ਲੈਬਨਾਨ ’ਤੇ ਹਮਲਿਆਂ ਕਾਰਨ ਇਰਾਨ ਵੱਲੋਂ ਹਰਮੁਜ਼ ਮੁੜ ਬੰਦ

ਲੈਬਨਾਨ ’ਤੇ ਹਮਲਿਆਂ ਕਾਰਨ ਇਰਾਨ ਵੱਲੋਂ ਹਰਮੁਜ਼ ਮੁੜ ਬੰਦ

ਨਿਊਯਾਰਕ (ਪੰਜਾਬੀ ਰਾਈਟਰ)- ਇਰਾਨ ਦੀ ਸਾਂਝੀ ਫ਼ੌਜੀ ਕਮਾਂਡ ਨੇ ਲੈਬਨਾਨ ’ਤੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਰੋਸ ਵਜੋਂ ਹਰਮੁਜ਼ ਜਲ ਮਾਰਗ ਅੱਜ ਮੁੜ ਬੰਦ ਕਰ ਦਿੱਤਾ ਹੈ। ਇਰਾਨ ਨੇ ਕਿਹਾ ਕਿ ਇਹ ਕਦਮ ਲੈਬਨਾਨ ’ਚ ਇਜ਼ਰਾਈਲ ਦੇ ਹਮਲੇ ਜਾਰੀ ਰਹਿਣ ਅਤੇ ਅਮਰੀਕਾ ਦੀ ‘ਬਦਨੀਤੀ’ ਅਤੇ ਜੰਗ ਖ਼ਤਮ ਕਰਨ ਸਬੰਧੀ ਵਾਅਦਿਆਂ ਦੀ ਸਪੱਸ਼ਟ ਉਲੰਘਣਾ ਕਾਰਨ ਚੁੱਕਿਆ ਗਿਆ ਹੈ। ਉਧਰ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਰਾਨ ਅਤੇ ਅਮਰੀਕਾ ਵਿਚਾਲੇ ਹੋਏ ਅੰਤਰਿਮ ਸਮਝੌਤੇ ਦੀਆਂ ਸ਼ਰਤਾਂ ’ਤੇ ਤਕਨੀਕੀ ਪੱਧਰ ਦੀ ਵਾਰਤਾ ਐਤਵਾਰ ਨੂੰ ਸਵਿਟਜ਼ਰਲੈਂਡ ਦੇ ਬਰਜਨਸਟੌਕ ’ਚ ਹੋਣ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਮੋਹਸਿਨ ਨਕਵੀ ਸ਼ਨਿਚਰਵਾਰ ਨੂੰ ਅਚਾਨਕ ਇਰਾਨ ਪਹੁੰਚੇ ਅਤੇ ਉਨ੍ਹਾਂ ਇਰਾਨੀ ਆਗੂਆਂ ਨਾਲ ਗੱਲਬਾਤ ਕੀਤੀ। ਪਹਿਲਾਂ ਇਹ ਵਾਰਤਾ ਸ਼ੁੱਕਰਵਾਰ ਨੂੰ ਹੋਣੀ ਤੈਅ ਸੀ ਪਰ ਇਜ਼ਰਾਈਲ ਵੱਲੋਂ ਲੈਬਨਾਨ ’ਤੇ ਕੀਤੇ ਗਏ ਹਮਲਿਆਂ ਮਗਰੋਂ ਇਹ ਟਲ ਗਈ ਸੀ। ਸਰਕਾਰੀ ਟੈਲੀਵਿਜ਼ਨ ’ਤੇ ਦਿੱਤੇ ਗਏ ਬਿਆਨ ’ਚ ਇਰਾਨ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੇ ਹਮਲੇ ਜਾਰੀ ਰਹੇ ਤਾਂ ਅਗਲੇਰੇ ਕਦਮ ਚੁੱਕਣ ਦੀ ਯੋਜਨਾ ਬਣਾ ਲਈ ਗਈ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਅੰਤਰਿਮ ਸਮਝੌਤੇ ’ਤੇ ਦਸਤਖ਼ਤ ਮਗਰੋਂ ਹਰਮੁਜ਼ ਜਲ ਮਾਰਗ ਖੋਲ੍ਹ ਦਿੱਤਾ ਗਿਆ ਸੀ। ਇਸ ਦੌਰਾਨ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਕੱਚੇ ਤੇਲ ਨਾਲ ਭਰੇ ਤਿੰਨ ਟੈਂਕਰ ‘ਦੇਸ਼ ਵੈਭਵ’, ‘ਦੇਸ਼ ਵਿਭੋਰ’ ਅਤੇ ‘ਸਨਮਾਰ ਹੈਰਲਡ’ ਹਰਮੁਜ਼ ਜਲ ਮਾਰਗ ’ਚੋਂ ਲੰਘ ਕੇ ਭਾਰਤ ਲਈ ਰਵਾਨਾ ਹੋ ਗਏ ਹਨ ਜਿਨ੍ਹਾਂ ਦੇ 24 ਜੂਨ ਅਤੇ ਪਹਿਲੀ ਜੁਲਾਈ ਦਰਮਿਆਨ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਉਧਰ ਵਾਸ਼ਿੰਗਟਨ ’ਚ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਵਾਰਤਾਕਾਰ ਜੇਅਰਡ ਕੁਸ਼ਨਰ ਅਤੇ ਸਟੀਵ ਵਿਟਕੌਫ ਪਹਿਲਾਂ ਹੀ ਸਵਿਟਜ਼ਰਲੈਂਡ ’ਚ ਮੌਜੂਦ ਹਨ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਸਬੰਧਤ ਸ਼ਰਤਾਂ ’ਤੇ ਤਕਨੀਕੀ ਵੇਰਵਿਆਂ ਬਾਰੇ ਚਰਚਾ ਕਰ ਰਹੇ ਹਨ। ਵੈਂਸ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਉਹ ਅਗਲੇ ਦੋ ਕੁ ਦਿਨਾਂ ’ਚ ਸਵਿਟਜ਼ਰਲੈਂਡ ਜਾਣਗੇ ਪਰ ਇਹ ਵੀ ਆਖਿਆ ਕਿ ਇਹ ਹਮੇਸ਼ਾ ‘ਤਾਲਮੇਲ ਬਣਾ ਕੇ ਚੱਲਣ ਵਾਲੀ ਖੇਡ’ ਹੈ।