
ਨਵੀਂ ਦਿੱਲੀ- ਵਿੱਚ ਹਵਾ ਪ੍ਰਦੂਸ਼ਣ ਇੱਕ ਵਾਰ ਫਿਰ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ ਤੇ ਦਿੱਲੀ ਅੱਜ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਇਸ ਨੂੰ ਪ੍ਰਦੂਸ਼ਣ ਤੋਂ ਜਲਦੀ ਰਾਹਤ ਮਿਲਣ ਦੀ ਸੰਭਾਵਨਾ ਫਿਲਹਾਲ ਘੱਟ ਹੈ। ਕੌਮੀ ਰਾਜਧਾਨੀ ਵਿੱਚ ਅੱਜ ਏਕਿਊਆਈ 397 ਅੰਕ ਦਰਜ ਕੀਤਾ ਗਿਆ ਜਦਕਿ ਬੀਤੇ ਦਿਨ ਇਹ ਅੰਕੜਾ 358 ਤੇ ਲੰਘੇ ਐਤਵਾਰ ਨੂੰ 218 ਸੀ। ਸ਼ਹਿਰ ਵਿਚਲੀਆਂ ਕਈਆਂ ਥਾਵਾਂ ’ਤੇ ਏਕਿਊਆਈ 400 ਅੰਕ ਤੋਂ ਵੀ ਪਾਰ ਹੋ ਗਿਆ। ਮੀਂਹ ਪੈਣ ਮਗਰੋਂ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਸੀ ਪਰ ਦੀਵਾਲੀ ਵਾਲੀ ਰਾਤ ਹੋਈ ਆਤਿਸ਼ਬਾਜ਼ੀ ਮਗਰੋਂ ਹਵਾ ਪ੍ਰਦੂਸ਼ਣ ’ਚ ਮੁੜ ਵਾਧਾ ਹੋ ਗਿਆ ਸੀ।ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੀ ਸਵਿੱਸ ਕੰਪਨੀ ‘ਆਈਕਿਊਏਅਰ’ ਅਨੁਸਾਰ ਅੱਜ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਇਸ ਤੋਂ ਬਾਅਦ ਢਾਕਾ, ਲਾਹੌਰ ਤੇ ਮੁੰਬਈ ਦਾ ਸਥਾਨ ਹੈ। ਦਿੱਲੀ ’ਚ ਦੀਵਾਲੀ ਵਾਲੇ ਦਿਨ ਸ਼ਾਮ ਚਾਰ ਵਜੇ ਹਵਾ ਦੀ ਗੁਣਵੱਤਾ ਸਭ ਤੋਂ ਚੰਗੀ ਦਰਜ ਕੀਤੀ ਗਈ ਜਦੋਂ ਏਕਿਊਆਈ 218 ਤੱਕ ਪਹੁੰਚ ਗਿਆ ਸੀ। ਪਰ ਦੇਰ ਰਾਤ ਤੱਕ ਹੋਈ ਆਤਿਸ਼ਬਾਜ਼ੀ ਕਾਰਨ ਪ੍ਰਦੂਸ਼ਣ ਵਿੱਚ ਵਾਧਾ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਰਕੇ ਪੁਰਮ (422), ਦਵਾਰਕਾ (406), ਪੰਜਾਬੀ ਬਾਗ (410), ਆਈਟੀਓ (430), ਜਹਾਂਗੀਰਪੁਰੀ (428), ਆਈਜੀਆਈ ਏਅਰਪੋਰਟ (426), ਮੁੰਡਕਾ (418) ਵਿੱਚ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਹੋਣ ਦੀ ਰਿਪੋਰਟ ਕੀਤੀ ਹੈ। ਦਿੱਲੀ ਦੇ ਗੁਆਂਢੀ ਸ਼ਹਿਰ ਨੋਇਡਾ ਵਿੱਚ ਵੀ ਸੈਕਟਰ-125 ਵਿੱਚ 406 ਦੇ ਏਕਿਊਆਈ ਅੰਕੜੇ ਸਾਹਮਣੇ ਆਏ। ਇਸ ਦੌਰਾਨ ਹਰਿਆਣਾ ਦੇ ਗੁਰੂਗ੍ਰਾਮ, ਸੈਕਟਰ 51 ਵਿੱਚ ਏਕਿਊਆਈ 430 ਤੱਕ ਦਰਜ ਕੀਤਾ ਗਿਆ। ਨਵੀਂ ਦਿੱਲੀ: ਭਾਜਪਾ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਦਿੱਲੀ ਅੱਜ ਗੈਸ ਚੈਂਬਰ ਬਣ ਗਈ ਹੈ। ਅਰਵਿੰਦ ਕੇਜਰੀਵਾਲ ਸਾਲ 2018 ’ਚ ਪੰਜਾਬ ’ਚ ਪਰਾਲੀ ਸਾੜਨ ਨੂੰ ਮੁੱਖ ਕਾਰਨ ਦੱਸਦੇ ਸਨ। ਪਿਛਲੇ ਦੋ ਦਿਨਾਂ ’ਚ ਪੰਜਾਬ ’ਚ ਪਰਾਲੀ ਸਾੜਨ ਦੇ 2600 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਸਵਾਲ ਕੀਤਾ, ‘ਪੰਜਾਬ ’ਚ ‘ਆਪ’ ਸਰਕਾਰ ਇਸ ਨੂੰ ਰੋਕਣ ਲਈ ਕੀ ਕਰਦੀ ਹੈ? ਦਿੱਲੀ ’ਚ ਪ੍ਰਦੂਸ਼ਣ ਦੇ ਮੁੱਖ ਕਾਰਨ ਅੰਦਰੂਨੀ ਹਨ। ਵਾਹਨਾਂ ਦੇ ਪ੍ਰਦੂਸ਼ਣ ਅਤੇ ਧੂੜ ’ਤੇ ਕਾਬੂ ਪਾਉਣ ਲਈ ਕੀ ਕੀਤਾ ਗਿਆ?’ਚੰਡੀਗੜ੍ਹ: ਪੰਜਾਬ ’ਚ ਅੱਜ ਪਰਾਲੀ ਸਾੜਨ ਦੇ 1776 ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 28,117 ਹੋ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਤੇ ਪੰਜਾਬ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਿਹਾ। ਤਾਜ਼ਾ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਮੁੜ ਵਧਣ ਲੱਗੇ ਹਨ। ਸੂਬੇ ਵਿੱਚ ਨੌਂ ਨਵੰਬਰ ਨੂੰ 639, 11 ਨਵੰਬਰ ਨੂੰ 104 ਤੇ 13 ਨਵੰਬਰ ਨੂੰ ਪਰਾਲੀ ਸਾੜਨ ਦੇ 1624 ਮਾਮਲੇ ਸਾਹਮਣੇ ਆਏ ਸਨ। ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਅੱਜ ਪਰਾਲੀ ਸਾੜਨ ਦੇ ਸਭ ਤੋਂ ਵੱਧ 258 ਮਾਮਲੇ ਬਠਿੰਡਾ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਬਰਨਾਲਾ (253), ਸੰਗਰੂਰ (188), ਮੋਗਾ (181), ਫਿਰੋਜ਼ਪੁਰ (176) ਅਤੇ ਫਾਜ਼ਿਲਕਾ ਤੇ ਫਿਰੋਜ਼ਪੁਰ (149-149) ਦਾ ਸਥਾਨ ਹੈ। ਪੰਜਾਬ ਵਿੱਚ 15 ਸਤੰਬਰ ਤੋਂ 14 ਨਵੰਬਰ ਤੱਕ ਪਰਾਲੀ ਸਾੜਨ ਦੀਆਂ 28,117 ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚ ਸਭ ਤੋਂ ਵੱਧ 4961 ਘਟਨਾਵਾਂ ਸੰਗਰੂਰ ’ਚ ਵਾਪਰੀਆਂ ਹਨ। ਪੰਜਾਬ ਤੇ ਹਰਿਆਣਾ ਵਿੱਚ ਏਕਿਊਆਈ ਪੱਧਰ ਵੀ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਬਠਿੰਡਾ ਵਿੱਚ ਏਕਿਊਆਈ 391, ਪਟਿਆਲਾ ਵਿੱਚ 251, ਲੁਧਿਆਣਾ ਵਿੱਚ 240, ਜਲੰਧਰ ’ਚ 231, ਮੰਡੀ ਗੋਬਿੰਦਗੜ੍ਹ ’ਚ 196, ਅੰਮ੍ਰਿਤਸਰ ’ਚ 181, ਰੂਪਨਗਰ ’ਚ 149 ਅਤੇ ਖੰਨਾ ਵਿੱਚ ਏਕਿਊਆਈ 109 ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਗੁਰੂਗ੍ਰਾਮ ’ਚ ਏਕਿਊਆਈ 383 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਰੀਦਾਬਾਦ ’ਚ ਏਕਿਊਆਈ 381, ਹਿਸਾਰ ’ਚ 356, ਨਾਰਨੌਲ ’ਚ 340, ਰੋਹਤਕ ’ਚ 334, ਕੈਥਲ ’ਚ 321, ਫਤਿਹਾਬਾਦ ’ਚ 313, ਸੋਨੀਪਤ ’ਚ 273 ਤੇ ਭਿਵਾਨੀ ’ਚ 263 ਰਿਹਾ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਏਕਿਊਆਈ 167 ਦਰਜ ਕੀਤਾ ਗਿਆ।