ਪੰਜਾਬ ਦੀਆਂ ਦਾਣਾ ਮੰਡੀਆਂ ’ਚ ਕਿਸਾਨਾਂ ਦੀ ਰੱਜ ਕੇ ਹੋਈ ਲੱੁਟ ਤੇ ਖੱਜਲ ਖੁਆਰੀ!

ਪੰਜਾਬ ਦੀਆਂ ਦਾਣਾ ਮੰਡੀਆਂ ’ਚ ਕਿਸਾਨਾਂ ਦੀ ਰੱਜ ਕੇ ਹੋਈ ਲੱੁਟ ਤੇ ਖੱਜਲ ਖੁਆਰੀ!

ਅਸੀਂ ਵਾਰ ਵਾਰ ਕਿਸਾਨਾਂ ਦਾ ਮੱੁਦਾ ਉਠਾਉਂਦੇ ਰਹਿੰਦੇ ਹਾਂ, ਇਸ ਦਾ ਖਾਸ ਕਾਰਨ ਇਹ ਹੈ ਕਿ ਜੇਕਰ ਦੁਨੀਆਂ ਦੇ ਕਿਸਾਨਾਂ ਵਲੋਂ ਉਗਾਇਆ ਜਾਂਦਾ ਅੰਨ ਬੰਦ ਕਰ ਦਿੱਤਾ ਜਾਵੇ ਤਾਂ ਪੈਸੇ ਖਰਚ ਕੇ ਵੀ ਖਾਣ ਲਈ ਅਨਾਜ ਨਹੀ ਮਿਲੇਗਾ ਅਤੇ ਉਸ ਦਿਨ ਲੋਕਾਂ ਨੂੰ ਪਤਾ ਲੱਗੇਗਾ ਕਿ ਪੈਸੇ ਨਾਲ ਅਨਾਜ ਖਰੀਦਿਆ ਤਾਂ ਜਾ ਸਕਦਾ ਪਰ ਪੈਸ ਦੀਆਂ ਦੱਥੀਆਂ ਨੂੰ ਖਾਧਾ ਨਹੀਂ ਜਾ ਸਕਦਾ। ਪੰਜਾਬ ਅਤੇ ਕੇਂਦਰ ਸਰਕਾਰਾਂ ਦੇ ਮੌਜੂਦਾ ਕਾਰਜਕਾਲ ਉੱਤੇ ਨਜ਼ਰ ਮਾਰੀ ਜਾਵੇ ਤਾਂ ਕਿਸਾਨਾਂ ਨੂੰ ਸਿਆਸਤ ਦੀ ਚੱਕੀ ਵਿਚ ਪੀਸਿਆ ਜਾ ਰਿਹਾ ਹੈ। ਸਭ ਜਾਣਦੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ। ਦੋਵਾਂ ਦੀ ਆਪਸ ਵਿਚ ਸਿਆਸੀ ਦੁਸ਼ਮਣੀ ਹੈ, ਦੋਵੇਂ ਪਾਰਟੀਆਂ ਇਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ। ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਕਿਸਬ ਬਣ ਚੱੁਕਾ ਹੈ ਕਿ ਉਸਨੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹਰ ਕੰਮ ਵਿਚ ਟੰਗ ਅੜਾਉਣਾ ਹੈ ਅਤੇ ਇਸੇ ਤਰਾਂ ਹੀ ਪੰਜਾਬ ਸਰਕਾਰ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਕੰਮ ਸਮੱਸਿਆ ਨੂੰ ਭਾਜਪਾ ਦੇ ਸਿਰ ਮੜਨਾ ਹੈ। ਕਿਸਾਨ ਝੋਨੇ ਦੀ ਫ਼ਸਲ ਬਹੁਤ ਹੀ ਤੰਗੀਆਂ ਤੁਰਸ਼ੀਆਂ ਵਿਚ ਪਾਲਦਾ ਹੈ। ਬੀਜ, ਦਵਾਈਆਂ, ਰੇਹਾਂ, ਸਪਰੇਹਾਂ ਬਹੁਤ ਹੀ ਔਖੇ ਸੌਖੇ ਹਾਸਲ ਕਰ ਕੇ ਜਦੋਂ ਝੋਨਾ ਬੀਜਦਾ ਹੈ ਤਾਂ ਪਾਣੀ ਦੀ ਤੰਗੀ, ਬਿਜਲੀ ਦੀ ਤੰਗੀ ਝੱਲ ਝੱਲ ਕਮਲਾ ਹੋਇਆ ਰਹਿੰਦਾ ਹੈ। ਕਿਸਾਨ ਨੂੰ ਕੋਈ ਵੀ ਛੱੁਟੀ ਨਹੀਂ, ਉਹ ਦਿਨ ਰਾਤ ਇਸੇ ਕੰਮ ਉੱਤੇ ਹੀ ਲੱਗਾ ਰਹਿੰਦਾ ਹੈ। ਉਹ ਰਾਤ ਬਰਾਤੇ ਸੱਪਾਂ ਦੀਆਂ ਸਿਰੀਆਂ ਮਿੱਧਦਾ, ਲੱਖਾਂ ਖ਼ਤਰਿਆਂ ਨਾਲ ਝੂਜਦਾ ਫ਼ਸਲ ਪਾਲਦਾ ਹੈ ਅਤੇ ਆਸ ਕਰਦਾ ਹੈ ਕਿ ਉਸਦੀ ਮਹੀਨਿਆਂ ਬੱਧੀ ਕੀਤੀ ਮਿਹਨਤ ਦਾ ਫਲ਼ ਦਾਣਾ ਮੰਡੀ ਵਿਚ ਜਾ ਕੇ ਪਵੇਗਾ ਪਰ ਉਸਦਾ ਦਿਲ ਉਦੋਂ ਟੱੁਟਦਾ ਹੈ ਜਦੋਂ ਉਹਨੂੰ ਦਾਣਾ ਮੰਡੀਆਂ ਵਿਚ ਜਾ ਕੇ ਖੱਜਲ ਖੁਆਰ ਹੋਣਾ ਪੈਂਦਾ ਹੈ। ਇਕ ਤਾਂ ਉਸਨੂੰ ਦਾਣਾ ਮੰਡੀ ਵਿਚ ਪਈ ਆਪਣੀ ਫ਼ਸਲ ਦੀ ਰਾਖੀ ਕਰਨੀ ਪੈ ਰਹੀ ਹੈ ਅਤੇ ਦੂਜੇ ਪਾਸੇ ਉਸਦੀ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ।
ਭਾਵੇਂ ਸਮੱਸਿਆ ਤਾਂ ਪਹਿਲਾਂ ਵੀ ਆਉਂਦੀ ਰਹੀ ਹੈ ਪਰ ਇਸ ਵਾਰ ਦੀ ਸਮੱਸਿਆ ਨੇ ਤਾਂ ਰਿਕਾਰਡ ਹੀ ਤੋੜ ਕੇ ਰੱਖ ਦਿੱਤੇ। ਇਸ ਵਾਰ ਦੀ ਸਮੱਸਿਆ ਨੂੰ ਝੋਨੇ ਦੇ ਬੀਜ 126 ਨੂੰ ਮੰਨਿਆ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਭਗਵੰਤ ਮਾਨ ਵਲੋਂ ਇਹ ਬੀਜ ਬੀਜਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ। ਹੁਣ ਜਦੋਂ ਇਹ ਝੋਨਾ ਦਾਣਾ ਮੰਡੀਆਂ ਵਿਚ ਆਇਆ ਤਾਂ ਸ਼ੈਲਰ ਮਾਲਕਾਂ ਨੇ ਹੱਥ ਖੜੇ ਕਰ ਦਿੱਤੇ ਕਿ ਇਸ ਦੀ ਛਣਾਈ ਵਿਚ ਉਹਨਾਂ ਨੂੰ ਘਾਟਾ ਪੈ ਰਿਹਾ ਹੈ। ਉਹਨਾਂ ਦਾ ਤਰਕ ਹੈ ਕਿ ਸਰਕਾਰ ਵਲੋਂ ਉਹਨਾਂ ਤੋਂ ਇਕ ਕੁਇੰਟਲ ਮਗਰ 67 ਕਿਲੋ ਚੌਲ ਮੰਗੇ ਜਾ ਰਹੇ ਹਨ ਜਦਕਿ ਨਿਕਲਦੇ 63 ਕਿਲੋ ਹਨ। ਉਹ ਇੰਨਾ ਘਾਟਾ ਕਿੱਥੋਂ ਜਰ ਲੈਣਗੇ। ਸ਼ੈੱਲਰ ਮਾਲਕ ਫਸੇ ਹੋਏ ਕਿਸਾਨਾਂ ਦੀ ਫਸਲ ਕੁਇੰਟਲ ਮਗਰ 4 ਕਿੱਲੋ ਦਾ ਕੱਟ ਲਾ ਕੇ ਚੱੁਕ ਰਹੇ ਹਨ, ਭਾਵ ਕਿਸਾਨਾਂ ਦੀ ਸਿੱਧੀ ਸਿੱਧੀ ਲੱੁਟ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਈ.ਏ.ਅਫ਼ਸਰ, ਖੇਤੀ ਵਿਗਿਆਨੀ ਅਤੇ ਲੱਖਾਂ ਰੁਪਏ ਤਨਖ਼ਾਹ ਲੈ ਰਹੇ ਹਨ ਪਰ ਕੀ ਕਿਸੇ ਨੂੰ ਵੀ ਇਸ ਸਮੱਸਿਆ ਬਾਰੇ ਨਾ ਪਤਾ ਹੋਵੇਗਾ? ਇਸ ਵਿਸ਼ੇ ਉੱਤੇ ਝੋਨੇ ਦੀ ਫ਼ਸਲ ਮੰਡੀਆਂ ਵਿਚ ਆਉਣ ਤੋਂ ਪਹਿਲਾਂ ਵੀ ਵਿਚਾਰ ਕੀਤਾ ਜਾ ਸਕਦਾ ਸੀ।  ਪਰ ‘ਵਿਹੜੇ ਆਈ ਜੰਞ, ਵਿੰਨੋ ਕੁੜੀ ਦੇ ਕੰਨ’ ਵਾਲੀ ਕਹਾਵਤ ਅਨੁਸਾਰ ਪੰਜਾਬ ਸਰਕਾਰ ਦੇ ਭਗਵੰਤ ਮਾਨ ਜੀ ਦੀ ਜਾਗ ਖੁੱਲੀ ਅਤੇ ਫਿਰ ਰੌਲਾ ਪਾਉਣ ਲੱਗੇ ਕਿ ਇਹ ਸਭ ਕੇਂਦਰ ਸਰਕਾਰ ਦਾ ਦੋਸ਼ ਹੈ। ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਮਹਿਲਾਂ ਵਿਚ ਘੁਰਾੜੇ ਮਾਰਨ ਲਈ ਨਹੀਂ ਬਣਾਇਆ, ਉਹਨਾਂ ਤੁਹਾਨੂੰ ਕੇਂਦਰ ਵਿਚ ਪੰਜਾਬੀਆਂ ਹੱਕਾਂ ਦੀ ਲੜਾਈ ਲੜਨ ਲਈ ਬਣਾਇਆ ਹੈ। ਦਾਣਾ ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਰਸਤੇ ਵੀ ਨਹੀਂ ਬਚੇ, ਕਿਸਾਨਾਂ ਨੇ ਦੀਵਾਲੀ ਵੀ ਦਾਣਾ ਮੰਡੀ ਵਿਚ ਹੀ ਲੰਘਾਈ, ਆੜਤੀਏ ਵੱਖਰੇ ਦੁਖੀ ਅਤੇ ਸਭ ਤੋਂ ਵੱਡਾ ਦੁੱਖ ਦਾ ਦਾਣਾ ਮੰਡੀਆਂ ਵਿਚ ਦੂਜੇ ਸੂਬਿਆਂ ਵਿੱਚੋਂ ਆਈ ਹੋਈ ਲੇਬਰ ਦਾ ਹੈ। ਵਿਚਾਰੇ ਮਜ਼ਦੂਰ ਕੰਮ ਨਬੇੜ ਕੇ ਆਪਣੇ ਘਰ ਜਾਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਪੈਸੇ ਤਾਂ ਕੁਇੰਟਲਾਂ ਦੇ ਹਿਸਾਬ ਨਾਲ ਹੀ ਮਿਲਣਗੇ ਪਰ ਸੀਜ਼ਨ ਲੰਬਾ ਜ਼ਿਆਦਾ ਹੋਣ ਕਾਰਨ ਉਹਨਾਂ ਵਿਚਾਰਿਆਂ ਦਾ ਖਰਚ ਵਧ ਗਿਆ ਹੈ ਅਤੇ ਉਹ ਹੁਣ ਆਪਣੇ ਘਰਾਂ ਨੂੰ ਪੂਰੇ ਪੈਸੇ ਨਹੀਂ ਲੈ ਕੇ ਜਾ ਸਕਣਗੇ।
ਇਸ ਵਾਰ ਦੇ ਝੋਨੇ ਦੇ ਸੀਜ਼ਨ ਨੇ ਰਿਕਾਰਡ ਪੈਦਾ ਕਰ ਦਿੱਤਾ ਹੈ ਕਿ ਕਿ ਜਿੰਨਾ ਵਧੀਆ ਇਸ ਵਾਰ ਝੋਨੇ ਦਾ ਦਾਣਾ ਸੀ ਉਨੀ ਹੀ ਬੇਕਦਰੀ ਹੋਈ ਹੈ। ਸਾਫ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਪੰਜਾਬ ਦੀਆਂ ਦਾਣਾ ਮੰਡੀਆਂ ’ਚ ਕਿਸਾਨਾਂ ਦੀ ਰੱਜ ਕੇ ਲੁੱਟ ਅਤੇ ਰੱਜ ਕੇ ਖੱਜਲ ਖੁਆਰੀ ਹੋਈ ਹੈ, ਇਸ ਦਾ ਕਸੂਰਵਾਰ ਕੌਣ ਹੈ ਤੁਸੀਂ ਆਪ ਸਮਝ ਸਕਦੇ ਹੋ। ਆਮੀਨ!