ਪੰਜ ਰਾਜਾਂ ’ਚ ਅਸੈਂਬਲੀ ਚੋਣਾਂ ਲਈ ਤਰੀਕਾਂ ਦਾ ਐਲਾਨ

ਪੰਜ ਰਾਜਾਂ ’ਚ ਅਸੈਂਬਲੀ ਚੋਣਾਂ ਲਈ ਤਰੀਕਾਂ ਦਾ ਐਲਾਨ

ਨਵੀਂ ਦਿੱਲੀ - ਚੋਣ ਕਮਿਸ਼ਨ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੰਚ ਤਿਆਰ ਕਰਦਿਆਂ ਅੱਜ ਪੰਜ ਰਾਜਾਂ- ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ ਤੇ ਮਿਜ਼ੋਰਮ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਪੰਜ ਰਾਜਾਂ ਦੀਆਂ ਅਸੈਂਬਲੀਆਂ ਲਈ 7 ਤੋਂ 30 ਨਵੰਬਰ ਦੌਰਾਨ ਵੱਖੋ ਵੱਖਰੇ ਦਿਨਾਂ ਨੂੰ ਵੋਟਾਂ ਪੈਣਗੀਆਂ ਜਦੋਂਕਿ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਇਕੋ ਦਿਨ 3 ਦਸੰਬਰ ਨੂੰ ਹੋਵੇਗਾ। ਛੱਤੀਸਗੜ੍ਹ ਵਿੱਚ ਦੋ ਪੜਾਵਾਂ (7 ਤੇ 17 ਨਵੰਬਰ) ਜਦੋਂਕਿ ਬਾਕੀ ਚਾਰ ਰਾਜਾਂ- ਮਿਜ਼ੋਰਮ (7 ਨਵੰਬਰ), ਮੱਧ ਪ੍ਰਦੇਸ਼ (17 ਨਵੰਬਰ), ਰਾਜਸਥਾਨ (23 ਨਵੰਬਰ) ਤੇ ਤਿਲੰਗਾਨਾ (30 ਨਵੰਬਰ) ਵਿੱਚ ਇਕਹਿਰੇ ਗੇੜ ਤਹਿਤ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਲਈ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਰੀਬ 16 ਕਰੋੜ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਹੋਣਗੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਇਨ੍ਹਾਂ ਰਾਜਾਂ ਵਿੱਚ ਆਦਰਸ਼ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ। ਮਿਜ਼ੋਰਮ ਦੀਆਂ ਸਾਰੀਆਂ 40 ਅਸੈਂਬਲੀ ਸੀਟਾਂ ਲਈ 7 ਨਵੰਬਰ ਨੂੰ ਵੋਟਾਂ ਪੈਣਗੀਆਂ ਜਦੋਂਕਿ ਇਸੇ ਦਿਨ ਛੱਤੀਸਗੜ੍ਹ ਵਿੱਚ ਪਹਿਲੇੇ ਪੜਾਅ ਤਹਿਤ 20 ਸੀਟਾਂ ਲਈ ਪੋਲਿੰਗ ਹੋਵੇਗੀ। ਛੱਤੀਸਗੜ੍ਹ ਦੀਆਂ ਬਾਕੀ ਬਚਦੀਆਂ 70 ਸੀਟਾਂ ਲਈ 17 ਨਵੰਬਰ ਨੂੰ ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਸੀਟਾਂ ਨਾਲ ਵੋਟਾਂ ਪੈਣਗੀਆਂ। ਰਾਜਸਥਾਨ ਦੀਆਂ ਸਾਰੀਆਂ 200 ਅਸੈਂਬਲੀ ਸੀਟਾਂ 23 ਨਵੰਬਰ ਤੇ 119 ਮੈਂਬਰੀ ਤਿਲੰਗਾਨਾ ਅਸੈਂਬਲੀ ਲਈ ਸਭ ਤੋਂ ਅਖੀਰ ਵਿੱਚ 30 ਨਵੰਬਰ ਨੂੰ ਪੋਲਿੰਗ ਦਾ ਅਮਲ ਸਿਰੇ ਚੜ੍ਹੇਗਾ। ਪੰਜ ਰਾਜਾਂ ਲਈ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੈਂਬਲੀ ਚੋਣਾਂ ਦਾ ਇਹ ਆਖਰੀ ਸੈੱਟ ਹੋਵੇਗਾ। ਕਾਂਗਰਸ ਜਿੱਥੇ ਰਾਜਸਥਾਨ ਤੇ ਛੱਤੀਸਗੜ੍ਹ ’ਚ ਸੱਤਾ ਵਿਚ ਹੈ, ਉਥੇੇ ਮੱਧ ਪ੍ਰਦੇਸ਼ ਵਿਚ ਭਾਜਪਾ, ਤਿਲੰਗਾਨਾ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੇ ਮਿਜ਼ੋਰਮ ਵਿਚ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ) ਪਾਰਟੀ ਦੀ ਸਰਕਾਰ ਹੈ। ਸੀਈਸੀ ਨੇ ਕਿਹਾ ਕਿ ਇਨ੍ਹਾਂ ਪੰਜ ਰਾਜਾਂ ਵਿੱਚ 1.77 ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ ਤੇ ਇਨ੍ਹਾਂ ਵਿਚੋਂ 1.01 ਲੱਖ ਵਿੱਚ ਵੈੱਬਕਾਸਟਿੰਗ ਦੀ ਸਹੂਲਤ ਉਪਲੱਬਧ ਰਹੇਗੀ। ਉਨ੍ਹਾਂ ਕਿਹਾ ਕਿ ਅੱਠ ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਮਹਿਲਾਵਾਂ ਹੱਥ ਰਹੇਗਾ। ਕੁਮਾਰ ਨੇ ਕਿਹਾ, ‘‘ਅਸੀਂ ਛੇ ਮਹੀਨਿਆਂ ਦੇ ਵਕਫ਼ੇ ਮਗਰੋਂ ਇਥੇ ਇਕੱਠੇ ਹੋਏ ਹਾਂ। ਇਹ ਚੋਣਾਂ ਦੇਸ਼ ਲਈ ਬਹੁਤ ਅਹਿਮ ਹਨ ਅਤੇ ਇਸ ਮਗਰੋਂ, ਅਸੀਂ ਲੋਕ ਸਭਾ ਚੋਣਾਂ ਦੇ ਐਲਾਨ ਲਈ ਮਿਲਾਂਗੇ।’’ ਉਨ੍ਹਾਂ ਕਿਹਾ, ‘‘ਮਿਜ਼ੋਰਮ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ ਤੇ ਤਿਲੰਗਾਨਾ ਵਿਚ ਅਸੈਂਬਲੀ ਚੋਣਾਂ ਦੀ ਤਿਆਰੀ ਮੌਕੇ ਅਸੀਂ ਸਿਆਸੀ ਪਾਰਟੀਆਂ ਤੇ ਐੱਨਫੋਰਸਮੈਂਟ ਏਜੰਸੀਆਂ ਸਣੇ ਸਾਰੇ ਸਬੰਧਤ ਭਾਈਵਾਲਾਂ ਨੂੰ ਮਿਲੇ।’’ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਚੋਣ ਸੂਚੀਆਂ ਨੂੰ ਸੰਮਲਿਤ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਤੇ ਸਾਰਾ ਧਿਆਨ ਇਹ ਯਕੀਨੀ ਬਣਾਉਣ ’ਤੇ ਰਹੇਗਾ ਕਿ ਸਾਰੇ ਵੋਟਰ ਵੋਟ ਪਾਉਣ ਲਈ ਆਉਣ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤਿਲੰਗਾਨਾ ਤੇ ਮਿਜ਼ੋਰਮ ਵਿੱਚ 8.2 ਕਰੋੜ ਪੁਰਸ਼ ਤੇ 7.8 ਕਰੋੜ ਮਹਿਲਾ ਵੋਟਰ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਅੰਕੜਾ 60.2 ਲੱਖ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਅਸੈਂਬਲੀ ਚੋਣਾਂ ਵਾਸਤੇ ਨਵਾਂ ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ ਲਿਆਂਦਾ ਗਿਆ ਹੈ।