਰਾਏਪੁਰ - ਮੱਧ ਪ੍ਰਦੇਸ਼ ਅਸੈਂਬਲੀ ਦੀਆਂ ਸਾਰੀਆਂ 230 ਸੀਟਾਂ ਤੇ ਛੱਤੀਸਗੜ੍ਹ ਵਿਚ ਦੂਜੇ ਗੇੜ ਤਹਿਤ ਬਾਕੀ ਬਚਦੀਆਂ 70 ਸੀਟਾਂ ਲਈ ਵੋਟਿੰਗ ਦਾ ਅਮਲ ਦੋ ਧਿਰਾਂ ਵਿੱਚ ਹਿੰਸਕ ਝੜਪਾਂ ਤੇ ਨਕਸਲੀਆਂ ਵੱਲੋਂ ਕੀਤੇ ਧਮਾਕੇ ਦਰਮਿਆਨ ਸਿਰੇ ਚੜ੍ਹ ਗਿਆ। ਮੱਧ ਪ੍ਰਦੇਸ਼ ਵਿੱਚ 74.31 ਫੀਸਦ ਤੇ ਨਕਸਲ ਪ੍ਰਭਾਵਿਤ ਛੱਤੀਸਗੜ੍ਹ ਵਿੱਚ 70.60 ਫੀਸਦ ਪੋਲਿੰਗ ਦਰਜ ਕੀਤੀ ਗਈ। ਵੋਟ ਫੀਸਦ ਵਧਣ ਦਾ ਅਨੁਮਾਨ ਹੈ ਕਿਉਂਕਿ ਅੰਤਿਮ ਅੰਕੜੇ ਸ਼ਨਿੱਚਰਵਾਰ ਨੂੰ ਹੀ ਸਾਹਮਣੇ ਆਉਣਗੇ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਦੋ ਧਿਰਾਂ ਵਿਚ ਹੋਏ ਝਗੜੇ ’ਚ ਕਾਂਗਰਸ ਉਮੀਦਵਾਰ ਦਾ ਨੇੜਲਾ ਸਾਥੀ ਮਾਰਿਆ ਗਿਆ ਜਦੋਂਕਿ ਇੰਦੌਰ ਜ਼ਿਲ੍ਹੇ ਦੇ ਮਾਓ ’ਚ ਹੋਈ ਝੜਪ ਵਿਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਕੇਂਦਰੀ ਮੰਤਰੀ ਨਰੇਂਦਰ ਤੋਮਰ ਦੇ ਮੋਰੈਨਾ ਜ਼ਿਲ੍ਹੇ ਵਿਚ ਪੈਂਦੇ ਦੀਮਾਨੀ ਚੋਣ ਹਲਕੇ ਵਿਚ ਵੀ ਦੋ ਵਿਅਕਤੀ ਜ਼ਖ਼ਮੀ ਹੋ ਗਏ। ਉਧਰ ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ ਆਈਟੀਬੀਪੀ ਦਾ ਜਵਾਨ ਸ਼ਹੀਦ ਹੋ ਗਿਆ। ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਦਰਮਿਆਨ ਸੀ। ਹਾਲਾਂਕਿ ਆਮ ਆਦਮੀ ਪਾਰਟੀ, ਬਸਪਾ, ਸਪਾ ਤੇ ਕੁਝ ਹੋਰਨਾਂ ਖੇਤਰੀ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।