ਡੋਨਾਲਡ ਟਰੰਪ ਦੀ ਜਿੱਤ ਨਾਲ ਪਵੇਗਾ ਪੂਰੇ ਵਿਸ਼ਵ ਦੇ ਹਾਲਾਤਾਂ ’ਤੇ ਪ੍ਰਭਾਵ!

ਡੋਨਾਲਡ ਟਰੰਪ ਦੀ ਜਿੱਤ ਨਾਲ ਪਵੇਗਾ ਪੂਰੇ ਵਿਸ਼ਵ ਦੇ ਹਾਲਾਤਾਂ ’ਤੇ ਪ੍ਰਭਾਵ!

ਬੀਤੇ ਦਿਨੀਂ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਹੋਈਆਂ। ਸਭ ਜਾਣਦੇ ਹਨ ਕਿ ਇਹਨਾਂ ਚੋਣਾਂ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾ ਦਿੱਤਾ ਹੈ। ਟਰੰਪ ਦੀ ਜਿੱਤ ਨਾਲ ਬਹੁਤ ਕੁਝ ਬਦਲਣ ਦੀਆਂ ਕਿਆਸਅਰਾਈਆਂ ਲੱਗਣ ਲੱਗੀਆਂ ਹਨ। ਕਮਲਾ ਹੈਰਿਸ ਦੀ ਹਾਰ ਦੇ ਕਈ ਕਾਰਨ ਮੰਨੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਵੋਟਰਾਂ ਨੇ ਬਾਈਡਨ ਦੇ ਰਾਜ ਕਾਲ ਵਿਚ ਸਹਿਜ ਮਹਿਸੂਸ ਨਹੀਂ ਕੀਤਾ ਜਿਸ ਕਾਰਨ ਉਹਨਾਂ ਦਾ ਰੁਝਾਨ ਟਰੰਪ ਵੱਲ ਹੋ ਗਿਆ। ਬਾਈਡਨ ਦੇ ਕਾਰਜਕਾਲ ਦੌਰਾਨ ਅਮਰੀਕਾ ਦੀ ਆਰਥਿਕਤਾ ਡਗਮਗਾਈ। ਇਸ ਦੌਰਾਨ ਹੀ ਗੂਗਲ ਅਤੇ ਐਪਲ ਵਲੋਂ ਆਪਣੇ ਕਾਰਮਚਾਰੀਆਂ ਨੂੰ ਵੱਡੀ ਗਿਣਤੀ ਵਿਚ ਫ਼ਾਰਗ ਕੀਤਾ ਗਿਆ, ਗੈਸ ਦੀਆਂ ਕੀਮਤਾਂ ਪੰਜ ਡਾਲਰ ਤੱਕ ਪਹੁੰਚੀਆਂ, ਮਹਿੰਗਾਈ ਨੇ ਅਮਰੀਕੀਆਂ ਦਾ ਲੱਕ ਤੋੜਿਆ ਅਤੇ ਅਮਰੀਕਾ ਦੀ ਰੀੜ ਦੀ ਹੱਡੀ ਕਹਾਉਣ ਵਾਲੀ ਟਰੱਕਿੰਗ ਇੰਡਸਟਰੀ ਦਾ ਵੀ ਬੁਰਾ ਹਾਲ ਹੋਇਆ। ਸਰਹੱਦ ਪਾਰੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਨੇ ਬਾਈਡਨ ਪ੍ਰਸਾਸ਼ਨ ਨੂੰ ਕਟਿਹਰੇ ਵਿਚ ਖੜਾ ਕੀਤਾ। ਕਹਿ ਸਕਦੇ ਹਾਂ ਕਿ ਆਮ ਲੋਕਾਂ ਦੇ ਨਾਲ ਨਾਲ ਵਪਾਰੀ ਵਰਗ ਵੀ ਬਾਈਡਨ ਪ੍ਰਸਾਸ਼ਨ ਤੋਂ ਕੰਨੀ ਕਤਰਾਉਣ ਲੱਗਾ ਜਿਸ ਦੇ ਚੱਲਦਿਆਂ ਟਰੰਪ ਵਰਗੇ ਵਿਵਾਦਤ ਨੇਤਾ ਜਿਸ ਉੱਪਰ ਲਗਭਗ 32 ਕੇਸ ਚੱਲਦੇ ਹੋਣ ਜਿਹਨਾਂ ਵਿਚ ਗੰਭੀਰ ਅਪਰਾਧ ਵੀ ਸ਼ਾਮਿਲ ਹੋਣ, ਨੂੰ ਵੋਟਰਾਂ ਨੇ ਜਿਤਾ ਦਿੱਤਾ। ਇਕ ਹੋਰ ਪੱਖ ਵੀ ਵਿਚਾਰਿਆ ਜਾ ਸਕਦਾ ਹੈ ਕਿ ਅਮਰੀਕਾ ਦੇ 248 ਸਾਲਾਂ ਦੇ ਇਤਿਹਾਸ ਵਿਚ ਅਮਰੀਕੀਆਂ ਨੇ ਕਦੇ ਵੀ ਔਰਤ ਨੂੰ ਰਾਸ਼ਟਰਪਤੀ ਨਹੀਂ ਚੁਣਿਆ, ਭਾਵ ਅਮਰੀਕਾ ਵਿਚ ਅਜੇ ਵੀ ਮਰਦ ਪ੍ਰਧਾਨ ਸੋਚ ਭਾਰੂ ਹੈ ਅਤੇ ਅੱਜ ਦੇ ਯੁੱਗ ਵਿਚ ਵੀ ਵੋਟਰ ਔਰਤ ਰਾਸ਼ਟਰਪਤੀ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ। ਟਰੰਪ ਉੱਪਰ ਉਹਨਾਂ ਦੇ ਪਹਿਲੇ ਕਾਰਜਕਾਲ ਦੌਰਾਨ ਵਾਈਟ ਸੁਪਰਮੇਸੀ ਦੇ ਹਾਵੀ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਕਾਲੇ ਮੂਲ ਦੇ ਜਾਰਜ ਫ਼ਲਾਈਡ ਦੇ ਪੁਲਿਸ ਅਫ਼ਸਰ ਵਲੋਂ ਕੀਤੇ ਗਏ ਕਤਲ ਦਾ ਕੇਸ ਪਾਠਕਾਂ ਨੂੰ ਯਾਦ ਹੋਵੇਗਾ। ਸਾਰੇ ਦੇਸ਼ ਵਿਚ ਕਾਲੇ ਮੂਲ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਇਕ ਤਰਾਂ ਨਾਲ ਲੋਕ ਲਹਿਰ ਖੜੀ ਕਰ ਦਿੱਤੀ ਸੀ ਅਤੇ ਉਦੋਂ ਨਾਅਰਾ ਵੀ ਮਸ਼ਹੂਰ ਹੋਇਆ ਸੀ ‘ਬਲੈਕ ਲਾਈਵਜ਼ ਮੈਟਰ’। ਇਸੇ ਦੌਰਾਨ ਹੀ ਕਰੋਨਾ ਨੇ ਵੀ ਤਰਥੱਲੀ ਮਚਾਈ। ਟਰੰਪ ਵਲੋਂ ਵਿਗਿਆਨਕਾਂ ਦੇ ਤੱਥਾਂ ਨੂੰ ਦਰਕਿਨਾਰ ਕਰਦਿਆਂ ਇਹ ਰੌਲੀ ਪਾਈ ਗਈ ਕਿ ਕਰੋਨਾ ਕੁਝ ਨਹੀਂ ਹੈ, ਇਸ ਤੋਂ ਡਰੋ ਨਾ ਪਰ ਖੁਦ ਉਸਨੂੰ ਕਰੋਨਾ ਹੋ ਗਿਆ ਜਿਸ ਕਾਰਨ ਹਸਪਤਾਲ ਜਾਣਾ ਪਿਆ। ਇਹੋ ਜਿਹੇ ਫ਼ੈਸਲਿਆਂ ਦੇ ਬਾਵਜੂਦ ਵੀ ਅਮਰੀਕੀਆਂ ਨੇ ਉਸਨੂੰ ਚੁਣਿਆ ਹੈ, ਉਸ ਪਿੱਛੇ ਬਾਈਡਨ ਪ੍ਰਸਾਸ਼ਨ ਦੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਘਾਟ ਵੀ ਮੰਨੀ ਜਾ ਸਕਦੀ ਹੈ। ਖੈਰ! ‘ਜੋ ਜੀਤਾ ਵੋਹੀ ਸਿਕੰਦਰ’ ਦੀ ਕਹਾਵਤ ਅਨੁਸਾਰ ਹੁਣ ਡੋਨਾਲਡ ਟਰੰਪ ਅਮਰੀਕਾ ਦੇ ਆਉਣ ਵਾਲੇ ਰਾਸ਼ਟਰਪਤੀ ਹੋਣਗੇ। ਅਮਰੀਕੀ ਰਾਸ਼ਟਰਪਤੀ ਦੀ ਚੋਣ ਉੱਪਰ ਸਾਰੀ ਹੀ ਦੁਨੀਆਂ ਦੀਆਂ ਨਜ਼ਰਾਂ ਰਹਿੰਦੀਆਂ ਹਨ ਕਿਉਂਕਿ ਵਾਈਟ ਹਾਊਸ ਵਿੱਚੋਂ ਹੋਣ ਵਾਲੇ ਫ਼ੈਸਲੇ ਸਿਰਫ ਅਮਰੀਕਾ ਹੀ ਨਹੀਂ ਸਗੋਂ ਸਾਰੀ ਹੀ ਦੁਨੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਲਈ ਅਮਰੀਕਾ ਨੂੰ ਵਪਾਰਕ ਨਜ਼ਰ ਤੋਂ ਜ਼ਿਆਦਾ ਸੁਤੰਤਰ ਬਣਾਉਣਾ ਪਹਿਲ ਹੋਵੇਗੀ। ਟਰੇਡ ਨਾਲ ਸਬੰਧਿਤ ਮਾਹਿਰਾਂ ਨੇ ਕਿਹਾ ਹੈ ਕਿ ਟਰੰਪ ਪਹਿਲਾਂ ਹੀ ਭਾਰਤ ਨੂੰ ‘ਟੈਰਿਫ਼ ਕਿੰਗ’ ਅਤੇ ਵੱਡਾ ਡਿਊਟੀ ਦੁਰਉਪਯੋਗਕਰਤਾ’ ਕਰਾਰ ਦੇ ਚੁੱਕਾ ਹੈ ਅਤੇ ਉਨਾਂ ਦੇ ਦੁਬਾਰਾ ਰਾਸ਼ਟਰਪਤੀ ਬਣਨ ’ਤੇ ਭਾਰਤੀ ਵਸਤਾਂ ’ਤੇ ਡਿਊਟੀ ਵਧਾਏ ਜਾਣ ਦੀ ਸੰਭਾਵਨਾ ਹੈ। ਇਸ ਨਾਲ ਭਾਰਤੀ ਉਤਪਾਦਾਂ ਦੀ ਅਮਰੀਕਾ ’ਚ ਮੁਕਾਬਲੇਬਾਜੀ ਕਮਜ਼ੋਰ ਹੋ ਸਕਦੀ ਹੈ, ਵਿਸ਼ੇਸ਼ ਰੂਪ ਨਾਲ ਵਾਹਨ, ਸ਼ਰਾਬ, ਕੱਪੜਾ ਅਤੇ ਫ਼ਾਰਮਾ ਖ਼ੇਤਰ ’ਚ ਇਸਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਦੀਆਂ ਸੂਚਨਾ ਤਕਨੀਕੀ (ਆਈ. ਟੀ.) ਕੰਪਨੀਆਂ ਲਈ ਇਕ ਹੋਰ ਚਿੰਤਾ ਦਾ ਵਿਸ਼ਾ ਟਰੰਪ ਵੱਲੋਂ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤਾ ਜਾ ਸਕਦਾ ਹੈ, ਜਿਸ ਨਾਲ ਭਾਰਤੀ ਆਈ. ਟੀ. ਖੇਤਰ ਦੀ ਲਾਗਤ ’ਚ ਵਾਧਾ ਹੋ ਸਕਦਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਅਤੇ ਭਾਰਤੀ ਆਈ. ਟੀ. ਬਰਾਮਦ ਦਾ 80 ਫੀਸਦੀ ਤੋਂ ਜ਼ਿਆਦਾ ਅਮਰੀਕਾ ਤੋਂ ਆਉਂਦਾ ਹੈ, ਅਜਿਹੇ ’ਚ ਵੀਜ਼ਾ ਨੀਤੀਆਂ ’ਚ ਬਦਲਾਅ ਭਾਰਤੀ ਕੰਪਨੀਆਂ ਲਈ ਵੱਡਾ ਆਰਥਿਕ ਸੰਕਟ ਪੈਦਾ ਕਰ ਸਕਦਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਚੀਨ ਪ੍ਰਤੀ ਸਖ਼ਤ ਰੁਖ਼ ਭਾਰਤੀ ਬਰਾਮਦਕਾਰਾਂ ਲਈ ਕੁਝ ਨਵੇਂ ਮੌਕੇ ਪੈਦਾ ਕਰ ਸਕਦਾ ਹੈ ਕਿਉਂਕਿ ਚੀਨ ਅਤੇ ਅਮਰੀਕਾ ’ਚ ਵਪਾਰ ਜੰਗ ’ਚ ਭਾਰਤ ਨੂੰ ਲਾਭ ਮਿਲ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦਾ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ’ (ਐੱਮ.ਏ.ਜੀ.) ਏਜੰਡਾ ਕੌਮਾਂਤਰੀ ਵਪਾਰ ’ਚ ਜ਼ਿਆਦਾ ਸਰਪ੍ਰਸਤੀ ਲਿਆ ਸਕਦਾ ਹੈ। ਅੰਤਰਰਾਸ਼ਟਰੀ ਵਪਾਰ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨੀਤੀ ਨਾਲ ਭਾਰਤੀ ਬਰਾਮਦਕਾਰਾਂ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਅਤੇ ਵਿਸ਼ੇਸ਼ ਰੂਪ ਨਾਲ ਇਲੈਕਟ੍ਰਾਨਿਕਸ ਵਰਗੇ ਖ਼ੇਤਰਾਂ ’ਚ ਡਿਊਟੀ ਵਧਣ ਦੀ ਸੰਭਾਵਨਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਵਪਾਰ ਵਿਵਾਦਾਂ ਨੂੰ ਜਨਮ ਦੇ ਸਕਦਾ ਹੈ ਕਿਉਂਕਿ ਸਰਪ੍ਰਸਤੀ ਦੀਆਂ ਗੱਲਾਂ ਦੇ ਨਾਲ-ਨਾਲ ਸਖ਼ਤ ਇਮੀਗ੍ਰੇਸ਼ਨ ਨਿਯਮ ਵੀ ਜਾਰੀ ਰਹਿ ਸਕਦੇ ਹਨ। ਇਸ ਤਰਾਂ ਟਰੰਪ ਦੇ ਫਿਰ ਤੋਂ ਰਾਸ਼ਟਰਪਤੀ ਬਣਨ ’ਤੇ ਭਾਰਤੀ ਬਰਾਮਦਕਾਰਾਂ ਨੂੰ ਇਕ ਚੁਣੌਤੀ ਭਰਪੂਰ ਕਾਰੋਬਾਰੀ ਮਾਹੌਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂਕਿ ਕੁਝ ਖ਼ੇਤਰਾਂ ’ਚ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਹਨ। ਟਰੰਪ ਨੇ ਨਵੇਂ ਰਾਸ਼ਟਰਪਤੀ ਵਜੋਂ ਅਪਣਾ ਅਹੁਦਾ ਭਾਵੇਂ 20 ਜਨਵਰੀ 2025 ਨੂੰ ਸੰਭਾਲਣਾ ਹੈ, ਫਿਰ ਵੀ ਉਨਾਂ ਦੀ ਟੀਮ ਵਲੋਂ ਨਵੀਆਂ ਨੀਤੀਆਂ ਤੈਅ ਕਰਨ ਦਾ ਸਿਲਸਿਲਾ ਹੁਣ ਤੋਂ ਹੀ ਆਰੰਭ ਕਰ ਦਿੱਤਾ ਗਿਆ ਹੈ। ਜਿੱਥੋਂ ਤੱਕ ਭਾਰਤ ਦੇ ਹਿਤਾਂ ਦਾ ਸਵਾਲ ਹੈ, ਭਾਰਤੀ ਕਾਰੋਬਾਰੀ ਤੇ ਵਪਾਰੀ ਮਹਿਸੂਸ ਕਰਦੇ ਹਨ ਕਿ ਟਰੰਪ ਵਲੋਂ ਚੀਨੀ ਉਤਪਾਦਾਂ ਦੀ ਬਰਾਮਦ ਸਖ਼ਤੀ ਨਾਲ ਘਟਾਏ ਜਾਣ ਦਾ ਸਿੱਧਾ ਫ਼ਾਇਦਾ ਭਾਰਤ ਨੂੰ ਹੋਵੇਗਾ। ਅਮਰੀਕਾ ਦੀ ਅਪਣੀ ਉਤਪਾਦਨ ਸਮਰੱਥਾ, ਚੀਨ ਦੇ ਮੁਕਾਬਲੇ ਬਹੁਤ ਘੱਟ ਹੈ। ਲਿਹਾਜ਼ਾ, ਬਿਹਤਰ ਤੇ ਸਸਤੇ ਸੱਨਅਤੀ ਉਤਪਾਦਾਂ ਲਈ ਉਸ ਦੀ ਟੇਕ ਭਾਰਤ ’ਤੇ ਹੀ ਹੋਵੇਗੀ। ਉਂਜ ਇਸ ਪੱਖੋਂ ਇਕ ਖ਼ਤਰਾ ਇਹ ਹੈ ਕਿ ਟਰੰਪ ਜੇਕਰ ਚੀਨ ਜਾਂ ਭਾਰਤ ਤੋਂ ਵਸਤਾਂ ਦੀ ਦਰਾਮਦ ਉੱਪਰ ਮਹਿਸੂਲ ਦਰਾਂ 40% ਤੱਕ ਲੈ ਜਾਂਦਾ ਹੈ ਤਾਂ ਭਾਰਤੀ ਬਰਾਮਦਕਾਰਾਂ ਦਾ ਬਹੁਤ ਨੁਕਸਾਨ ਹੋਵੇਗਾ। ਇਸੇ ਤਰਾਂ ਜੇਕਰ ਉਹ ਓਬਾਮਾਕੇਅਰ ਵਰਗੀਆਂ ਬਹੁਵਿਆਪੀ ਸਿਹਤ ਸਕੀਮਾਂ ਸਮਾਪਤ ਕਰ ਦਿੰਦਾ ਹੈ ਤਾਂ ਵੀ ਸਿੱਧਾ ਨੁਕਸਾਨ ਭਾਰਤੀ ਫ਼ਾਰਮਾ ਸੱਨਅਤ ਦਾ ਹੋਵੇਗਾ ਕਿਉਂਕਿ ਇਹ ਸੱਨਅਤ ਇਨਾਂ ਸਿਹਤ ਸਕੀਮਾਂ ਲਈ ਦਵਾਈਆਂ ਦੀ ਸਪਲਾਈ ਦਾ ਮੁਖ ਸਰੋਤ ਹੈ। ਸੂਚਨਾ ਤਕਨਾਲੋਜੀ ਤੇ ਇਮੀਗ੍ਰੇਸ਼ਨ ਉਦਯੋਗਾਂ ਵਿਚ ਭਾਰਤੀਆਂ ਦੀ ਸਰਦਾਰੀ ਦਾ ਵੀ ਟਰੰਪ ਵਿਰੋਧ ਕਰਦਾ ਆਇਆ ਹੈ। ਲਿਹਾਜ਼ਾ, ਇਨਾਂ ਉਦਯੋਗਾਂ ਨੂੰ ਵੀ ਟਰੰਪ-ਪ੍ਰਸ਼ਾਸਨ ਦੀਆਂ ਨੀਤੀਆਂ ਨਾਲ ਸਿੱਝਣ ਦੇ ਹੀਲੇ-ਵਸੀਲੇ ਸੋਚ ਲੈਣੇ ਚਾਹੀਦੇ ਹਨ। ਦੂਜੇ ਪਾਸੇ, ਟਰੰਪ ਵਲੋਂ ਤੇਲ ਸੱਨਅਤ ਦੇ ਹਿੱਤਾਂ ਦੀ ਲਗਾਤਾਰ ਹਮਾਇਤ ਕੀਤੇ ਜਾਣ ਸਦਕਾ ਇਹੋ ਆਸ ਉੱਭਰੀ ਹੈ ਕਿ ਕੱਚੇ ਤੇਲ ਦੀ ਪੈਦਾਵਾਰ ਵਧੇਗੀ ਅਤੇ ਕੀਮਤਾਂ ਘਟਣਗੀਆਂ। ਟਰੰਪ ਦੇ ਰਾਸਟਰਪਤੀ ਬਣਨ ਨਾਲ ਇਹ ਆਸ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੀ ਆਰਥਿਕਤਾ ਵਿਚ ਉਭਾਰ ਆਵੇਗਾ, ਨਜਾਇਜ਼ ਇਮੀਗ੍ਰੇਸ਼ਨ ਰੁਕੇਗੀ ਅਤੇ ਅਮਰੀਕਾ ਦੇ ਬਸ਼ਿੰਦਿਆਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਉੱਠੇਗਾ। ਹਾਲ ਦੀ ਘੜੀ ਅਮਰੀਕੀਆਂਨੂੰ ਨਵਾਂ ਰਾਸ਼ਟਰਪਤੀ ਮਿਲਣ ਦੀਆਂ ਵਧਾਈਆਂ ਪੇਸ਼ ਕਰਦੇ ਹੋਏ ਅਮਰੀਕਾ ਦੇ ਚੰਗੇ ਭਵਿੱਖ ਦੀ ਅਰਦਾਸ ਕਰਦੇ ਹਾਂ। ਆਮੀਨ!