
ਅੰਮ੍ਰਿਤਸਰ,-ਲੋਕ ਸਭਾ ਚੋਣਾਂ 2024 ਦੀਆਂ 1 ਜੂਨ ਨੂੰ ਪੈਣ ਜਾ ਰਹੀਆਂ ਵੋਟਾਂ ਦੇ ਸਬੰਧ ਵਿਚ ਜ਼ਿਲ੍ਹੇ ਵਿੱਚ ਬਣੇ 2134 ਪੋਲਿੰਗ ਬੂਥਾਂ ਲਈ ਪ੍ਰਸ਼ਾਸਨ ਵੱਲੋਂ ਅੱਜ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਵਾਸਤੇ ਲਗਪਗ 30 ਉਮੀਦਵਾਰ ਮੈਦਾਨ ਵਿੱਚ ਹਨ, ਇਨ੍ਹਾਂ ਵਿੱਚੋਂ ਇਕ ਦੀ ਸੰਸਦ ਮੈਂਬਰ ਵਜੋਂ ਚੋਣ ਕਰਨ ਵਾਸਤੇ ਭਲਕੇ ਵੋਟਾਂ ਪੈਣਗੀਆਂ।
ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਲਗਪਗ 20 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਡਿਊਟੀ ਲਗਾਈ ਲਗਾਈ ਹੈ, ਜਿਸ ਵਿੱਚ ਵਾਲੰਟੀਅਰਾਂ ਤੋਂ ਇਲਾਵਾ ਆਸ਼ਾ ਵਰਕਰ ਵੀ ਸ਼ਾਮਲ ਹਨ। ਸੁਰੱਖਿਆ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 13 ਕੰਪਨੀਆਂ ਦਿਹਾਤੀ ਖੇਤਰ ਵਿੱਚ ਅਤੇ 12 ਪੁਲੀਸ ਕੰਪਨੀਆਂ ਸ਼ਹਿਰੀ ਖੇਤਰ ਵਿੱਚ ਤਾਇਨਾਤ ਹਨ। ਉਨਾਂ ਦੱਸਿਆ ਕਿ ਸਭ ਤੋਂ ਵੱਡਾ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਜਿੱਥੇ ਬੈਠ ਕੇ 2134 ਬੂਥਾਂ ’ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਹਰ ਹਲਕੇ ਵਿੱਚ 1-1 ਪਿੰਕ ਬੂਥ ਬਣਾਇਆ ਗਿਆ ਹੈ। ਇਸ ਪਿੰਕ ਬੂਥ ਵਿੱਚ ਸਾਰਾ ਸਟਾਫ ਮਹਿਲਾਵਾਂ ਦਾ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲੀ ਜੂਨ ਨੂੰ ਕਮਾਈ ਛੁੱਟੀ (ਪੇਡ ਹੋਲੀਡੇਅ) ਦਾ ਐਲਾਨ ਕੀਤਾ ਗਿਆ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਸਹਾਇਕ ਰਿਟਰਨਿੰਗ ਅਫ਼ਸਰ-ਕਮ ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਪੋਲਿੰਗ ਪਾਰਟੀਆਂ ਨੂੰ ਸੁਰੱਖਿਆ ਕਰਮੀਆਂ ਨਾਲ ਬੂਥਾਂ ਲਈ ਰਵਾਨਾ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਸ਼ਾਹਕੋਟ ਅੰਦਰ 250 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 44 ਸੰਵੇਦਨਸ਼ੀਲ ਹਨ।
ਫਗਵਾੜਾ (ਪੱਤਰ ਪ੍ਰੇਰਕ): ਐੱਸਡੀਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਫਗਵਾੜਾ ਬਲਾਕ ਦੇ 227 ਪੋਲਿੰਗ ਬੂਥਾਂ ਲਈ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 121 ਪੇਂਡੂ ਬੂਥਾ ਤੇ 106 ਸ਼ਹਿਰੀ ਬੂਥਾ ਲਈ ਪਾਰਟੀਆਂ ਪੁੱਜ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਪ੍ਰਸਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਬਟਾਲਾ (ਖੇਤਰੀ ਪ੍ਰਤੀਨਿਧ): ਐੱਸਡੀਐੱਮ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਅੱਜ ਸਥਾਨਕ ਬੇਰਿੰਗ ਕਾਲਜ ਤੋਂ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਟਾਲਾ ਵਿਧਾਨ ਸਭਾ ਹਲਕੇ ਲਈ ਕੁੱਲ 201 ਪੋਲਿੰਗ ਬੂਥ ਸਥਾਪਤ ਕੀਤੇ ਹਨ। ਕਰੀਬ 1100 ਕਰਮਚਾਰੀ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।