ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ਅੱਜ

ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ਅੱਜ

ਨਵੀਂ ਦਿੱਲੀ-ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੀਰਵਾਰ ਨੂੰ ਸੰਸਦ ਵਿੱਚ ਅੰਤਰਿਮ ਬਜਟ ਪੇਸ਼ ਕਰਨਗੇ। ਮੁਕੰਮਲ ਬਜਟ ਅਪਰੈਲ ਮਈ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਗਰੋਂ ਨਵੀਂ ਸਰਕਾਰ ਪੇਸ਼ ਕਰੇਗੀ। ਸਰਕਾਰ ਨੇ ਅੰਤਰਿਮ ਬਜਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। 9 ਫਰਵਰੀ ਤੱਕ ਚੱਲਣ ਵਾਲਾ 17ਵੀਂ ਲੋਕ ਸਭਾ ਦਾ ਇਹ ਆਖਰੀ ਇਜਲਾਸ ਹੋਵੇਗਾ। ਉਧਰ ਸਰਕਾਰ ਮੁਕਾਬਲੇ (ਕੰਪੀਟੇਟਿਵ) ਦੀਆਂ ਪ੍ਰੀਖਿਆਵਾਂ ਵਿੱਚ ਨਕਲ ਤੇ ਬੇਨਿਯਮੀਆਂ ਨੂੰ ਰੋਕਣ ਲਈ ਅਗਲੇ ਹਫ਼ਤੇ ਸੰਸਦ ਵਿੱਚ ਨਵਾਂ ਬਿੱਲ ਲਿਆ ਸਕਦੀ ਹੈ। ਸੂਤਰਾਂ ਮੁਤਾਬਕ ਬਿੱਲ ਵਿੱਚ ਦਸ ਸਾਲ ਕੈਦ ਤੇ ਇਕ ਕਰੋੜ ਰੁਪਏ ਤੱਕ ਜੁਰਮਾਨੇ ਦੀ ਤਜਵੀਜ਼ ਰੱਖੀ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ਼ ਅਨਵੇਅਰ ਮੀਨਜ਼) ਬਿੱਲ 2024 ਸੋਮਵਾਰ ਨੂੰ ਬਜਟ ਇਜਲਾਸ ਦੌਰਾਨ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਕੇਂਦਰੀ ਕੈਬਨਿਟ ਨੇ ਬਿੱਲ ਨੂੰ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਸੀ। ਸੂਤਰਾਂ ਨੇ ਕਿਹਾ ਕਿ ਤਜਵੀਜ਼ਤ ਬਿੱਲ ਵਿਚ ਵਿਦਿਆਰਥੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਬਿੱਲ ਦਾ ਮੁੱਖ ਮਕਸਦ ਜਥੇਬੰਦਕ ਅਪਰਾਧ, ਮਾਫੀਆ ਅਨਸਰਾਂ ਤੇ ਨਾਪਾਕ ਗੱਠਜੋੜ ’ਚ ਸ਼ਾਮਲ ਸਰਕਾਰੀ ਅਧਿਕਾਰੀਆਂ ਸਣੇ ਹੋਰਨਾਂ ਖਿਲਾਫ਼ ਕਾਰਵਾਈ ਯਕੀਨੀ ਬਣਾਉਣਾ ਹੈ। ਬਿੱਲ ਵਿੱਚ ਉੱਚ ਪੱਧਰੀ ਤਕਨੀਕੀ ਕਮੇਟੀ ਦੀ ਵੀ ਤਜਵੀਜ਼ ਰੱਖੀ ਗਈ ਹੈ, ਜੋ ਕੰਪਿਊਟਰਾਈਜ਼ਡ ਪ੍ਰੀਖਿਆ ਅਮਲ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਸਿਫਾਰਸ਼ਾਂ ਕਰੇਗੀ।