ਨਿਊਜ਼ੀਲੈਂਡ ਦਾ ਸਰਪ੍ਰੀਤ ਸਿੰਘ ਸ਼ੇਰਗਿੱਲ ਬਣਿਆ 2026 ਦਾ ਫੀਫਾ ਵਰਲਡ ਕੱਪ ਖੇਡਣ ਵਾਲਾ ਇਕੋ ਇਕ ਸਿੱਖ ਖਿਡਾਰੀ 

ਨਿਊਜ਼ੀਲੈਂਡ ਦਾ ਸਰਪ੍ਰੀਤ ਸਿੰਘ ਸ਼ੇਰਗਿੱਲ ਬਣਿਆ 2026 ਦਾ ਫੀਫਾ ਵਰਲਡ ਕੱਪ ਖੇਡਣ ਵਾਲਾ ਇਕੋ ਇਕ ਸਿੱਖ ਖਿਡਾਰੀ 

ਨਿਊਯਾਰਕ, 8 ਜੂਨ (ਅਰਜਨ ਰਿਆੜ/ਧੀਰਜ ਛੋਕਰ ਨਿਊਯਾਰਕ)- ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਇਸ ਵਾਰ ਦੇ ਫੁੱਟਬਾਲ ਵਰਲਡ ਕੱਪ ’ਚ ਇਕ ਖਿਡਾਰੀ ਦੇ ਜਰਸੀ ’ਤੇ ‘ਸਿੰਘ’ ਲਿਖਿਆ ਦਿਖਾਈ ਦੇਵੇਗਾ। ਸਰਪ੍ਰੀਤ ਸਿੰਘ ਸ਼ੇਰਗਿੱਲ 2026 ਫ਼ੀਫ਼ਾ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ (ਆਲ ਵਾਈਟਸ) ਲਈ ਖੇਡ ਰਿਹਾ ਹੈ। 26 ਸਾਲਾ ਹਮਲਾਵਰ ਮਿਡਫੀਲਡਰ ਦੀ ਚੋਣ ਬਹੁਤ ਇਤਿਹਾਸਕ ਹੈ, ਕਿਉਕਿ ਉਹ 2006 ਵਿੱਚ ਫ਼ਰਾਂਸ ਦੇ ਵਿਕਾਸ ਢੋਰਾਸੂ ਤੋਂ ਬਾਅਦ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਅਤੇ ਫੀਫਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲਾ ਪਹਿਲਾ ਸਿੱਖ ਫੁੱਟਬਾਲਰ ਹੈ। ਨਿਊਜ਼ੀਲੈਂਡ ਨੂੰ ਗਰੁੱਪ ਜੀ ਵਿੱਚ ਰੱਖਿਆ ਗਿਆ ਹੈ ਅਤੇ ਉਹ ਗਰੁੱਪ ਪੜਾਅ ਵਿੱਚ ਵਿਰੋਧੀ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਸ਼ੁਰੂਆਤੀ ਪੜਾਅ ’ਚ ਉਹ ਈਰਾਨ, ਮਿਸਰ, ਬੈਲਜੀਅਮ ਦੀਆਂ ਟੀਮਾਂ ਨਾਲ ਭਿੜੇਗਾ। ਸਿੰਘ ਨੇ ਅਸਲ ਵਿੱਚ 2019 ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਜਦੋਂ ਉਸਨੇ ਜਰਮਨ ਦਿੱਗਜ ਬਾਇਰਨ ਮਿਊਨਿਖ਼ ਨਾਲ ਦਸਤਖਤ ਕੀਤੇ। ਉਦੋਂ ਤੋਂ, ਉਹ ਵੱਖ-ਵੱਖ ਯੂਰਪੀਅਨ ਲੀਗਾਂ ਵਿੱਚ ਖੇਡ ਚੁੱਕਾ ਹੈ ਅਤੇ ਹਾਲ ਹੀ ਵਿੱਚ ਆਪਣੇ ਅਸਲ ਕਲੱਬ, ਵੈਲਿੰਗਟਨ ਲਈ ਖੇਡਣ ਲਈ ਨਿਊਜ਼ੀਲੈਂਡ ਵਾਪਸ ਆਇਆ ਸੀ ਤੇ ਉਸਦੀ ਅੰਤਰਰਾਸ਼ਟਰੀ ਮੁਕਾਬਲੇ ਲਈ ਚੋਣ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਉਸਦਾ ਪਿਛੋਕੜ ਜਲੰਧਰ ਜ਼ਿਲੇ ਨਾਲ ਸਬੰਧਿਤ ਹੈ।