ਪ੍ਰੀਖਿਆਰਥੀਆਂ ਨੇ ਨੀਟ ਪ੍ਰੀਖਿਆ ਵਿੱਚ ਨੰਬਰ ਵਧਾਉਣ ਦਾ ਦੋਸ਼ ਲਾਇਆ

ਪ੍ਰੀਖਿਆਰਥੀਆਂ ਨੇ ਨੀਟ ਪ੍ਰੀਖਿਆ ਵਿੱਚ ਨੰਬਰ ਵਧਾਉਣ ਦਾ ਦੋਸ਼ ਲਾਇਆ

ਨਵੀਂ ਦਿੱਲੀ: - ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ (ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ) ਦੇ ਕਈ ਪ੍ਰੀਖਿਆਰਥੀਆਂ ਨੇ ਕਈ ਉਮੀਦਵਾਰਾਂ ਦੇ ਨੰਬਰ ਵਧਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਸ ਕਰ ਕੇ ਰਿਕਾਰਡ 67 ਪ੍ਰੀਖਿਆਰਥੀਆਂ ਨੇ ਚੋਟੀ ਦੇ ਸਥਾਨ ਹਾਸਲ ਕੀਤੇ ਅਤੇ ਇਨ੍ਹਾਂ ਵਿੱਚੋਂ ਛੇ ਉਮੀਦਵਾਰ ਇੱਕੋਂ ਪ੍ਰੀਖਿਆ ਕੇਂਦਰ ਤੋਂ ਹਨ। ਹਾਲਾਂਕਿ, ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਕਿਸੇ ਵੀ ਤਰ੍ਹਾਂ ਦੀ ਅਨਿਯਮਤਾ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਵਧੇਰੇ ਨੰਬਰ ਪ੍ਰਾਪਤ ਕੀਤੇ ਜਾਣ ਪਿੱਛੇ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਦੀਆਂ ਪਾਠ ਪੁਸਤਕਾਂ ਵਿੱਚ ਕੀਤੇ ਗਏ ਬਦਲਾਅ ਅਤੇ ਪ੍ਰੀਖਿਆ ਕੇਂਦਰਾਂ ’ਤੇ ਸਮਾਂ ਬਰਬਾਦ ਹੋਣ ਦੀ ਸਥਿਤੀ ਵਿੱਚ ਦਿੱਤੇ ਗਏ ਵਾਧੂ ਨੰਬਰ ਮੁੱਖ ਕਾਰਨ ਹੋ ਸਕਦੇ ਹਨ। ਐੱਨਟੀਏ ਵੱਲੋਂ ਬੁੱਧਵਾਰ ਸ਼ਾਮ ਨੂੰ ਐਲਾਨੇ ਗਏ ਨਤੀਜਿਆਂ ਵਿੱਚ 67 ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚੋਂ ਛੇ ਵਿਦਿਆਰਥੀ ਹਰਿਆਣਾ ਦੇ ਇੱਕੋ ਪ੍ਰੀਖਿਆ ਕੇਂਦਰ ਤੋਂ ਹਨ। ਕਾਂਗਰਸ ਨੇ ‘ਐਕਸ’ ਉੱਤੇ ਲਿਖਿਆ, ‘‘ਨੀਟ ਪ੍ਰੀਖਿਆ ਤੋਂ ਬਾਅਦ ਹੁਣ ਨੀਟ ਦਾ ਨਤੀਜਾ ਵੀ ਵਿਵਾਦਾਂ ਵਿੱਚ ਹੈ। ਨੀਟ ਦਾ ਨਤੀਜਾ ਆਉਣ ਤੋਂ ਬਾਅਦ ਇਕ ਹੀ ਪ੍ਰੀਖਿਆ ਕੇਂਦਰ ਦੇ ਛੇ ਵਿਦਿਆਰਥੀਆਂ ਦੇ 720 ’ਚੋਂ 720 ਨੰਬਰ ਹਾਸਲ ਕਰਨ ’ਤੇ ਸਵਾਲ ਉੱਠ ਰਹੇ ਹਨ।
ਕੋਟਾ ’ਚ ਪ੍ਰੀਖਿਆਰਥੀ ਲੜਕੀ ਵੱਲੋਂ ਖੁਦਕੁਸ਼ੀ
ਕੋਟਾ (ਰਾਜਸਥਾਨ): ਕੌਮੀ ਯੋਗਤਾ ਤੇ ਦਾਖ਼ਲਾ ਪ੍ਰੀਖਿਆ-ਅੰਡਰ ਗ੍ਰੈਜੂਏਟ (ਨੀਟ-ਯੂਜੀ) ਦੇ ਨਤੀਜੇ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਹੀ ਰਾਜਸਥਾਨ ਦੇ ਕੋਟਾ ਵਿੱਚ ਇਕ 18 ਸਾਲਾ ਪ੍ਰੀਖਿਆਰਥੀ ਲੜਕੀ ਨੇ ਇਕ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਕਥਿਤ ਤੌਰ ’ਤੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਬਗੀਸ਼ਾ ਤਿਵਾੜੀ ਵਜੋਂ ਹੋਈ ਹੈ ਅਤੇ ਉਹ ਇਸੇ ਇਮਾਰਤ ਦੀ ਪੰਜਵੀਂ ਮੰਜ਼ਿਲ ’ਤੇ ਆਪਣੀ ਮਾਂ ਤੇ ਭਰਾ ਨਾਲ ਰਹਿੰਦੀ ਸੀ।