ਸੁਰੰਗ ਹਾਦਸਾ: ਮਜ਼ਦੂਰਾਂ ਦੇ ਬਚਾਅ ਲਈ ਵਰਟੀਕਲ ਡਰਿਲਿੰਗ ਸ਼ੁਰੂ

ਸੁਰੰਗ ਹਾਦਸਾ: ਮਜ਼ਦੂਰਾਂ ਦੇ ਬਚਾਅ ਲਈ ਵਰਟੀਕਲ ਡਰਿਲਿੰਗ ਸ਼ੁਰੂ

ਨਵੀਂ ਦਿੱਲੀ - ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐਮਏ) ਨੇ ਅੱਜ ਦੱਸਿਆ ਕਿ ਉੱਤਰਕਾਸ਼ੀ ਦੀ ਸਿਲਕਯਾਰਾ ਸੁਰੰਗ ਵਿਚੋਂ ਔਗਰ ਮਸ਼ੀਨ ਦੇ ਟੁੱਟੇ ਹੋਏ ਹਿੱਸਿਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਇਸ ਤੋਂ ਬਾਅਦ ਮੈਨੂਅਲ ਡਰਿੱਲਿੰਗ ਸ਼ੁਰੂ ਕੀਤੀ ਜਾਵੇਗੀ। ਇਸੇ ਦੌਰਾਨ ਢਹਿ ਚੁੱਕੀ ਸੁਰੰਗ ਵਿਚ 14 ਦਿਨਾਂ ਤੋਂ ਫਸੇ ਹੋਏ ਵਰਕਰਾਂ ਨੂੰ ਕੱਢਣ ਲਈ ਵਰਟੀਕਲ ਡਰਿਲਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਐੱਨਡੀਐਮਏ ਦੇ ਮੈਂਬਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨੈਨ ਨੇ ਮੀਡੀਆ ਨੂੰ ਦੱਸਿਆ ਕਿ ਵਰਕਰਾਂ ਨੂੰ ਕੱਢਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਰਟੀਕਲ ਡਰਿਲਿੰਗ ਨੂੰ ਦੂਜਾ ਸਭ ਤੋਂ ਵਧੀਆ ਬਦਲ ਮੰਨਦਿਆਂ ਇਸ ਉਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪਹਿਲੇ ਦਿਨ 20 ਮੀਟਰ ਤੱਕ ਡਰਿੱਲ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ 86 ਮੀਟਰ ਦੀ ਵਰਟੀਕਲ ਡਰਿੱਲਿੰਗ ਤੋਂ ਬਾਅਦ ਫਸੇ ਹੋਏ ਵਰਕਰਾਂ ਨੂੰ ਕੱਢਣ ਲਈ ਸੁਰੰਗ ਦੀ ਬਾਹਰੀ ਪਰਤ ਨੂੰ ਤੋੜਿਆ ਜਾਵੇਗਾ। ਹਸਨੈਨ ਨੇ ਨਾਲ ਹੀ ਜ਼ਿਕਰ ਕੀਤਾ ਕਿ ਵਰਕਰਾਂ ਨੂੰ ਬਚਾਉਣ ਲਈ ਘੱਟੋ-ਘੱਟ ਛੇ ਯੋਜਨਾਵਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਸਭ ਤੋਂ ਵਧੀਆ ਬਦਲ ਫ਼ਿਲਹਾਲ ਸਿੱਧੀ ਡਰਿੱਲਿੰਗ ਹੀ ਹੈ ਜੋ ਕਿ 47 ਮੀਟਰ ਤੱਕ ਹੋ ਚੁੱਕੀ ਹੈ। ਐਨਡੀਐਮਏ ਮੈਂਬਰ ਨੇ ਕਿਹਾ ਕਿ ਔਗਰ ਮਸ਼ੀਨ ਦੇ ਟੁੱਟੇ ਹੋਏ ਹਿੱਸਿਆਂ ਨੂੰ ਕੱਢਣ ਲਈ ਮੈਗਨਾ ਤੇ ਪਲਾਜ਼ਮਾ ਕਟਰ ਵਰਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਕ ਵਾਰ ਟੁੱਟੇ ਹਿੱਸੇ ਨਿਕਲਣ ਤੋਂ ਬਾਅਦ ਵਰਕਰਾਂ ਤੱਕ ਪਹੁੰਚਣ ਲਈ 15 ਮੀਟਰ ਦੀ ਮੈਨੂਅਲ ਡਰਿੱਲਿੰਗ ਕੀਤੀ ਜਾਵੇਗੀ। ਹਾਲਾਂਕਿ ਇਸ ਵਿਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਏਜੰਸੀਆਂ ਬਚਾਅ ਅਪਰੇਸ਼ਨ ਨੂੰ ਸਫ਼ਲ ਬਣਾਉਣ ਲਈ ਕੰਮ ਕਰ ਰਹੀਆਂ ਹਨ। ਪਲਾਜ਼ਮਾ ਕਟਰ ਹੈਦਰਾਬਾਦ ਤੋਂ ਲਿਆਂਦਾ ਗਿਆ ਹੈ। ਮਸ਼ੀਨ ਨੂੰ ਸੁਰੰਗ ਵਿਚੋਂ ਪੂਰੀ ਤਰ੍ਹਾਂ ਬਾਹਰ ਕੱਢਿਆ ਜਾਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਮੈਨੂਅਲ ਢੰਗ ਨਾਲ ਪਾਈਪ ਪਾ ਕੇ ਬਚਾਅ ਦਾ ਰਾਹ ਤਿਆਰ ਕੀਤਾ ਜਾ ਸਕੇਗਾ। ਵਰਟੀਕਲ ਡਰਿੱਲਿੰਗ ਲਈ ਸੁਰੰਗ ਦੇ ਉਪਰ ਡਰਿੱਲ ਮਸ਼ੀਨ ਦਾ ਇਕ ਹਿੱਸਾ ਭੇਜਿਆ ਗਿਆ ਹੈ। ਬਚਾਅ ਕਾਰਜਾਂ ਵਿਚ ਸਹਾਇਤਾ ਲਈ ਭਾਰਤੀ ਫੌਜ ਦੀ ਇੰਜਨੀਅਰਜ਼ ਕੋਰ ਦਾ ਗਰੁੱਪ ਵੀ ਘਟਨਾ ਸਥਾਨ ’ਤੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਔਗਰ ਮਸ਼ੀਨ ਦੇ ਡਰਿੱਲ ਕਰ ਰਹੇ ਬਲੇਡ ਸਿਲਕਯਾਰਾ ਸੁਰੰਗ ਦੇ ਢਹਿ ਚੁੱਕੇ ਹਿੱਸੇ ਦੇ ਮਲਬੇ ਵਿਚ ਫਸ ਗਏ ਸਨ। ਇਹ ਮਸ਼ੀਨ ਹੀ ਵਰਕਰਾਂ ਨੂੰ ਬਾਹਰ ਕੱਢਣ ਲਈ ਮਲਬੇ ਵਿਚੋਂ ਰਾਹ ਬਣਾ ਰਹੀ ਸੀ। ਮਸ਼ੀਨ ਟੁੱਟਣ ਕਾਰਨ ਅਧਿਕਾਰੀਆਂ ਨੂੰ ਹੋਰ ਬਦਲਾਂ ਉਤੇ ਵਿਚਾਰ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਉੱਤਰਾਖੰਡ ਦੇ ਚਾਰ ਧਾਮ ਰੂਟ ਵਿਚ ਸ਼ਾਮਲ ਉਸਾਰੀ ਅਧੀਨ ਸਿਲਕਯਾਰਾ ਸੁਰੰਗ ਦਾ ਇਕ ਹਿੱਸਾ ਜ਼ਮੀਨ ਖ਼ਿਸਕਣ ਕਾਰਨ ਢਹਿ ਗਿਆ ਸੀ ਤੇ ਅੰਦਰ ਕੰਮ ਕਰ ਰਹੇ ਵਰਕਰ ਫਸ ਗਏ ਸਨ। ਇਸ ਤੋਂ ਬਾਅਦ 12 ਨਵੰਬਰ ਨੂੰ ਬਚਾਅ ਕਾਰਜ ਸ਼ੁਰੂ ਕੀਤੇ ਗਏ ਸਨ। ਵਰਕਰਾਂ ਨੂੰ ਛੇ ਇੰਚ ਚੌੜੀ ਪਾਈਪ ਰਾਹੀਂ ਭੋਜਨ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਜਾ ਰਹੀਆਂ ਹਨ। -