ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ–2026

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ–2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੇ 2007 ਤੋਂ 2017 ਤੱਕ ਦੇ ਸਾਸ਼ਕ ਕਾਲ ’ਚ ਪੰਜਾਬ ਵਿਚ ਜੋ ਮਨਆਈਆਂ ਕੀਤੀਆਂ ਗਈਆਂ ਉਹ ਸਭ ਦੇ ਸਾਹਮਣੇ ਹੀ ਹੈ| ਉਸ ਵੇਲੇ ਪੰਜਾਬ ’ਚ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸਨ ਪਰ ਉਹਨਾਂ ਵਲੋਂ ਹਰ ਕੰਮ ‘ਕਾਕਾ ਜੀ ਤੋਂ ਪੁੱਛੋ’ ਕਰਨ ਕਰ ਕੇ ‘ਕਾਕਾ ਜੀ’ ਨੇ ਕਈ ਨਵੇਂ ਚੰਦ ਚਾੜ੍ਹ ਦਿੱਤੇ ਜਿਹੜੇ ਕਦੇ ਵੀ ਸਿੱਖ ਕੌਮ ’ਚ ਕਿਸੇ ਨੇ ਦੇਖੇ ਨਹੀਂ ਸਨ| ਰੇਤ ਦੀਆਂ ਖੱਡਾਂ, ਨਸ਼ੇ ਦੀ ਤਸਕਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵਰਗੇ ਮਾਮਲੇ ਅਕਾਲੀ ਸਰਕਾਰ ਦੇ ਇਸ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਏ| ਜੇਕਰ ਕੋਈ ਇਹਨਾ ਦੇ ਖਿਲਾਫ ਅਵਾਜ਼ ਉਠਾਉਂਦਾ ਸੀ ਤਾਂ ਉਸਨੇ ਸੱਜਰੀ ਸੂਈ ਕੁੱਤੀ ਵਾਂਗ ਪੈਂਦੇ ਸਨ ਅਤੇ ਵਿਰੋਧੀਆਂ ਨੂੰ ਜੇਲ੍ਹਾਂ ਵਿਚ ਡੱਕ ਦਿੰਦੇ ਸਨ| ਉਸ ਵੇਲੇ ਦੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਰੇਤ ਦੀਆਂ ਖੱਡਾਂ ’ਚੋਂ ਅੰਨ੍ਹਾ ਪੈਸਾ ਬਣਾਇਆ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਲਈ ਸਿਆਸਤਦਾਨਾਂ ਦੇ ਹੱਥ ਸਦਾ ਲਈ ਇਕ ‘ਰੇਤ ਟੂਲ’ ਦੇ ਦਿੱਤਾ| ਕਿਉਂਕਿ ਹਰ ਕਿਸੇ ਦੇ ਸੁਪਨਾ ਘਰ ਬਣਾਉਣ ਦਾ ਹੁੰਦਾ ਹੈ ਪਰ ਘਰ ਰੇਤ ਤੋਂ ਬਿਨਾਂ ਬਣ ਨਹੀਂ ਸਕਦਾ ਤੇ ਰੇਤ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਮਿਲ ਨਹੀਂ ਸਕਦੀ| ਸੋ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਕੰਮ ਕਰ ਕੇ ਪੰਜਾਬੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਰੇਤ ਪ੍ਰਾਪਤੀ ਲਈ ਤੜਫਣ ਲਾ ਦਿੱਤਾ| ਇਸ ਕਾਰਨ ਪੰਜਾਬ ’ਚ ਮਹਿੰਗਾਈ ਵਧ ਗਈ ਕਿਉਂਕਿ ਰੇਤ ਦਾ ਮੁੱਲ ਵਧਣ ਨਾਲ ਲੋਕ ਮਕਾਨ ਬਣਾਉਣੋ ਘਟ ਗਏ ਤੇ ਕੰਸਟਕਰਸ਼ਨ ਲੇਬਰ ਘਟ ਗਈ ਜਿਹੜੀ ਮਿਲਦੀ ਹੈ ਉਹ ਵੱਧ ਪੈਸੇ ਮੰਗਣ ਲੱਗ ਪਈ| ਖੈਰ! ਇਹ ਤਾਂ ਅਲੱਗ ਵਿਸ਼ਾ ਹੈ ਪਰ ਅਸੀਂ ਜਿਹੜੇ ਵਿਸ਼ੇ ਉੱਤੇ ਗੱਲ ਕਰਨ ਲੱਗੇ ਹਾਂ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ| ਅਕਾਲੀ ਸਰਕਾਰ ਦੇ ਉਪਰੋਕਤ ਦਰਸਾਏ ਗਏ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸ਼ੁਰੂ ਹੋਈਆਂ| ਸਭ ਨੂੰ ਆਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖਾਂ ਦੀਆਂ ਵੋਟਾਂ ਲੈਂਦਾ ਆਇਆ ਹੈ, ਇਸਦਾ ਜਨਮ ਵੀ ਸਿੱਖ ਧਰਮ ਦੀ ਨੀਂਹ ਉੱਤੇ ਹੋਇਆ ਹੈ, ਇਹ ਇਹਨਾਂ ਬੇਅਦਬੀਆਂ ਦੇ ਖਿਲਾਫ ਕਾਰਵਾਈ ਜ਼ਰੂਰ ਕਰੇਗੀ| ਪਰ ਹੈਰਾਨੀ ਉਦੋਂ ਹੋਈ ਜਦੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਬੇਅਦਬੀਆਂ ਦਾ ਕੋਈ ਵੀ ਦੁੱਖ ਨਹੀਂ ਮੰਨਿਆ| ਪੰਥ ਨੇ ਦੁੱਖ ਇਸ ਗੱਲ ਦਾ ਮਨਾਇਆ ਕਿ ਜਿਹੜੀਆਂ ਸੰਗਤਾਂ ਬੇਅਦਬੀਆਂ ਦਾ ਇਨਸਾਫ ਮੰਗ ਰਹੀਆਂ ਸਨ, ਸੁਖਬੀਰ ਸਿੰਘ ਬਾਦਲ ਨੂੰ ਉਹ ਜ਼ਹਿਰ ਦਿਖਾਈ ਦੇਣ ਲੱਗੀਆਂ ਅਤੇ ਉਹਨਾਂ ਉੱਪਰ ਪੁਲਿਸ ਦਾ ਤਸ਼ੱਦਦ ਸ਼ੁਰੂ ਕਰਵਾ ਦਿੱਤਾ| ਬਹਿਬਲ ਕਲਾਂ ਗੋਲੀ ਕਾਂਡ ਸਭ ਨੂੰ ਯਾਦ ਹੀ ਹੋਵੇਗਾ, ਜਦੋਂ ਇਸ ਗੋਲੀ ਕਾਂਡ ਦਾ ਵਿਰੋਧ ਹੋਇਆ ਤਾਂ ਅਕਾਲੀ ਸਰਕਾਰ ਨੇ ਬਿਆਨ ਦਿੱਤਾ ਪਤਾ ਨਹੀਂ ਕਿਹੜੀ ਪੁਲਿਸ ਗੋਲੀ ਚਲਾ ਗਈ, ਉਹ ਅਣਪਛਾਤੀ ਪੁਲਿਸ ਸੀ| ਅਸਲ ’ਚ ਸੁਖਬੀਰ ਸਿੰਘ ਬਾਦਲ ਨੂੰ ਇਹ ਵਹਿਮ ਸੀ ਕਿ ਉਹਨਾਂ ਦਾ ਰਾਜ ਹੁਣ 25 ਸਾਲ ਚੱਲੇਗਾ ਤੇ ਕੋਈ ਵੀ ਤਾਕਤ ਉਹਨਾਂ ਨੂੰ ਹਰਾ ਨਹੀਂ ਸਕਦੀ| ਪਰ ਅਕਾਲ ਪੁਰਖ ਦੀ ਹੋਂਦ ਕਿਤੇ ਨਾ ਕਿਤੇ ਤਾਂ ਹੈ, ਉਹਨਾਂ ਸੁਖਬੀਰ ਸਿੰਘ ਬਾਦਲ ਦੀ ਧੌਣ ਭੰਨਣ ਲਈ ਐਸੀ ਕਰਾਮਾਤ ਕੀਤੀ ਕਿ ਅੱਜ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫੀ ਮੰਗਣ ਅਤੇ ਸੰਗਤਾਂ ਦੇ ਜੋੜੇ ਸਾਫ ਕਰਨ ਦੀ ਸੇਵਾ ਕਰਨੀ ਪੈ ਗਈ| ਮਨਮਰਜ਼ੀਆਂ ਕਰਨ ਵਾਲੀ ਅਕਾਲੀ ਸਰਕਾਰ ਨੂੰ ਸਂੰਗਤਾਂ ਨੇ ਮੂੰਹ ਲਗਾਉਣੋ ਬੰਦ ਕਰ ਦਿੱਤਾ ਤਾਂ ਬਾਕੀ ਪਾਰਟੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਾਮਲਾ ਚੁੱਕਦਿਆਂ ਆਪਣੀ ਸਰਕਾਰ ਆਉਣ ’ਤੇ ਇਹਨਾਂ ਦਾ ਇਨਸਾਫ ਦੇਣ ਦਾ ਵਾਅਦਾ ਕੀਤਾ| ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਇਹ ਵਾਅਦਾ ਕੀਤਾ ਗਿਆ ਸੀ, ਸਾਢੇ ਚਾਰ ਸਾਲ ਤਾਂ ਭਾਵੇਂ ਇਸ ਪਾਰਟੀ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਜਦੋਂ ਵੋਟਾਂ ਲਾਗੇ ਆਈਆਂ ਤਾਂ ਭਗਵੰਤ ਮਾਨ ਦੀ ਅੱਖ ਖੁਲ੍ਹੀ ਅਤੇ ਉਸ ਵਲੋਂ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ–2026’ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਹੈ| ਇਸ ਬਿੱਲ ਉੱਤੇ ਐੱਸ.ਜੀ.ਪੀ.ਸੀ. ਵਲੋਂ ਕੁਝ ਇਤਰਾਜ ਕੀਤੇ ਗਏ ਹਨ ਪਰ ਇੱਕਾ ਦੁੱਕਾ ਇਤਰਾਜ਼ਾਂ ਦੇ ਚੱਲਦਿਆਂ ਇਹ ਬਿੱਲ ਪੇਸ਼ ਕਰ ਦਿੱਤਾ ਗਿਆ ਜੋ ਕਿ ਪਾਸ ਹੋਣ ਉਪਰੰਤ ਹੁਣ ਗਵਰਨਰ ਦੇ ਕੋਲ ਜਾਵੇਗਾ| 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਲਿਆਂਦੇ ਗਏ ਬਿੱਲ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਗੰਭੀਰ ਮਾਮਲੇ ’ਤੇ ਸਿੱਖ ਕੌਮ ਚਿਰਾਂ ਤੋਂ ਨਿਰਣਾਇਕ ਫ਼ੈਸਲੇ ਦੀ ਮੰਗ ਕਰਦੀ ਆ ਰਹੀ ਹੈ, ਲੇਕਿਨ ਅਜੇ ਤੀਕ ਕੌਮੀ ਭਾਵਨਾਵਾਂ ਅਨੁਸਾਰ ਕੋਈ ਵੀ ਸਿੱਟਾ ਸਾਹਮਣੇ ਨਹੀਂ ਆ ਸਕਿਆ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਵੱਲੋਂ ਇਸ ਸਬੰਧੀ ਬਿੱਲ ਪਾਸ ਕਰਨਾ ਇੱਕ ਸਕਾਰਾਤਮਕ ਕਦਮ ਜ਼ਰੂਰ ਹੈ, ਪਰ ਸਿਰਫ਼ ਬਿੱਲ ਪਾਸ ਕਰ ਦੇਣਾ ਹੀ ਕਾਫ਼ੀ ਨਹੀਂ। ਅਸਲ ਸਵਾਲ ਤਾਂ ਇਸ ਨੂੰ ਲਾਗੂ ਕਰਵਾਉਣ ਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਕਿਸੇ ਵੀ ਕੌਮੀ ਮਾਮਲੇ ਵਿਚ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ। ਉਨ੍ਹਾਂ ਕਿਹਾ ਕਿ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਤਾਂ ਪਹਿਲੀਆਂ ਸਰਕਾਰਾਂ ਸਮੇਂ ਵੀ ਦੋ ਵਾਰ ਪੂਰੀ ਹੋ ਚੁੱਕੀ ਹੈ। ਜ਼ਰੂਰੀ ਗੱਲ ਇਹ ਹੈ ਕਿ ਇਸ ਨੂੰ ਲੋੜੀਂਦੀ ਪ੍ਰਵਾਨਗੀ ਮਿਲੇ ਤਾਂ ਜੋ ਇਹ ਲਾਗੂ ਹੋ ਸਕੇ। ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਸਰਕਾਰ ਸ਼ੋਸ਼ਲ ਮੀਡੀਆ ਉੱਤੇ ਏ.ਆਈ. ਤਕਨੀਕ ਨਾਲ ਸਿੱਖ ਭਾਵਨਾਵਾਂ ਨਾਲ ਹੁੰਦੇ ਖਿਲਵਾੜ ਅਤੇ ਪਾਵਨ ਗੁਰਬਾਣੀ ਤੇ ਗੁਰਧਾਮਾਂ ਦੀ ਬੇਅਦਬੀ ਦੇ ਰੁਝਾਨ ਪ੍ਰਤੀ ਵੀ ਸੰਜੀਦਾ ਹੋਵੇ। ਉਨ੍ਹਾਂ ਆਖਿਆ ਕਿ ਬੇਅਦਬੀ ਦੀ ਪਰਿਭਾਸ਼ਾ ਬਹੁਪਰਤੀ ਹੈ ਜਿਸ ਨੂੰ ਵਿਆਪਕ ਸੰਦਰਭ ਵਿਚ ਲੈਣ ਦੀ ਜਰੂਰਤ ਹੈ। ਸੋਸ਼ਲ ਮੀਡੀਆ ਉੱਤੇ ਬੇਅਦਬੀ ਦਾ ਚਲਨ ਵੀ ਦੁੱਖਦਾਈ ਹੈ। ਹਾਲ ਹੀ ਵਿਚ ਕਿਸੇ ਸਿਰਫਿਰੇ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਚੜ੍ਹ ਕੇ ਬੇਅਦਬੀ ਕਰਨ ਦੀ ਏ.ਆਈ. ਵੀਡੀਓ ਵਾਇਰਲ ਕੀਤੀ ਗਈ ਹੈ। ਇਹ ਵੀਡੀਓ ਸ਼੍ਰੋਮਣੀ ਕਮੇਟੀ ਵੱਲੋਂ ਕਈ ਪਲੇਟਫ਼ਾਰਮਾਂ ਤੋਂ ਹਟਵਾਈ ਗਈ ਹੈ ਪਰ ਸਰਕਾਰ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪਾਸੇ ਵੀ ਧਿਆਨ ਦੇਵੇ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਕਾਰਵਾਈਆਂ ਰੋਕਣ ਲਈ ਸਖ਼ਤ ਕਦਮ ਚੁੱਕੇ।
ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਵਿਚ ਭਾਵੇਂ ਸਚਾਈ ਤਾਂ ਹੈ ਪਰ ਚੰਗਾ ਹੁੰਦਾ ਜੇਕਰ ਉਹ ਆਪਣੀ ਅਕਾਲੀ ਸਰਕਾਰ ਵੇਲੇ ਇਹੋ ਜਿਹੇ ਸੁਧਾਰ ਲੈ ਆਉਂਦੇ ਤਾਂ ਅੱਜ ਅਕਾਲੀ ਦਲ ਨੂੰ ਦਰ ਦਰ ਰੁਲਣਾ ਨਾ ਪੈਂਦਾ| ਦੂਜੇ ਪਾਸੇ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਭਾਵੇਂ ਭਵਿੱਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਕਾਨੂੰਨ ਤਾਂ ਪਾਸ ਕਰ ਦਿੱਤਾ ਹੈ ਪਰ ਜਿਹੜੀਆਂ ਬੇਅਦਬੀਆਂ ਹੋ ਚੱੁਕੀਆਂ ਹਨ, ਉਹਨਾਂ ਦਾ ਇਨਸਾਫ ਦੁਆਉਣ ਦਾ ਵਾਅਦਾ ਅਜੇ ਤੱਕ ਨਿਭਾਇਆ ਨਹੀਂ ਗਿਆ| ਇਸ ਲਈ ਜਿੰਨਾ ਚਿਰ ਹੋ ਚੁੱਕੀਆਂ ਬੇਅਦਬੀਆਂ ਦੇ ਮਾਮਲਿਆਂ ਉੱਤੇ ਕਾਰਵਾਈ ਨਹੀਂ ਹੁੰਦੀ, ਆਮ ਆਦਮੀ ਪਾਰਟੀ ਨੂੰ ਇਹ ਸਮਝ ਨਹੀਂ ਲੈਣਾ ਚਾਹੀਦਾ ਕਿ ਸਿੱਖ ਪੰਥ ਉਸ ਤੋਂ ਖੁਸ਼ ਹੋ ਗਿਆ ਹੈ| ਆਮੀਨ!