ਅਦਾਲਤ ’ਚੋਂ ਬਰੀ ਨੌਜਵਾਨ ਨੂੰ ‘ਭਗੌੜਾ’ ਕਰਾਰ ਦੇ ਕੇ ਥਾਣੇ ਡੱਕਿਆ

ਅਦਾਲਤ ’ਚੋਂ ਬਰੀ ਨੌਜਵਾਨ ਨੂੰ ‘ਭਗੌੜਾ’ ਕਰਾਰ ਦੇ ਕੇ ਥਾਣੇ ਡੱਕਿਆ

ਮੋਗਾ - ਇਥੋਂ ਦੀ ਪੁਲੀਸ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲੀਸ ਨੇ ਅਦਾਲਤ ’ਚੋਂ ਬਰੀ ਹੋਏ ਨੌਜਵਾਨ ਨੂੰ ਮੁੜ ਭਗੌੜਾ ਕਰਾਰ ਦੇ ਕੇ ਥਾਣੇ ਡੱਕ ਦਿੱਤਾ। ਅਦਾਲਤ ਨੇ ਇਸ ਗੈਰਕਾਨੂੰਨੀ ਗ੍ਰਿਫ਼ਤਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਅਧਿਕਾਰੀ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਜਾਂਚ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਇਸ ਅਣਗਹਿਲੀ ਲਈ ਪੜਤਾਲ ਕਰਨ ਦਾ ਹੁਕਮ ਦਿੱਤਾ ਹੈ। ਇਸ ਕਾਰਵਾਈ ਮਗਰੋਂ ਪੁਲੀਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਿਯਮਾਂ ਅਨੁਸਾਰ ਫ਼ੌਜਦਾਰੀ ਕੇਸ ਖ਼ਤਮ ਹੋਣ ਮਗਰੋਂ ਸਬੰਧਤ ਥਾਣੇ ਦੇ ਰਿਕਾਰਡ ਵਿਚ ਸੋਧ ਕੀਤੀ ਜਾਂਦੀ ਹੈ ਪਰ ਥਾਣੇ ਦੇ ਰਿਕਾਰਡ ਵਿੱਚ ਭਗੌੜੇ ਮੁਲਜ਼ਮ ਦਾ ਰਿਕਾਰਡ ਜਿਉਂ ਦਾ ਤਿਉਂ ਹੀ ਰਿਹਾ। ਇਹ ਮਾਮਲਾ ਮੁਲਜ਼ਮ ਦੀ ਪੇਸ਼ੀ ਮੌਕੇ ਅਦਾਲਤ ਦੇ ਧਿਆਨ ਵਿੱਚ ਆਇਆ ਕਿ ਜਿਸ ਅਪਰਾਧ ਲਈ ਮੁਲਜ਼ਮ ਨੂੰ ਜੇਲ੍ਹ ਭੇਜਿਆ ਗਿਆ ਸੀ, ਉਸ ਅਪਰਾਧ ਦਾ ਅਦਾਲਤ ਵੱਲੋਂ ਇੱਕ ਸਾਲ ਪਹਿਲਾਂ 8 ਜੁਲਾਈ 2022 ਨੂੰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਡੀਐੱਸਪੀ (ਜਾਂਚ) ਹਰਿੰਦਰ ਸਿੰਘ ਡੋਡ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਵੱਲੋਂ ਥਾਣਾ ਸਿਟੀ ਦਾ ਰਿਕਾਰਡ ਤਲਬ ਕੀਤਾ ਗਿਆ ਹੈ, ਜਿਸ ਮੁਲਾਜ਼ਮ ਦੀ ਇਸ ਮਾਮਲੇ ਵਿਚ ਕੋਈ ਲਾਪ੍ਰਵਾਹੀ ਜਾਂ ਕੁਤਾਹੀ ਹੋਵੇਗੀ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਸਿਟੀ ਪੁਲੀਸ ਨੇ 14 ਅਕਤੂਬਰ 2020 ਨੂੰ ਕਰਮੂ ਉਰਫ਼ ਵਿੱਕੀ ਵਾਸੀ ਬਸਤੀ ਸਾਧਾਂਵਾਲੀ, ਮੋਗਾ ਅਤੇ ਉਸ ਦੇ ਸਾਥੀ ਸ਼ਮੀਰ ਕੌੜਾ ਨੂੰ ਸ਼ਰਾਬ ਦੀਆਂ 22 ਬੋਤਲਾਂ ਸਣੇ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਵਿਚੋਂ ਜ਼ਮਾਨਤ ਮਿਲਣ ਮਗਰੋਂ ਕਰਮੂ ਉਰਫ਼ ਵਿੱਕੀ ਗੈਰਹਾਜ਼ਰ ਹੋ ਗਿਆ ਤਾਂ ਅਦਾਲਤ ਨੇ 22 ਮਾਰਚ 2022 ਨੂੰ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਭਗੌੜਾ ਕਰਾਰ ਦੇਣ ਬਾਅਦ ਪੁਲੀਸ ਨੇ ਮੁਲਜ਼ਮ ਨੂੰ 19 ਅਪਰੈਲ 2022 ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰ ਦਿੱਤਾ। ਅਦਾਲਤ ਨੇ 8 ਜੁਲਾਈ 2022 ਨੂੰ 500 ਰੁਪਏ ਜੁਰਮਾਨਾ ਕਰਕੇ ਕਰਮੂ ਨੂੰ ‘ਨੇਕ ਚਲਣੀ’ ਜ਼ਮਾਨਤ ’ਤੇ ਰਿਹਾਅ ਕਰਕੇ ਕੇਸ ਖ਼ਤਮ ਕਰ ਦਿੱਤਾ ਸੀ। ਇਸ ਮਾਮਲੇ ਵਿਚ ਪੁਲੀਸ ਨੇ ਆਪਣੇ ਰਿਕਾਰਡ ਵਿੱਚ ਕੇਸ ਖ਼ਤਮ ਹੋਣ ਦਾ ਜ਼ਿਕਰ ਦਰਜ ਨਹੀਂ ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਕਰਮੂ ਉਰਫ਼ ਵਿੱਕੀ ਨੂੰ ਮੁੜ ਉਸੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਅਤੇ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦੀ ਪੇਸ਼ੀ ਮੌਕੇ ਪੁਲੀਸ ਦੀ ਲਾਪ੍ਰਵਾਹੀ ਦੇ ਭੇਤ ਖੁੱਲ੍ਹੇ।