ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਤੇਜ਼

ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਤੇਜ਼

ਨਵੀਂ ਦਿੱਲੀ-ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਵਿਚ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸ-ਯੂਕਰੇਨ ਜੰਗ ਵਿਚ ਜਬਰੀ ਧੱਕਣ ਦੀਆਂ ਘਟਨਾਵਾਂ ਦਰਮਿਆਨ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਮਾਸਕੋ ਕੋਲ ਇਹ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ । ਜੰਗ ਦੇ ਮੈਦਾਨ ਵਿਚ ਭੇਜੇ ਭਾਰਤੀ ਨਾਗਰਿਕਾਂ ਨੂੰ ਜਲਦੀ ਹੀ ਖਲਾਸੀ ਮਿਲ ਜਾਵੇਗੀ ਤੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਈ ਜਾਵੇਗੀ। ਰੂਸੀ ਫੌਜ ਵੱਲੋਂ ਯੂਕਰੇਨ ਖ਼ਿਲਾਫ਼ ਜੰਗ ਲੜਨ ਲਈ ਮਜਬੂਰ ਕੀਤੇ ਭਾਰਤੀ ਨਾਗਰਿਕਾਂ ਵਿਚ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਵੀ ਸ਼ਾਮਲ ਦੱਸੇ ਜਾਂਦੇ ਹਨ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤੀਆਂ ਨੂੰ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਜਾਂ ਫਿਰ ਆਨੇ ਬਹਾਨੇ ਝੂਠੇ ਲਾਰਿਆਂ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵਿੱਢ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਕੰਮ ਕਰ ਰਹੇ ਆਪਣੇ ਨਾਗਰਿਕਾਂ ਦੀ ਛੇਤੀ ਤੋਂ ਛੇਤੀ ਰਿਹਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਜੇ ਪਿਛਲੇ ਦਿਨੀਂ ਹੈਦਰਾਬਾਦ ਨਾਲ ਸਬੰਧਤ ਭਾਰਤੀ ਨਾਗਰਿਕ ਮੁਹੰਮਦ ਅਸਫ਼ਾਨ ਦੀ ਯੂਕਰੇਨ ਖਿਲਾਫ਼ ਜੰਗ ਵਿਚ ਮਾਰੇ ਜਾਣ ਦੀ ਖ਼ਬਰ ਆਈ ਹੈ। ਅਸਫ਼ਾਨ ਨੂੰ ਵੀ ਜੰਗ ਵਿਚ ਜਬਰੀ ਧੱਕਿਆ ਗਿਆ ਸੀ। ਮਾਸਕੋ ਸਥਿਤ ਭਾਰਤੀ ਅੰਬੈਸੀ ਨੇ ਬੁੱਧਵਾਰ ਨੂੰ ਐਕਸ ’ਤੇ ਇਕ ਪੋਸਟ ਵਿਚ ਅਸਫ਼ਾਨ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਅੰਬੈਸੀ ਨੇ ਭਾਰਤੀ ਨਾਗਰਿਕ ਦੀ ਮੌਤ ਦਾ ਕਾਰਨ ਨਹੀਂ ਦੱਸਿਆ। ਰੂਸੀ ਫੌਜ ਲਈ ਸਹਾਇਕ ਸਟਾਫ਼ ਵਜੋਂ ਕੰਮ ਕਰਦੇ ਇਕ ਹੋਰ ਭਾਰਤੀ ਨਾਗਰਿਕ ਦੀ ਮੌਤ ਦੀ ਖ਼ਬਰ ਕਈ ਦਿਨ ਪਹਿਲਾਂ ਆਈ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਮਾਰੇ ਗਏ ਭਾਰਤੀ ਨਾਗਰਿਕਾਂ ਦੀਆਂ ਦੇਹਾਂ ਵਾਪਸ ਲਿਆਉਣ ਲਈ ਯਤਨ ਜਾਰੀ ਹਨ। ਜੈਸਵਾਲ ਨੇ ਕਿਹਾ ਕਿ 20 ਦੇ ਕਰੀਬ ਵਿਅਕਤੀਆਂ ਨੇ ਭਾਰਤ ਸਰਕਾਰ ਨਾਲ ਰਾਬਤਾ ਕੀਤਾ ਹੈ ਤੇ ਉਨ੍ਹਾਂ ਦਾ ਖੁਰਾ-ਖੋਜ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਰੂਸੀ ਫੌਜ ਨਾਲ ਸਹਾਇਕ ਸਟਾਫ਼ ਵਜੋਂ ਕੰਮ ਕਰ ਰਹੇ ਭਾਰਤੀਆਂ ਦੀ ਅਸਲ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੈਸਵਾਲ ਨੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਏਜੰਟਾਂ ਵੱਲੋਂ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਕੰਮ ਕਰਨ ਦੀਆਂ ਪੇਸ਼ਕਸ਼ਾਂ ਵਿਚ ਨਾ ਫਸਣ। ਉਨ੍ਹਾਂ ਕਿਹਾ ਕਿ ਇਹ ਕੰਮ ਬਹੁਤ ਖ਼ਤਰਨਾਕ ਹੈ ਤੇ ਇਸ ਵਿਚ ਜਾਨ ਦਾ ਵੀ ਜੋਖ਼ਮ ਹੈ। ਉਨ੍ਹਾਂ ਕਿਹਾ, ‘‘ਕਈ ਭਾਰਤੀ ਨਾਗਰਿਕਾਂ ਨੂੰ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸੀ ਫੌਜ ਨਾਲ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਅਸੀਂ ਅਜਿਹੇ ਭਾਰਤੀ ਨਾਗਰਿਕਾਂ ਦੀ ਛੇਤੀ ਖਲਾਸੀ ਲਈ ਰੂਸੀ ਸਰਕਾਰ ਕੋਲ ਇਹ ਮਸਲਾ ਜ਼ੋਰਦਾਰ ਢੰਗ ਨਾਲ ਰੱਖਿਆ ਹੈ।’’ ਉਨ੍ਹਾਂ ਕਿਹਾ, ‘‘ਸੀਬੀਆਈ ਨੇ ਵੀਰਵਾਰ ਨੂੰ ਕਈ ਸ਼ਹਿਰਾਂ ਵਿਚ ਛਾਪੇ ਮਾਰ ਕੇ ਮਨੁੱਖੀ ਤਸਕਰੀ ਵਿਚ ਸ਼ਾਮਲ ਇਕ ਪ੍ਰਮੁੱਖ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਏਜੰਸੀ ਨੇ ਨਗ਼ਦੀ ਤੋਂ ਇਲਾਵਾ ਹੋਰ ਕਈ ਸਬੂਤ ਇਕੱਤਰ ਕੀਤੇੇ ਹਨ। ਕਈ ਏਜੰਟਾਂ ਖਿਲਾਫ਼ ਮਾਨਵੀ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਇਕ ਵਾਰ ਮੁੜ ਭਾਰਤੀ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਏਜੰਟਾਂ ਵੱਲੋਂ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਨੌਕਰੀਆਂ ਦੀ ਕੀਤੀ ਜਾਂਦੀ ਪੇਸ਼ਕਸ਼ ਦੇ ਬਹਿਕਾਵੇ ਵਿਚ ਨਾ ਆਉਣ। ਇਹ ਕੰਮ ਖ਼ਤਰਿਆਂ ਨਾਲ ਭਰਿਆ ਹੈ ਤੇ ਇਸ ਵਿਚ ਜਾਨ ਦਾ ਵੀ ਜੋਖ਼ਮ ਹੈ।’’ ਜੈਸਵਾਲ ਨ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਦੀ ਛੇਤੀ ਰਿਹਾਈ ਤੇ ਘਰ ਵਾਪਸੀ ਲਈ ਵਚਨਬੱਧ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਈ ਭਾਰਤੀ, ਜੋ ਰੂਸੀ ਫੌਜ ਵਿਚ ਸਕਿਉਰਿਟੀ ਹੈਲਪਰਾਂ ਵਜੋਂ ਭਰਤੀ ਸਨ, ਨੂੰ ਯੂਕਰੇਨ ਨਾਲ ਲੱਗਦੀ ਰੂਸੀ ਸਰਹੱਦ ’ਤੇ ਜਾਰੀ ਜੰਗ ਵਿਚ ਜਬਰੀ ਧੱਕਿਆ ਜਾ ਰਿਹਾ ਹੈ।