ਪਾਕਿਸਤਾਨੀ ਪੰਜਾਬ ਦੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਗੁਰਦੁਆਰਾ ਸਿੰਘ ਸਭਾ ਵਰਜ਼ੀਨੀਆਂ ’ਚ ਹੋਏ ਨਤਮਸਤਕ

ਪਾਕਿਸਤਾਨੀ ਪੰਜਾਬ ਦੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਗੁਰਦੁਆਰਾ ਸਿੰਘ ਸਭਾ ਵਰਜ਼ੀਨੀਆਂ ’ਚ ਹੋਏ ਨਤਮਸਤਕ

ਵਰਜ਼ੀਨੀਆਂ, 22 ਮਈ (ਦਵਿੰਦਰ ਸਿੰਘ ਮਨਾਸਸ)- ਪਾਕਿਸਤਾਨੀ ਪੰਜਾਬ ਸੂਬੇ ਦੇ ਕੈਬਨਿਟ ਮੰਤਰੀ (ਘੱਟ ਗਿਣਤੀਆਂ ਮਾਮਲੇ) ਅੱਜਕੱਲ ਆਪਣੀ ਅਮਰੀਕਾ ਫੇਰੀ ’ਤੇ ਹਨ ਤੇ ਇਸ ਦੌਰਾਨ ਜਿੱਥੇ ਉਹ ਆਪਣੇ ਸਕੇ ਸਬੰਧੀਆਂ, ਮਿੱਤਰਾਂ ਸੱਜਣਾਂ ਅਤੇ ਚਾਹੁਣ ਵਾਲਿਆਂ ਨੂੰ ਮਿਲ ਰਹੇ ਹਨ ਉੱਥੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ’ਚ ਵੀ ਸੰਗਤਾਂ ਨਾਲ ਰੂਬਰੂ ਕਰਨ ਲਈ ਨਤਮਸਤਕ ਹੋ ਰਹੇ ਹਨ| ਇਸੇ ਲੜੀ ਤਹਿਤ ਉਹ ਅੱਜ ਗੁਰਦੁਆਰਾ ਸਿੰਘ ਸਭਾ ਵਰਜ਼ੀਨੀਆਂ ਨਤਮਸਤਕ ਹੋਣ ਪੁੱਜੇ| ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਣ ਲਈ ਭਾਈ ਸਵਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬਾ, ਸਰਤਾਜ ਸਿੰਘ ਰੰਧਾਵਾ, ਮਿਹਰਬਾਨ ਸਿੰਘ ਅਤੇ ਬਖਸ਼ੀਸ਼ ਸਿੰਘ ਰੋਪੜ ਦਾ ਵਿਸ਼ੇਸ਼ ਯੋਗਦਾਨ ਰਿਹਾ| ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਤਸਕ ਹੋਣ ਉਪਰੰਤ ਸ੍ਰ. ਰਮੇਸ਼ ਸਿੰਘ ਅਰੋੜਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ| ਉਹਨਾਂ ਦੱਸਿਆ ਕਿ ਪਾਕਿਸਤਾਨ ’ਚ ਸਿੱਖਾਂ ਦੀ ਦਸਤਾਰ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ, ਜਿਸ ਲਈ ਉਹ ਪਾਕਿਸਤਾਨੀ ਅਵਾਮ ਦੇ ਧੰਨਵਾਦੀ ਹਨ| ਉਹਨਾਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰਮੀਅਮ ਨਵਾਜ਼ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਨਿਵੇਕਲੇ ਢੰਗ ਨਾਲ ਕੰਮ ਕਰ ਰਹੀ ਹੈ, ਜਿਵੇਂ ਕਿ ਲਹੌਰ ’ਚ ਪੁਰਾਣੀਆਂ ਥਾਵਾਂ ਦੇ ਨਾਮ 1947 ਵਾਲੇ ਰੱਖਣ ਦੀ ਪ੍ਰਕਿਰਿਆ ਚਲਾ ਰਹੀ ਹੈ| ਉਹਨਾਂ ਅਮਰੀਕਾ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਸਥਿਤ ਗੁਰੂਘਰਾਂ ਦੇ ਦਰਸ਼ਨ ਕਰਨ ਪੁੱਜਣ, ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ| ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਕਮਲਜੀਤ ਸਿੰਘ, ਭਾਈ ਤੇਜਪਾਲ ਸਿੰਘ, ਭਾਈ ਦਵਿੰਦਰ ਸਿੰਘ ਦਿਓ, ਬਲਵਿੰਦਰ ਸਿੰਘ ਚੱਟਾ, ਭਾਈ ਨਰਿੰਦਰ ਸਿੰਘ ਤੇ ਭਾਈ ਜੱਸਾ ਸਿੰਘ ਨੇ ਭਾਈ ਰਮੇਸ਼ ਸਿੰਘ ਅਰੋੜਾ ਨੂੰ ਸਨਮਾਨਿਤ ਕੀਤਾ| ਗੁਰੂ ਕੀ ਬਖਸ਼ਿਸ਼ ਸਿਰੋਪਾੲਓ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਤੇਜਪਾਲ ਸਿੰਘ ਨੇ ਭਾਈ ਰਮੇਸ਼ ਸਿੰਘ ਅਰੋੜਾ ਨੂੰ ਭੇਂਟ ਕੀਤਾ| 
ਉਪਰੰਤ ਸ੍ਰ. ਰਮੇਸ਼ ਸਿੰਘ ਅਰੋੜਾ ਨੇ ਉੱਘੇ ਮੀਡੀਆ ਕਰਮੀ ਸ੍ਰ. ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ| ਇਸ ਦੌਰਾਨ ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਪਾਕਿਸਤਾਨ ਸਥਿਤ 50 ਹੋਰ ਗੁਰਦੁਅਰਾ ਸਾਹਿਬ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ• ਦਿੱਤੇ ਜਾਣਗੇ| ਉਹਨਾਂ ਦੱਸਿਆ ਕਿ 17 ਗੁਰਦੁਆਰਾ ਸਾਹਿਬਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਸੰਗਤਾਂ ਲਈ ਖੋਲ• ਦਿੱਤੇ ਜਾਣਗੇ| ਉਹਨਾਂ ਦੱਸਿਆ ਕਿ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਦਿੱਖ ਪੁਰਾਤਨ ਹੀ ਰੱਖੀ ਜਾਵੇਗੀ| ਉਹਨਾਂ ਤੰਜ਼ ਕੱਸਦਿਆਂ ਕਿਹਾ ਕਿ ਕਾਰ ਸੇਵਾ ਵਾਲੇ ਬਾਬਿਆਂ ਵਾਂਗ ਹਰ ਥਾਂ ਸੰਗਮਰਮਰ ਨਹੀਂ ਲਗਾਇਆ ਜਾਵੇਗਾ| ਉਹਨਾਂ ਦੱਸਿਆ ਕਿ ਇਸ ਸਬੰਧੀ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰੀਅਮ ਨਵਾਜ਼ ਵਲੋਂ ਫੰਡ ਮੁਹੱਈਆ ਕੀਤੇ ਜਾ ਚੱੁਕੇ ਹਨ| ਸ੍ਰ. ਰਮੇਸ਼ ਸਿੰਘ ਅਰੋੜਾ ਨੇ ਅਮਰੀਕਾ ਦੇ ਵਪਾਰੀ ਭਾਈਚਾਰੇ ਨੂੰ ਪਾਸਿਕਤਾਨ ’ਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦਾ ਸਹਿਯੋਗ ਕਰੇਗੀ| ਉਹਨਾਂ ਇਕ ਗੱਲ ਵਿਸ਼ੇਸ਼ ਤੌਰ ’ਤੇ ਕਹੀ ਕਿ ਲੰਗਰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਸਾਦਾ ਹੀ ਵਰਤਾਇਆ ਜਾਣਾ ਚਾਹੀਦਾ ਹੈ, ਉਹਨਾਂ ਕਿਹਾ ਸਾਦਾ ਲੰਗਰ (ਦਾਲ ਫੁਲਕਾ) ਸਾਡੀ ਧਾਰਮਿਕ ਵਿਰਾਸਤ ਦਾ ਪ੍ਰਤੀਕ ਹੈ, ਮਠਿਆਈਆਂ, ਪਕੌੜੇ, ਪੀਜ਼ੇ, ਬਰਗਰ ਆਦਿ ਸਾਡੀ ਵਿਰਾਸਤ ਨਹੀਂ ਹੈ| ਉਹਨਾਂ ਇਹ ਵੀ ਦੱਸਿਆ ਕਿ ਪਾਕਿਸਤਾਨ ’ਚ ਕੋਈ ਵੀ ਸਿੱਖ ਅਜਿਹਾ ਨਹੀਂ ਮਿਲੇਗਾ ਜੋ ਰੋਮਾਂ ਦਾ ਕਤਲ ਕਰਦਾ ਹੋਵੇ, ਉਹ ਪੂਰਨ ਸਿੱਖ ਦੇ ਤੌਰ ’ਤੇ ਵਸਦੇ ਹਨ| ਉਹਨਾਂ ਇਕ ਵਾਰ ਫਿਰ ਅਮਰੀਕੀ ਸੰਗਤ ਨੂੰ ਪਾਕਿਸਤਾਨ ਸਥਿਤ ਗੁਰੂਘਰਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ|