ਮਾਮਲਾ ਸ੍ਰੀ ਦਰਬਾਰ ਸਾਹਿਬ ਤੋਂ ਟੀ.ਵੀ. ਚੈੱਨਲਾਂ ’ਤੇ ਗੁਰਬਾਣੀ ਕੀਰਤਨ ਪ੍ਰਸਾਰਣ ਦਾ!

ਮਾਮਲਾ ਸ੍ਰੀ ਦਰਬਾਰ ਸਾਹਿਬ ਤੋਂ ਟੀ.ਵੀ. ਚੈੱਨਲਾਂ ’ਤੇ ਗੁਰਬਾਣੀ ਕੀਰਤਨ ਪ੍ਰਸਾਰਣ ਦਾ!

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਸਭ ਲਈ ਮੁਫ਼ਤ ਬ੍ਰਾਡਕਾਸਟ ਕਰਨ ਵਾਲਾ ਬਿਆਨ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚਾਲੇ ਹੁਣ ਇਸ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ’ਤੇ ਐੱਸ.ਜੀ.ਪੀ.ਸੀ. ਨੇ ਵੀ ਆਪਣਾ ਜਵਾਬ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰ ਮੋੜਵਾਂ ਜਵਾਬ ਦਿੰਦਿਆਂ ਲਿਖਿਆ, ‘‘ਮੱੁਖ ਮੰਤਰੀ ਭਗਵੰਤ ਮਾਨ ਸੰਗਤ ’ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰਨ’’।
ਅਸਲ ਵਿਚ ਹਾਲ ਦੀ ਘੜੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸਿਰਫ ਪੀ.ਟੀ.ਸੀ. ਵਲੋਂ ਕੀਤਾ ਜਾ ਰਿਹਾ ਹੈ ਅਤੇ ਪੀ.ਟੀ.ਸੀ. ਦੀ ਮਲਕੀਅਤ ਸੁਖਬੀਰ ਸਿੰਘ ਬਾਦਲ ਦੀ ਹੈ ਜੋ ਉਹ ਸ਼ਰੇਆਮ ਕਬੂਲ ਕਰ ਚੱੁਕੇ ਹਨ। ਇਸ ਲਈ ਭਗਵੰਤ ਮਾਨ ਚਾਹੁੰਦੇ ਹਨ ਕਿ ਗੁਰਬਾਣੀ ਪ੍ਰਸਾਰਣ ਸਿਰਫ ਪੀ.ਟੀ.ਸੀ. ਹੀ ਕਿਉਂ ਕਰ ਰਿਹਾ ਹੈ, ਇਸ ਨੂੰ ਪ੍ਰਸਾਰਿਤ ਕਰਨ ਦਾ ਹੱਕ ਸਭ ਦਾ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖਰਚਾ ਕਰਨ ਨੂੰ ਤਿਆਰ ਹੈ। 
 ਮੁੱਖ ਮੰਤਰੀ ਭਗਵੰਤ ਮਾਨ ਦੀ ਮੰਗ ਕੋਈ ਗਲਤ ਵੀ ਨਹੀਂ ਹੈ ਕਿਉਂਕਿ ਸ਼ਬਦ ਗੁਰੂ ਪ੍ਰਸਾਦਿ ਸਭ ਲਈ ਹੋਣਾ ਚਾਹੀਦਾ ਹੈ ਪਰ ਇੱਥੇ ਇਹ ਗੱਲ ਜ਼ਰੂਰ ਕਰਨੀ ਬਣਦੀ ਹੈ ਕਿ ਜੇਕਰ ਅਜਿਹਾ ਹੋ ਵੀ ਜਾਂਦਾ ਹੈ ਤਾਂ ਇਹ ਸ਼ਰਤ ਹੋਣੀ ਚਾਹੀਦੀ ਹੈ ਕਿ ਜਦੋਂ ਕਿਸੇ ਵੀ ਚੈੱਨਲ ਉੱਤੇ ਗੁਰਬਾਣੀ ਦਾ ਪ੍ਰਸਾਰਣ ਹੋਵੇ ਤਾਂ ਓਨਾ ਚਿਰ ਕੋਈ ਵੀ ਇਸ਼ਤਿਹਾਰ ਨਾਲ ਚਲਾਇਆ ਜਾਵੇ ਅਤੇ ਗੁਰਬਾਣੀ ਪ੍ਰਸਾਰਣ ਦੇ ਨਾਲ ਨਾਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਵਿਆਖਿਆ ਵੀ ਕੀਤੀ ਜਾਵੇ। ਪਰ ਇਸ ਮੁੱਦੇ ਉੱਤੇ ਐੱਸ.ਜੀ.ਪੀ.ਸੀ. ਦਾ ਨਜ਼ਰੀਆ ਵੱਖਰਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ, ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ ’ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰਨ। ਸਿੱਖ ਸੰਸਥਾ ਅਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ ਸਰਕਾਰਾਂ ਦੇ ਅਧਿਕਾਰ ਖੇਤਰ ਵੱਖਰੇ ਹੁੰਦੇ ਹਨ। ਸਰਕਾਰ ਦੇ ਅਧਿਕਾਰ ਖੇਤਰ ਵਿਚ ਤੁਹਾਡੀ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ, ਇਸ ਕੇਂਦਰੀ ਸਿੱਖ ਅਸਥਾਨ ਦੇ ਆਲੇ-ਦੁਆਲੇ ਸਰਕਾਰ ਤਰਫ਼ੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਸਥਿਤੀ ਦੇਖੋ ਕੀ ਹੈ? ਸਰਕਾਰ ਦੇ ਅਧਿਕਾਰ ਵਾਲਾ ਗਲਿਆਰਾ ਉੱਜੜ ਚੁੱਕਾ ਹੈ। ਵਿਰਾਸਤੀ ਮਾਰਗ ਦੇ ਰੱਖ-ਰਖਾਅ ’ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦਾ ਬੁਰਾ ਹਾਲ ਹੈ, ਹਰਮੰਦਿਰ ਸਾਹਿਬ ਨੇੜੇ ਬੰਬ ਧਮਾਕੇ ਹੋ ਰਹੇ ਹਨ। ਭਾਵੇਂ ਸਰਕਾਰ ਕੋਲ ਪੈਸਾ ਹੈ, ਜੋ ਲੋਕਾਂ ਦਾ ਹੀ ਹੈ, ਪਰ ਆਪਣੀ ਤਰਫੋਂ ਪੈਸਾ ਜਿੱਥੇ ਲਾਉਣ ਵਾਲਾ ਹੈ ਉੱਥੇ ਲਾਓ। ਬਿਨਾਂ ਮਤਲਬ ਗੁਰਬਾਣੀ ਪ੍ਰਸਾਰਣ ਲਈ ਖਰਚ ਦੀ ਗੱਲ ਕਰਕੇ ਕੌਮ ਨੂੰ ਦੁਵਿਧਾ ਵਿੱਚ ਨਾ ਪਾਓ। 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਟਵੀਟ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਉਹ ਗੁਰਬਾਣੀ ਪ੍ਰਸਾਰਣ ਦੇ ਮੱੁਦੇ ਉੱਤੇ ਕੋਈ ਵਿਚਾਰ ਵਟਾਂਦਰਾ ਨਹੀਂ ਕਰਨਾ ਚਾਹੁੰਦੇ ਜਦਕਿ ਸੁਖਬੀਰ ਸਿੰਘ ਬਾਦਲ ਨਾਲ ਨਿੱਜੀ ਕਿੜ ਰੱਖਣ ਵਾਲੇ ਭਗਵੰਤ ਮਾਨ ਚਾਹੁੰਦੇ ਹਨ ਕਿ ਉਸਦੇ ਚੈੱਨਲ ਨੂੰ ਇੱਕਲੇ ਨੂੰ ਹੀ ਲਾਭ ਨਾ ਮਿਲੇ। ਇਹ ਵਿਸ਼ਾ ਬੜਾ ਸੰਵੇਦਨਸ਼ੀਲ ਹੈ ਅਤੇ ਇਸ ਨੂੰ ਕਿਸੇ ਮਾੜੀ ਨੀਅਤ ਨਾਲ ਨਹੀਂ ਵਿਚਾਰਿਆ ਜਾ ਸਕਦਾ। ਜੇਕਰ ਸਿੱਖ ਬੱੁਧੀਜੀਵੀ ਆਪੋ ਆਪਣੇ ਵਿਚਾਰ ਇਸ ਮੱੁਦੇ ਉੱਤੇ ਦੇਣ ਅਤੇ ਸਰਕਾਰ ਅਤੇ ਐੱਸ.ਜੀ.ਪੀ.ਸੀ. ਆਪਸ ਵਿਚ ਸਹਿਮਤੀ ਬਣਾ ਕੇ ਚੱਲਣ ਤਾਂ ਗੱਲ ਕਿਸੇ ਤਣ ਪੱਤਣ ਲੱਗ ਸਕਦੀ ਹੈ। ਜੇਕਰ ਸਿੱਖ ਪੰਥ ਦੀ ਗੱਲ ਕਰੀਏ ਤਾਂ ਸਭ ਇਹ ਚਾਹੁੰਦੇ ਹਨ ਕਿ ਗੁਰਬਾਣੀ ਦਾ ਜਿੰਨਾ ਵੀ ਵੱਧ ਤੋਂ ਵੱਧ ਪ੍ਰਸਾਰਣ ਹੋ ਸਕਦਾ ਹੈ ਉਹ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਅੱਜ ਸਿੱਖੀ ਵਿਚ ਨਿਘਾਰ ਆ ਰਿਹਾ ਹੈ ਤਾਂ ਉਹ ਸਿਰਫ਼ ਸਿੱਖੀ ਦੇ ਪ੍ਰਚਾਰ ਵਿਚ ਆਈ ਕਮੀ ਕਾਰਨ ਹੀ ਹੈ ਤੇ ਜੇਕਰ ਪ੍ਰਚਾਰ ਵੱਧ ਹੋਵੇਗਾ ਤਾਂ ਉਨਾਂ ਹੀ ਸਿੱਖ ਪੰਥ ਚੜਦੀ ਕਲਾ ਵਿਚ ਹੋਵੇਗਾ ਅਤੇ ਨਵੀਂ ਪੀੜੀ ਸਿੱਖ ਧਰਮ ਨਾਲ ਜੁੜੇਗੀ। ਆਸ ਹੈ ਕਿ ਇਹ ਮਸਲਾ ਆਉਣ ਵਾਲੇ ਸਮੇਂ ਵਿਚ ਬਿਨਾਂ ਕੋਈ ਵਿਵਾਦਤ ਰੂਪ ਧਾਰਿਆਂ ਹੀ ਹੱਲ ਹੋ ਜਾਵੇਗਾ। ਆਮੀਨ!