
ਪ੍ਰਸਿੱਧ ਗਾਇਕਾ ਅਮਨ ਰੋਜ਼ੀ ਅਤੇ ਗਾਇਕ ਖੁਦਾ ਬਖਸ਼ ਨੇ ਆਪਣੀ ਗਾਇਕੀ ਨਾਲ ਸਰੋਤੇ ਕੀਲੇ
ਵਰਜ਼ੀਨੀਆਂ (ਦਵਿੰਦਰ ਸਿੰਘ ਮਨਾਸਸ) ਬੀਤੇ ਰਹੇ ਸਾਲ 2023 ਨੂੰ ਅਲਵਿਦਾ ਅਤੇ ਨਵੇਂ ਆ ਰਹੇ ਸਾਲ 2024 ਨੂੰ ਜੀ ਆਇਆਂ ਕਹਿਣ ਲਈ ‘ਇਕ ਪੰਜਾਬੀ’ ਸੰਸਥਾ ਵਲੋਂ ਵਰਜ਼ੀਨੀਆਂ ’ਚ ਬਹੁਤ ਹੀ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਪ੍ਰਬੰਧਾਂ ਵਿਚ ਇਕ ਪੰਜਾਬੀ ਦੀ ਸਮੂਹ ਟੀਮ ਜਿਹਨਾਂ ਵਿਚ ਗੁਰਵਿੰਦਰ ਸਿੰਘ ਪੰਨੂ, ਗੁਰਵਿੰਦਰ ਸਿੰਘ ਬੱਲ, ਰਾਜ ਨਿੱਝਰ, ਰਮਨ, ਸੁਰਿੰਦਰ ਸਿੰਘ ਸੰਧੂ ਅਤੇ ਰਣਜੀਤ ਹੁੰਦਲ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇੱਥੇ ਦੱਸਣਯੋਗ ਹੈ ਕਿ ‘ਇਕ ਪੰਜਾਬੀ’ ਸੰਸਥਾ 2010 ਤੋਂ ਵਰਜ਼ੀਨੀਆਂ ਦੇ ਖੁੱਲ੍ਹੇ ਮੈਦਾਨਾਂ ਵਿਚ ਮੁਫਤ ਸੱਭਿਆਚਾਰਕ ਮੇਲਾ ਕਰਵਾਉਂਦੀ ਆ ਰਹੀ ਹੈ ਹੈ ਤੇ ਹੁਣ ਨਵੇਂ ਸਾਲ ’ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਇਸ ਸੰਸਥਾ ਨੇ ਆਪਣੀਆਂ ਪ੍ਰਾਪਤੀਆਂ ਵਿਚ ਜ਼ਿਕਰਯੋਗ ਵਾਧਾ ਕੀਤਾ ਹੈ। ਇਸ ਸਮਾਗਮ ਵਿਚ ਕੇ.ਕੇ ਸਿੱਧੂ ਦੀ ਅਗਵਾਈ ’ਚ ਮੈਰੀਲੈਂਡ ਪੰਜਾਬੀ ਕਲੱਬ, ਓਠੀਆਂ ਪਿੰਡ ਅਤੇ ਇਲਾਕੇ ਦੇ ਸਾਰੇ ਸਾਰੇ ਪੰਜਾਬੀ ਭਾਈਚਾਰੇ ਦੇ ਬਿਜ਼ਨਸਮੈਨਾਂ ਨੇ ਸ਼ਿਰਕਤ ਕੀਤੀ। ਇਸ ਪੋ੍ਰਗਰਾਮ ਦੀ ਖਾਸੀਅਤ ਇਹ ਰਹੀ ਕਿ ਇਹ ਇਕ ਪਰਿਵਾਰਕ ਪ੍ਰੋਗਰਾਮ ਸੀ ਜਿਸ ਵਿਚ ਬੱਚੇ, ਬਜ਼ੁਰਗ ਅਤੇ ਨੌਜਵਾਨਾਂ ਆਦਿ ਸਾਰਿਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਅਮਰੀਕੀ ਆਗੂਆਂ ਅਤੇ ਵਰਕਰਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਜਿਹਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਤਪਾਲ ਸਿੰਘ ਬਰਾੜ, ਕੁਲਦੀਪ ਸਿੰਘ ਮੱਲ੍ਹਾ, ਪ੍ਰਤਾਪ ਸਿੰਘ ਗਿੱਲ, ਗੁਰਚਰਨ ਸਿੰਘ ਲਹਿਲ, ਆਮ ਆਦਮੀ ਪਾਰਟੀ ਵਲੋਂ ਅਮਰਜੀਤ ਸਿੰਘ ਸੰਧੂ ਤੇ ਉਹਨਾਂ ਦੇ ਸਾਥੀ, ਇੰਦਰਬੀਰ ਸਿੰਘ ਸਮਰਾ, ਜਗਮੀਤ ਸਿੰਘ ਗਿੱਲ, ਗੁਰਮੀਤ ਸਿੰਘ ਗਰੇਵਾਲ, ਕਾਂਗਰਸ ਪਾਰਟੀ ਵਲੋਂ ਕਿਰਨਦੀਪ ਸਿੰਘ ਭੋਲਾ ਤੇ ਉਹਨਾਂ ਸਾਥੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਵਿਸ਼ੇਸ਼ ਤੌਰ ’ਤੇ ਭਾਈ ਦਲਵੀਰ ਸਿੰਘ ਭੱੁਲਰ ਦੀ ਅਗਵਾਈ ’ਚ ਓਠੀਆਂ ਪਿੰਡ ਦੇ ਸੱਜਣਾਂ ਦਾ ਇਸ ਸਮਾਗਮ ਵਿਚ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਵਿਚ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕਾ ਅਮਨ ਰੋਜ਼ੀ ਅਤੇ ਗਾਇਕ ਖੁਦਾ ਬਖਸ਼ ਨੇ ਆਪੋ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ ਅਤੇ ਸਭ ਨੂੰ ਨੱਚਣ ਲਈ ਮਜਬੂਰ ਕੀਤਾ। 400 ਤੋਂ ਵੱਧ ਪਹੁੰਚੇ ਸਰੋਤਿਆਂ ਵਿਚ ਇਹ ਚਰਚਾ ਸੀ ਕਿ ਇਸ ਇਲਾਕੇ ਵਿਚ ਇਹੋ ਜਿਹਾ ਪ੍ਰੋਗਰਾਮ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ। ਅੰਤ ਵਿਚ ਪ੍ਰਬੰਧਕਾਂ ਨੇ ਸਮੂਹ ਹਾਜ਼ਰੀਨ ਦਾ ਜਿੱਥੇ ਮੇਲੇ ’ਚ ਆਉਣ ਲਈ ਧੰਨਵਾਦ ਕੀਤਾ ਉੱਥੇ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।