ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਮਾਂ ਰਹਿੰਦਿਆਂ ਸਾਰ ਲੈਣ ਸਰਕਾਰਾਂ!

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਮਾਂ ਰਹਿੰਦਿਆਂ ਸਾਰ ਲੈਣ ਸਰਕਾਰਾਂ!

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨੀ ਮੰਗਾਂ ਲਈ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ। ਉਹ ਪਹਿਲਾਂ ਹੀ ਬਿਰਧ ਅਵਸਥਾ ਵਿਚ ਹਨ ਅਤੇ ਮਰਨ ਵਰਤ ਕਾਰਨ ਉਹਨਾਂ ਦੀ ਸਿਹਤ ਹੋਰ ਵੀ ਕਮਜ਼ੋਰ ਹੋ ਗਈ ਹੈ। ਉਹਨਾਂ ਦਾ ਮਰਨ ਵਰਤ 15ਵੇਂ ਦਿਨ ਵੀ ਜਾਰੀ ਰਿਹਾ। ਉਹਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਦੀ ਦਿਲ ਦੀ ਧੜ੍ਹਕਨ, ਬਲੱਡ ਪ੍ਰੈਸ਼ਰ, ਪਲਸ ਆਦਿ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸੇ ਵੇਲੇ ਵੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਫ਼ਰੀਦਕੋਟ ਦੇ ਐੱਮ.ਪੀ ਸਰਬਜੀਤ ਸਿੰਘ ਖਾਲਸਾ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਮੋਰਚੇ ਵਿੱਚ ਪਹੁੰਚੇ। ਕਿਸਾਨ ਆਗੂਆਂ ਨੇ ਸਾਰੇ ਦੇਸ਼ ਨੂੰ ਬੇਨਤੀ ਕੀਤੀ ਕਿ ਉਹ ਕਿਸਾਨੀ ਮੋਰਚੇ ਦੀ ਮਜਬੂਤੀ, ਜਗਜੀਤ ਸਿੰਘ ਡੱਲੇਵਾਲ ਜੀ ਦੀ ਤੰਦਰੁਸਤੀ ਅਤੇ ਜ਼ਖ਼ਮੀ ਕਿਸਾਨਾਂ ਦੀ ਤੰਦਰੁਸਤੀ ਲਈ ਕੱਲ੍ਹ ਸਾਰੇ ਧਾਰਮਿਕ ਸਥਾਨਾਂ ਵਿੱਚ ਅਰਦਾਸ ਬੇਨਤੀ ਕਰਨ। ਪੰਜਾਬ ਦੇ ਕਈ ਪਿੰਡਾਂ ਵਿਚ ਕਿਸਾਨ ਆਗੂਆਂ ਦੀ ਅਪੀਲ ਨੂੰ ਮੰਨਦਿਆਂ ਘਰਾਂ ਵਿਚ ਚੱੁਲ੍ਹੇ ਨਹੀਂ ਬਾਲੇ ਗਏ। ਪਾਠਕਾਂ ਨੂੰ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵਲੋਂ ਆਪਣੀ ਹੱਕੀ ਤੇ ਕੁਝ ਪੈਡਿੰਗ ਪਈਆਂ ਮੰਗਾਂ ਨੂੰ ਮੁੜ ਮੰਨਵਾਉਣ ਲਈ ਦਿੱਲੀ ਕੂਚ ਕਰਨਾ ਪੈ ਰਿਹਾ ਹੈ। ਇਸ ਵੇਲੇ ਕਿਸਾਨਾਂ ਨੇ ਦੋ ਥਾਵਾਂ ’ਤੇ ਮੋਰਚਾ ਲਾਇਆ ਹੋਇਆ ਹੈ, ਇੱਕ ਸ਼ੰਭੂ ਬਾਰਡਰ ਤੇ ਦੂਜਾ ਖਨੌਰੀ ਬਾਰਡਰ। ਖਨੌਰੀ ਸਰਹੱਦ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ’ਤੇ ਬੈਠੇ ਹਨ। ਕਿਸਾਨਾਂ ਦੀਆਂ ਮੰਗਾਂ ਵਿਚ ਸ਼ਾਮਿਲ ਹੈ ਕਿ ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਫਸਲਾਂ ਦਾ ਭਾਅ ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕੀਤਾ ਜਾਵੇ। ਡੀ.ਏ.ਪੀ. ਖਾਦ ਦੀ ਘਾਟ ਨੂੰ ਦੂਰ ਕੀਤਾ ਜਾਵੇ। ਕਿਸਾਨਾਂ ਅਤੇ ਖ਼ੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਪੈਨਸ਼ਨਾਂ ਦਿੱਤੀਆਂ ਜਾਣ। ਭੂਮੀ ਗ੍ਰਹਿਣ ਐਕਟ 2013 ਨੂੰ ਮੁੜ ਲਾਗੂ ਕੀਤਾ ਜਾਵੇ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਮੁਕਤ ਵਪਾਰ ਸਮਝੌਤਿਆਂ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਵੀ ਕਈ ਮੁੱਖ ਮੰਗਾਂ ਹਨ ਜਿਸ ਨੂੰ ਲੈ ਕੇ ਦਿੱਲੀ ਕੂਚ ਕੀਤਾ ਜਾ ਰਿਹਾ ਹੈ।  ਇਸ ਵਾਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਾ ਹੋਣ ਕਾਰਨ ਸਰਕਾਰਾਂ ਦੇ ਕੰਨ ਉੱਤੇ ਜੂੰਅ ਨਹੀਂ ਸਰਕ ਰਹੀ। ਪਹਿਲੇ ਕਿਸਾਨ ਅੰਦੋਲਨ ਦੌਰਾਨ ਤਾਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ ਜਿਸ ਨੇ ਕਿਸਾਨਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਥ ਦਿੱਤਾ ਪਰ ਇਸ ਵਾਰ ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਦਾ ਰਵੱਈਆ ਕਿਸਾਨਾਂ ਪ੍ਰਤੀ ਸਹੀ ਨਹੀਂ ਦਿਖ ਰਿਹਾ। ਪੰਜਾਬ ਸਰਕਾਰ ਨੇ ਸ੍ਰ. ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਰੱਖੇ ਜਾਣ ਤੋਂ ਪਹਿਲਾਂ ਪੁਲਿਸ ਰਾਹੀਂ ਚੁਕਵਾ ਲਿਆ ਸੀ ਜਿਸ ਕਾਰਨ ਕਿਸਾਨਾਂ ਵਿਚ ਗੱੁਸਾ ਵਧਣ ’ਤੇ ਉਹਨਾਂ ਨੂੰ ਛੱਡਣਾ ਪਿਆ। ਉਹਨਾਂ ਆਪਣੇ ਐਲਾਨ ਮੁਤਾਬਿਕ ਮਰਨ ਵਰਤ ਸ਼ੁਰੂ ਕੀਤਾ ਅਤੇ ਦੋ ਹਫ਼ਤਿਆਂ ਬਾਅਦ ਉਹਨਾਂ ਦੀ ਸਿਹਤ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੇਂਦਰ ਦੀ ਮੋਦੀ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਇਸ ਵੇਲੇ ਕਿਸਾਨਾਂ ਦੀ ਹਾਲਤ ਇਹ ਹੈ ਕਿ ਜਿਵੇਂ ਉਹ ਸਿਰਫ ਆਪਣੇ ਲਈ ਹੀ ਲੜਾਈ ਲੜ ਰਹੇ ਹੋਣ ਜਦਕਿ ਕਿਸਾਨ ਸਮੱੁਚੇ ਸਮਾਜ ਦੀ ਲੜਾਈ ਲੜ ਰਹੇ ਹਨ। ਸਰਕਾਰਾਂ ਦੀ ਢੀਠਤਾਈ ਨੂੰ ਦੇਖਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਮਰਨ ਵਰਤ ਸ਼ੁਰੂ ਕੀਤਾ ਹੈ ਉਸਦੇ ਬਹੁਤ ਵੱਡੇ ਨਤੀਜੇ ਨਿਕਲਣਗੇ। ਜੇਕਰ ਉਹਨਾਂ ਨੂੰ ਕੋਈ ਹਬੀ ਨਬੀ ਹੁੰਦੀ ਹੈ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ। ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਡੱਲੇਵਾਲ ਦੇ ਹੋਣ ਵਾਲੇ ਸਰੀਰਕ ਨੁਕਸਾਨ ਨੂੰ ਰੋਕਣ ਲਈ ਕੋਈ ਉਪਰਲਾ ਕਰਨ ਜਾਂ ਉਸਦੀ ਸਾਰ ਲੈਣ। ਡੱਲੇਵਾਲ ਇਕ ਬੱੁਧੀਜੀਵੀ ਕਿਸਾਨ ਆਗੂ ਹੈ ਜਿਸ ਨੇ ਹਰੇਕ ਕਿਸਾਨ ਅੰਦੋਲਨ ਵਿਚ ਅਗਵਾਈ ਕੀਤੀ ਹੈ ਅਤੇ ਜ਼ਿਕਰਯੋਗ ਹਾਜ਼ਰੀ ਲਗਵਾਈ ਹੈ। ਉਹ ਵੱਡੇ-ਵੱਡੇ ਆਗੂਆਂ ਨਾਲ ਮੱੁਦਿਆਂ ’ਤੇ ਬਹਿਸ ਕਰਨ ਦਾ ਵੀ ਮਾਹਿਰ ਹੈ ਅਤੇ ਹਰ ਬਿਆਨ ਤਰਕ ਦੇ ਅਧਾਰ ਉੱਤੇ ਦਿੰਦਾ ਹੈ। ਉਹ ਇਕ ਸਾਂਝੇ ਮਸਲੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ। ਪੰਜਾਬ ਦੇ ਕਿਸਾਨ ਹੀ ਨਹੀਂ ਸਭ ਵਰਗਾਂ ਨੂੰ ਉਸਦੇ ਇਸ ਤਿਆਗ ਦੀ ਕਦਰ ਕਰਦਿਆਂ ਉਸਦਾ ਸਾਥ ਦੇਣਾ ਚਾਹੀਦਾ ਹੈ। ਅਰਦਾਸ ਕਰਦੇ ਹਾਂ ਕਿ ਸ੍ਰ. ਜਗਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ ਵਿਚ ਰਹਿਣ ਪਰ ਜੇਕਰ ਕੁਝ ਅਣਕਿਆਸਾ ਵਾਪਰਦਾ ਹੈ ਤਾਂ ਜਿੱਥੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ ਉੱਥੇ ਪੰਜਾਬ ਸਰਕਾਰ ਨੂੰ ਵੀ ਨਾਲ ਹੀ ਦੋਸ਼ੀ ਸਮਝਿਆ ਜਾਵੇਗਾ। ਆਮੀਂਨ!