ਪੰਜ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਅੱਜ, ਵਰਕਰਾਂ ਦੇ ਸਾਹ ਸੂਤੇ!

ਪੰਜ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਅੱਜ, ਵਰਕਰਾਂ ਦੇ ਸਾਹ ਸੂਤੇ!

ਨਵੀਂ ਦਿੱਲੀ, 4 ਮਈ (ਪੰਜਾਬੀ ਰਾਈਟਰ)- ਚਾਰ ਸੂਬਿਆਂ ਪੱਛਮੀ ਬੰਗਾਲ, ਤਾਮਿਲ ਨਾਡੂ, ਅਸਾਮ ਤੇ ਕੇਰਲਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਖੇਤਰੀ ਪਾਰਟੀਆਂ ਤ੍ਰਿਣਮੂਲ ਕਾਂਗਰਸ ਅਤੇ ਡੀ ਐੱਮ ਕੇ ਦੇ ਨਾਲ ਨਾਲ ਭਾਜਪਾ, ਕਾਂਗਰਸ ਅਤੇ ਖੱਬੇ ਪੱਖੀ ਧਿਰਾਂ ਦੀ ਸਾਖ਼ ਵੀ ਦਾਅ ’ਤੇ ਲੱਗੀ ਹੋਈ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਡਾਕ ਰਾਹੀਂ ਮਿਲੀਆਂ ਵੋਟਾਂ ਗਿਣੀਆਂ ਜਾਣਗੀਆਂ।

ਸਾਰੇ ਗਿਣਤੀ ਕੇਂਦਰਾਂ ’ਤੇ ਤਿੰਨ ਪਰਤੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਪਹਿਲੀ ਵਾਰ ਕਿਊ ਆਰ ਕੋਡ ਆਧਾਰਿਤ ਫੋਟੋ ਸ਼ਨਾਖ਼ਤੀ ਕਾਰਡ ਪ੍ਰਣਾਲੀ ਸ਼ੁਰੂ ਕੀਤੀ ਹੈ ਤਾਂ ਕਿ ਗਿਣਤੀ ਕੇਂਦਰਾਂ ਅੰਦਰ ਕਿਸੇ ਅਣਅਧਿਕਾਰਤ ਵਿਅਕਤੀ ਦੇ ਦਾਖ਼ਲੇ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਅੱਠ ਸੀਟਾਂ ਗੋਆ ਦੀ ਪੋਂਡਾ, ਕਰਨਾਟਕ ਦੀਆਂ ਬਾਗਲਕੋਟ ਤੇ ਦਾਵਨਾਗਰੇ ਦੱਖਣ, ਨਾਗਾਲੈਂਡ ਦੀ ਕੋਰੀਦਾਂਗ, ਤ੍ਰਿਪੁਰਾ ਦੀ ਧਰਮਨਗਰ, ਗੁਜਰਾਤ ਦੀ ਉਮਰੇਠ ਅਤੇ ਮਹਾਰਾਸ਼ਟਰ ਦੀ ਰਾਹੂਰੀ ਤੇ ਬਾਰਾਮਤੀ ’ਤੇ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਵੋਟਾਂ ਦੀ ਗਿਣਤੀ ਪਿੱਛੋਂ ਐਲਾਨੇ ਜਾਣਗੇ।

ਪੱਛਮੀ ਬੰਗਾਲ ’ਚ 293 ਸੀਟਾਂ ਲਈ 77 ਕੇਂਦਰਾਂ ’ਤੇ ਗਿਣਤੀ ਹੋਵੇਗੀ ਜਿਥੇ ਇਸ ਵਾਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਹੁਕਮਰਾਨ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਨੇ ਵੋਟਾਂ ਦੀ ਗਿਣਤੀ ਸਮੇਂ ਗੜਬੜ ਹੋਣ ਦੇ ਖ਼ਦਸ਼ੇ ਜਤਾਏ ਹਨ। ਚੋਣ ਕਮਿਸ਼ਨ ਨੇ 165 ਵਾਧੂ ਗਿਣਤੀ ਨਿਗਰਾਨ ਅਤੇ 77 ਪੁਲੀਸ ਨਿਗਰਾਨ ਤਾਇਨਾਤ ਕੀਤੇ ਹਨ; ਹਾਲਾਂਕਿ ਸੂਬੇ ’ਚ ਕੁੱਲ 432 ਗਿਣਤੀ ਨਿਗਰਾਨ ਲਾਏ ਗਏ ਹਨ। ਦੱਖਣੀ 24 ਪਰਗਣਾ ਜ਼ਿਲ੍ਹੇ ਦੇ ਹਲਕੇ ਫਾਲਤਾ ’ਚ ਗੰਭੀਰ ਚੋਣ ਗੜਬੜਾਂ ਮਿਲਣ ਕਾਰਨ ਉਥੇ 21 ਮਈ ਨੂੰ ਮੁੜ ਚੋਣ ਕਰਵਾਈ ਜਾਵੇਗੀ।

ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਤ੍ਰਿਣਮੂਲ ਕਾਂਗਰਸ ਨੇ ਲਗਾਤਾਰ ਚੌਥੀ ਵਾਰ ਸੱਤਾ ’ਚ ਆਉਣ ਲਈ ਵਾਹ ਲਾਈ ਹੈ ਜਦਕਿ ਭਾਜਪਾ ਨੇ ਉਸ ਨੂੰ ਸਖ਼ਤ ਟੱਕਰ ਦਿੱਤੀ ਹੈ। ਹਮਾਯੂੰ ਕਬੀਰ ਦੀ ਏ ਜੇ ਯੂ ਪੀ ਅਤੇ ਅਸਦੂਦੀਨ ਓਵਾਇਸੀ ਦੀ ਏ ਆਈ ਐੱਮ ਆਈ ਐੱਮ ਵੀ ਆਪਣੀ ਕਿਸਮਤ ਆਜ਼ਮਾ ਰਹੀਆਂ ਹਨ। ਉਧਰ ਅਸਾਮ ’ਚ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਨੂੰ ਸੂਬੇ ’ਚ ਹੈਟ੍ਰਿਕ ਲਗਾਉਣ ਦੀ ਆਸ ਹੈ। ਉਂਜ ਕਾਂਗਰਸ ਨੇ ਸੂਬਾ ਪ੍ਰਧਾਨ ਗੌਰਵ ਗੋਗੋਈ ਦੀ ਅਗਵਾਈ ਹੇਠ ਪੂਰੀ ਜ਼ੋਰ ਅਜ਼ਮਾਈ ਕੀਤੀ ਹੈ। ਕੇਰਲਾ ’ਚ ਕਾਂਗਰਸ ਦੀ ਅਗਵਾਈ ਹੇਠਲੇ ਯੂ ਡੀ ਐੱਫ ਨੂੰ ਸਰਕਾਰ ਬਣਾਉਣ ਦੀ ਆਸ ਹੈ ਪਰ ਲੈਫਟ ਡੈਮੋਕਰੈਟਿਕ ਫਰੰਟ ਦੋ ਵਾਰ ਤੋਂ ਸੱਤਾ ’ਚ ਹੈ। ਭਾਜਪਾ ਦੀ ਅਗਵਾਈ ਹੇਠਲਾ ਐੱਨ ਡੀ ਏ ਸੂਬੇ ’ਚ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਮਿਲ ਨਾਡੂ ’ਚ ਹੁਕਮਰਾਨ ਡੀ ਐੱਮ ਕੇ ਨੂੰ ਲਗਾਤਾਰ ਦੂਜੀ ਵਾਰ ਸੱਤਾ ’ਚ ਆਉਣ ਦੀ ਉਮੀਦ ਹੈ। ਅੰਨਾ ਡੀ ਐੱਮ ਕੇ ਦੀ ਅਗਵਾਈ ਹੇਠ ਭਾਜਪਾ ਵੀ ਚੁਣੌਤੀ ਦੇ ਰਹੀ ਹੈ। ਅਦਾਕਾਰ-ਸਿਆਸਤਦਾਨ ਵਿਜੈ ਦੀ ਅਗਵਾਈ ਹੇਠਲੀ ਟੀ ਵੀ ਕੇ ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹਨ। ਪੁੱਡੂਚੇਰੀ ’ਚ ਹੁਕਮਰਾਨ ਐੱਨ ਡੀ ਏ ਨੂੰ ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਤੋਂ ਟੱਕਰ ਮਿਲਣ ਦੀ ਸੰਭਾਵਨਾ ਹੈ।

ਮਮਤਾ ਵੱਲੋਂ ਗਿਣਤੀ ਏਜੰਟਾਂ ਨਾਲ ਮੀਟਿੰਗ

ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਪਣੇ ਭਬਾਨੀਪੁਰ ਹਲਕੇ ਦੇ ਕਾਊਂਟਿੰਗ ਏਜੰਟਾਂ ਨਾਲ ਅਹਿਮ ਮੀਟਿੰਗ ਕੀਤੀ। ਕਾਲੀਘਾਟ ਸਥਿਤ ਆਪਣੀ ਰਿਹਾਇਸ਼ ’ਤੇ ਇਸ ਮੀਟਿੰਗ ਦੌਰਾਨ ਉਨ੍ਹਾਂ ਏਜੰਟਾਂ ਨੂੰ ਗਿਣਤੀ ਮੁਕੰਮਲ ਹੋਣ ਤੱਕ ਕੇਂਦਰਾਂ ’ਤੇ ਡਟੇ ਰਹਿਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਮਗਰੋਂ ਪਾਰਟੀ ਆਗੂ ਫਿਰਹਾਦ ਹਾਕਿਮ ਨੇ ਮਮਤਾ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ।