
ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਕਈ ਪਾਸੇ ਮੋਰਚੇ ਖੋਲੀ ਬੈਠੇ ਹਨ। ਉਹ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਾਲ ਵੀ ਪੇਚਾ ਪਾਈ ਬੈਠੇ ਹਨ, ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਪੈੜ ਵੀ ਨੱਪੀ ਜਾ ਰਹੇ ਹਨ, ਬੀ.ਜੇ.ਪੀ. ਨਾਲ ਵੀ ਟਰਕਾ ਬਣਾਈ ਬੈਠੇ ਹਨ, ਉਹ ਕਾਂਗਰਸ ਨੂੰ ਵੀ ਨਹੀਂ ਬਖਸ਼ ਰਹੇ ਅਤੇ ਸਭ ਤੋਂ ਵੱਡਾ ਮਸਲਾ ਕਿ ਉਹ ਐੱਸ.ਜੀ.ਪੀ.ਸੀ. ਨਾਲ ਵੀ ਸਿੰਗ ਫਸਾਉਣ ਲਈ ਤਿਆਰ ਬੈਠੇ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਜੋ ਸਿੱਖ ਪੰਥ ਦਾ ਨੁਕਸਾਨ ਕੀਤਾ ਹੈ ਉਹ ਕੋਈ ਸਿੱਖ ਵਿਰੋਧੀ ਧਿਰ ਵੀ ਨਹੀਂ ਕਰ ਸਕੀ। ਸੁਖਬੀਰ ਸਿੰਘ ਬਾਦਲ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋੜ ਕੇ ਡੇਰਾ ਸੱਚਾ ਸੌਦਾ ਦੇ ਮੁਖੀ ਸੌਦਾ ਸਾਧ ਨੂੰ ਬਿਨ ਮੰਗਿਆਂ ਹੀ ਜਥੇਦਾਰ ਤੋਂ ਮੱਲੋਜ਼ੋਰੀ ਮੁਆਫ਼ੀ ਦੁਆ ਕੇ ਸਿੱਖ ਪੰਥ ਦਾ ਵੱਡਾ ਨੁਕਸਾਨ ਕੀਤਾ। ਫਿਰ ਜਦੋਂ ਪੰਥ ਵਲੋਂ ਲਾਹ-ਪਾਹ ਹੋਈ ਤਾਂ ਇਸ ਮੁਆਫ਼ੀ ਨੂੰ ਵਾਪਸ ਵੀ ਲੈਣਾ ਪਿਆ ਪਰ ਪੰਥ ਨੇ ਉਨਾਂ ਨੂੰ ਮਾਫ਼ ਨਾ ਕੀਤਾ ਜਿਸ ਕਾਰਨ ਉਹ ਲਗਾਤਾਰ ਦੋ ਵਾਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਾਰ ਦੇ ਸ਼ਿਕਾਰ ਹੋਏ। ਸੁਖਬੀਰ ਸਿੰਘ ਬਾਦਲ ਨੂੰ ਇਕ ਵੇਲੇ ਇੰਝ ਲੱਗਦਾ ਸੀ ਕਿ ਉਹ ਪੰਜਾਬ ਉੱਤੇ ਘੱਟੋ-ਘੱਟ 25 ਸਾਲ ਰਾਜ ਕਰਨਗੇ ਅਤੇ ਉਹ ਵੀ ਮਨਮਰਜ਼ੀ ਨਾਲ। ਪਰ ਉਹਨਾਂ ਦਾ ਭੁਲੇਖਾ ਜਲਦੀ ਹੀ ਨਿਕਲ ਗਿਆ ਜਦ ਉਹਨਾਂ ਦੇ ਗਲ ਲਗਾਤਾਰ ਹਾਰਾਂ ਪੈਣ ਲੱਗੀਆਂ। ਖੈਰ ਅਕਾਲੀ ਦਲ ਦੀ ਨਲਾਇਕੀ ਅਤੇ ਕਾਂਗਰਸ ਦੀ ਆਪਸੀ ਕੱੁਕੜ ਖੇਹ ਦਾ ਹੱਦੋਂ ਵੱਧ ਫਾਇਦਾ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਹੋਇਆ। ਪੰਜਾਬ ਦੀ ਜਨਤਾ ਨੇ ਦੋਹਾਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਕੁਰਸੀ ’ਤੇ ਬਿਠਾ ਦਿੱਤਾ। ਭਗਵੰਤ ਮਾਨ ਨੂੰ ਵੀ ਇਹ ਭੁਲੇਖਾ ਪੈ ਚੁੱਕਾ ਹੈ ਕਿ ਲੋਕ ਉਸ ਨਾਲ ਪੱਕੇ ਤੌਰ ’ਤੇ ਜੁੜ ਚੱੁਕੇ ਹਨ ਅਤੇ ਉਹ ਜੋ ਮਰਜ਼ੀ ਕਰੀ ਜਾਵੇ ਉਸਨੂੰ ਕੋਈ ਰੋਕ ਨਹੀਂ ਸਕਦਾ। ਇਤਿਹਾਸ ਫਰੋਲ ਕੇ ਵੇਖੀਏ ਤਾਂ ਜਿਹਨੇ ਵੀ ਸਿੱਖ ਪੰਥ ਨਾਲ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਆਪਣੇ ਕੱਟੜ ਦੁਸ਼ਮਣ ਸੁਖਬੀਰ ਸਿੰਘ ਬਾਦਲ ਦਾ ਆਰਥਿਕ ਨੁਕਸਾਨ ਕਰਨ ਲਈ ਭਗਵੰਤ ਸਿੰਘ ਮਾਨ, ਪੀ.ਟੀ.ਸੀ. ਚੈੱਨਲ ਦੇ ਹੱਥੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖੋਹਣੇ ਚਾਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਇਸ ਤਰਾਂ ਹੋਣਾ ਵੀ ਚਾਹੀਦਾ ਹੈ ਪਰ ਐੱਸ.ਜੀ.ਪੀ.ਸੀ. ਨੂੰ ਕਿਸੇ ਵੀ ਤਰਾਂ ਦਾ ਕੋਈ ਹੁਕਮ ਕਰਨਾ ਇਹ ਬਿਲਕੁਲ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਭਗਵੰਤ ਮਾਨ ਨੂੰ ਇੱਥੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਥਕ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਹਨ ਪਰ ਉਹ ਸ੍ਰੀ ਅਕਾਲੀ ਤਖਤ ਸਾਹਿਬ ਦੇ ਬਿਲਕੁਲ ਨਾਲ ਹਨ। ਜੇਕਰ ਉਹਨਾਂ ਦੇ ਦਿਮਾਗ ਵਿਚ ਇਹ ਪੈ ਗਿਆ ਕਿ ਭਗਵੰਤ ਮਾਨ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਿਹਾ ਹੈ ਤਾਂ ਪੰਜਾਬ ਸਰਕਾਰ ਲਈ ਸਿੱਖ ਪੰਥ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਹੁਣ ਪੰਜਾਬ ਵਿਧਾਨ ਸਭਾ ਵਿਚ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਕਰਦਿਆਂ ਸਭ ਚੈੱਨਲਾਂ ਲਈ ਗੁਰਬਾਣੀ ਪ੍ਰਸਾਰਣ ਮੁਫ਼ਤ ਕਰਨ ਦਾ ਮੱੁਦਾ ਇਸ ਵੇਲੇ ਪੂਰੀ ਤਰਾਂ ਭਖਿਆ ਹੋਇਆ ਹੈ। ਐੱਸ.ਜੀ.ਪੀ.ਸੀ. ਦੇ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ ਨੇ ਇਕ ਬਿਆਨ ਵਿਚ ਕਿਹਾ ਕਿ ਭਗਵੰਤ ਸਿੰਘ ਮਾਨ ਵਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਸਿੱਧੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਨਾਬਰਦਾਸ਼ਤਯੋਗ ਹੈ ਅਤੇ ਪੰਜਾਬ ਵਿਧਾਨ ਸਭਾ ਵਿਚ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਮੱੁਦੇ ’ਤੇ ਵਿਚਾਰ ਚਰਚਾ ਕਰਨ ਲਈ ਉਨਾਂ ਵਲੋਂ ਜਨਰਲ ਹਾਊਸ ਦੀ ਮੀਟਿੰਗ ਸੱਦ ਲਈ ਗਈ ਸੀ। ਸ੍ਰੀ ਅੰਮਿ੍ਰਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸਮੂਹ ਮੈਂਬਰਾਂ ਨੇ ਸਰਬ ਸਮਤੀ ਅਤੇ ਇਕਸੁਰਤਾ ਨਾਲ ਪੰਜਾਬ ਸਰਕਾਰ ਵਲੋਂ ਪਾਏ ਗਏ ਮਤੇ ਨੂੰ ਰੱਦ ਕਰ ਦਿੱਤਾ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਕ ਨੁਕਾਤੀ ਏਜੰਡੇ ’ਤੇ ਸੱਦੇ ਹੰਗਾਮੀ ਜਨਰਲ ਇਜਲਾਸ ਵਿਚ ਇਹ ਮਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੜਿਆ, ਜਿਸ ਨੂੰ ਹਾਲ ਵਿਚ ਮੌਜੂਦ ਸਮੂਹ ਮੈਂਬਰਾਂ ਨੇ ਇਕਸੁਰਤਾ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਇਸ ਮਤੇ ਰਾਹੀਂ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਾਰ ਦਿੱਤਾ ਗਿਆ ਅਤੇ ਇਸ ਦਾ ਸਖਤ ਵਿਰੋਧ ਕੀਤਾ ਗਿਆ। ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਪਾਸ ਕੀਤੇ ਬਿੱਲ ਨੂੰ ਵਾਪਸ ਲਵੇ ਨਹੀਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਦੀ ਅਗਵਾਈ ਹੇਠ ਮੋਰਚਾ ਸ਼ੁਰੂ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਬਿੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪਾਸ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਬਿੱਲ ਨੂੰ ਰੱਦ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਮਾਸਟਰ ਤਾਰਾ ਸਿੰਘ ਅਤੇ ਜਵਾਹਰ ਲਾਲ ਨਹਿਰੂ ਵਿਚਾਲੇ ਸਮਝੌਤੇ ਤਹਿਤ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਦੇ ਦੋ ਤਿਹਾਈ ਬਹੁਮਤ ਨਾਲ ਸਿੱਖ ਗੁਰਦੁਆਰਾ ਐਕਟ 1925 ਵਿਚ ਕੋਈ ਸੋਧ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਹੋਈਆਂ ਸੋਧਾਂ ਵੀ ਇਸੇ ਤਰਾਂ ਜਨਰਲ ਹਾਊਸ ਵਲੋਂ ਦੋ ਤਿਹਾਈ ਬਹੁਮਤ ਨਾਲ ਕੀਤੀਆਂ ਸਿਫਾਰਸ਼ਾਂ ਤਹਿਤ ਹੋਈਆਂ ਹਨ। ਉਨਾਂ ਨੇ ਹਵਾਲਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਬਾਅਦ ਅੰਗਰੇਜ਼ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ ਸਨ ਪਰ ਸਿੱਖ ਪੰਥ ਵੱਲੋਂ ਸਰਕਾਰ ਦੀ ਸਥਾਪਤ ਕਮੇਟੀ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨਾਂ ਕਿਹਾ ਕਿ ਸਿੱਖ ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਅਤੇ ਇਹ ਸਿੱਖ-ਪਰੰਪਰਾਵਾਂ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਜਨਰਲ ਹਾਊਸ ਇਜਲਾਸ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਹਾਜ਼ਰ ਸਨ। ਇਜਲਾਸ ਵਿਚ ਵੱਖ-ਵੱਖ ਧਿਰਾਂ ਅਤੇ ਧੜਿਆਂ ਦੇ ਮੈਂਬਰ ਵੀ ਸ਼ਾਮਲ ਸਨ। ਇਜਲਾਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਨਾਲ ਸਿੰਘ ਸ਼ਬਦ ਲਾਉਣ ’ਤੇ ਵੀ ਇਤਰਾਜ਼ ਕੀਤਾ ਗਿਆ ਹੈ। ਮਤੇ ਰਾਹੀਂ ਇਹ ਮੰਗ ਵੀ ਕੀਤੀ ਗਈ ਹੈ ਕਿ ਦਾੜੀ ਅਤੇ ਕੇਸਾਂ ਦੀ ਬੇਅਦਬੀ ਕਰਨ ਲਈ ਮੁੱਖ ਮੰਤਰੀ ਅਤੇ ਭਗਤ ਸਾਹਿਬਾਨ ਦਾ ਨਾਂ ਗੈਰ ਸਤਿਕਾਰਤ ਢੰਗ ਨਾਲ ਲਾਏ ਜਾਣ ਖ਼ਿਲਾਫ਼ ਵਿਧਾਇਕ ਬੁੱਧ ਰਾਮ ਜਨਤਕ ਮੁਆਫੀ ਮੰਗਣ।
ਐੱਸ.ਜੀ.ਪੀ.ਸੀ. ਦੀ ਇਸ ਕਾਰਵਾਈ ਨੂੰ ਹਲਕੇ ਵਿਚ ਲੈਣਾ ਭਗਵੰਤ ਮਾਨ ਲਈ ਭਾਰੀ ਪੈ ਸਕਦਾ ਹੈ। ਜੇਕਰ ਭਗਵੰਤ ਮਾਨ ਨੇ ਸਿੱਧੇ ਤੌਰ ’ਤੇ ਐੱਸ.ਜੀ.ਪੀ.ਸੀ. ਨਾਲ ਵਿਵਾਦ ਸ਼ੁਰੂ ਕਰ ਲਿਆ ਤਾਂ ਇਹ ਹੋ ਨਹੀਂ ਸਕਦਾ ਕਿ ਭਗਵੰਤ ਮਾਨ ਨੂੰ ਕੋਈ ਮੁਸ਼ਕਿਲ ਨਾ ਆਵੇ ਕਿਉਂਕਿ ਲੋਕ ਸੁਖਬੀਰ ਸਿੰਘ ਬਾਦਲ ਨੂੰ ਭਾਵੇਂ ਨਫ਼ਰਤ ਕਰਦੇ ਹਨ ਪਰ ਅਕਾਲ ਤਖਤ ਨਾਲ ਕੋਈ ਵੀ ਛੇੜਛਾੜ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਲੜਾਈ ਦਾ ਬਿਨਾ ਸ਼ੱਕ ਅਕਾਲੀ ਦਲ ਬਾਦਲ ਨੂੰ ਜ਼ਰੂਰ ਫਾਇਦਾ ਮਿਲੇਗਾ। ਅਜੇ ਵੀ ਸਮਾਂ ਹੈ ਜੇਕਰ ਭਗਵੰਤ ਮਾਨ ਟਰਕਾਅ ਦੀ ਸਥਿਤੀ ਛੱਡ ਕੇ ਐੱਸ.ਜੀ.ਪੀ.ਸੀ. ਨਾਲ ਗੱਲਬਾਤ ਸ਼ੁਰੂ ਕਰਨ ਦੀ ਪਹਿਲ ਕਰਨ ਤਾਂ ਹਾਲਾਤ ਕਾਬੂ ਵਿਚ ਆ ਸਕਦੇ ਹਨ। ਪਰ ਕੀ ਹੋਣ ਵਾਲਾ ਹੈ ਇਸ ਬਾਰੇ ਤਾਂ ਭਵਿੱਖ ਹੀ ਦੱਸੇਗਾ ਪਰ ਹਾਲ ਦੀ ਘੜੀ ਐੱਸ.ਜੀ.ਪੀ.ਸੀ. ਅਤੇ ਭਗਵੰਤ ਮਾਨ ’ਚ ਟਕਰਾਅ ਦਾ ਖ਼ਦਸ਼ਾ ਵਧਿਆ ਹੋਇਆ ਹੈ। ਆਮੀਨ!
- ਅਰਜਨ ਰਿਆੜ