ਪੱਤਰਕਾਰ ਤੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦੀ ਮੌਤ

ਪੱਤਰਕਾਰ ਤੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦੀ ਮੌਤ

#ਚੰਡੀਗੜ੍ਹ, 5 ਜੂਨ (ਪੰਜਾਬੀ ਰਾਈਟਰ)- ਪੇਂਡੂ ਵਿੱਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਪੱਤਰਕਾਰ ਅਤੇ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਇੱਥੇ ਵਾਪਰੀ ਮੰਦਭਾਗੀ ਘਟਨਾ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਅਣਢਕੇ (ਖੁੱਲ੍ਹੇ) ਨਾਲੇ ਵਿੱਚ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਸਵਰਨ ਸਿੰਘ ਭੰਗੂ ਨੇ ਜਿਊਂਦੇ-ਜੀਅ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦਾ ਪ੍ਰਣ ਲਿਆ ਸੀ। ਹੁਣ ਉਨ੍ਹਾਂ ਦੀ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਸੌਂਪੀ ਜਾਵੇਗੀ। ਇਸ ਦੌਰਾਨ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਭੰਗੂ ਦੀ ਦੇਹ 6 ਜੂਨ ਨੂੰ ਸਵੇਰੇ 8 ਤੋਂ 10 ਵਜੇ ਤੱਕ ਬੱਸੀ ਗੁੱਜਰਾਂ ਦੇ ਕੰਗ ਮੈਮੋਰੀਅਲ ਇੰਸਟੀਚਿਊਟ ਵਿੱਚ ਆਮ ਲੋਕਾਂ ਅਤੇ ਸਨੇਹੀਆਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ। ਇਸ ਉਪਰੰਤ ਆਦਰਸ਼ ਭਵਨ ਸ੍ਰੀ ਚਮਕੌਰ ਸਾਹਿਬ ਵਿੱਚ ਸਵੇਰੇ 11 ਵਜੇ ਤੋਂ 11.30 ਵਜੇ ਤੱਕ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਇਸ ਤੋਂ ਬਾਅਦ ਪਰਿਵਾਰ ਅਤੇ ਸਨੇਹੀ ਦੁਪਹਿਰ 12 ਵਜੇ ਕਾਫ਼ਲੇ ਦੇ ਰੂਪ ’ਚ ਉਨ੍ਹਾਂ ਦੀ ਦੇਹ ਲੈ ਕੇ ਪੀ ਜੀ ਆਈ ਚੰਡੀਗੜ੍ਹ ਲਈ ਰਵਾਨਾ ਹੋਣਗੇ।

ਅੰਮ੍ਰਿਤਸਰ (ਪੱਤਰ ਪ੍ਰੇਰਕ): ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਵਰਨ ਸਿੰਘ ਭੰਗੂ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ ਅਤੇ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਭੰਗੂ ਨੇ ਆਪਣਾ ਸਾਰਾ ਜੀਵਨ ਸਿੱਖਿਆ, ਸਮਾਜਿਕ ਜਾਗਰੂਕਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਸੀ।

ਚੰਡੀਗੜ੍ਹ (ਟਨਸ): ਪ੍ਰਗਤੀਸ਼ੀਲ ਲੇਖਕ ਸੰਘ ਨੇ ਪੱਤਰਕਾਰ ਅਤੇ ਫਿਲਮ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਦੇ ਜੀਵਨ ਸਾਥੀ ਸਵਰਨ ਭੰਗੂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਸਥਾ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੂਬਾ ਪ੍ਰਧਾਨ ਸੁਰਜੀਤ ਜੱਜ, ਸੂਬਾ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਅਤੇ ਚਿੰਤਕ ਡਾ. ਸਵਰਾਜਬੀਰ ਨੇ ਕਿਹਾ ਕਿ ਉਹ ਪ੍ਰਸਿੱਧ ਫਿਲਮ ਅਦਾਕਾਰ ਗਰੁਪ੍ਰੀਤ ਕੌਰ ਭੰਗੂ ਦੇ ਹਮਸਫ਼ਰ ਤਾਂ ਸੀ ਹੀ ਪਰ ਉਨ੍ਹਾਂ ਦਾ ਆਪਣਾ ਕਾਰਜ ਬੇਮਿਸਾਲ ਹੈ। ਪੱਤਰਕਾਰਤਾ, ਸਿੱਖਿਆ, ਤਰਕਸ਼ੀਲਤਾ, ਸਮਾਜ ਸੇਵਾ, ਕਲਾ ਅਤੇ ਸਭ ਤੋਂ ਵੱਧ ਬੱਚਿਆਂ ਨੂੰ ਭਵਿੱਖ ਦੀਆਂ ਰਾਹਾਂ ਦਿਖਾਉਣ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕੀਤਾ ਗਿਆ ਕਾਰਜ ਲਾਸਾਨੀ ਹੈ। ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਪਰਮਿੰਦਰ ਸਵੈਚ, ਰਮੇਸ਼ ਯਾਦਵ, ਜਸਪਾਲ ਮਾਨਖੇੜਾ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਡਾ. ਸੰਤੋਖ ਸੁੱਖੀ, ਰਾਬਿੰਦਰ ਸਿੰਘ ਰੱਬੀ ਅਤੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਨੇ ਉਨ੍ਹਾਂ ਦੇ ਮਹਾਨ ਕਾਰਜ ਨੂੰ ਨਮਨ ਕੀਤਾ।