
ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਬੇਅੰਤ ਸਿੰਘ ਦੇ ਪੋਤਰੇ ਅਤੇ ਕਾਂਗਰਸ ਤੋਂ ਬਹੁਤ ਕੁਝ ਪ੍ਰਾਪਤ ਕਰਨ ਵਾਲੇ ਸਾਬਕਾ ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਆਪਣਾ ਅਸਲ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਸਾਲ ਮਈ ਮਹੀਨੇ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸੀ ਪਰਿਵਾਰ ਵਜੋਂ ਜਾਣੇ ਜਾਂਦੇ ਹੋਣ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਪਲਟੀ ਮਾਰ ਕੇ ਭਾਜਪਾ ਵਿਚ ਚਲੇ ਗਏ ਸਨ। ਉਹਨਾਂ ਭਾਜਪਾ ਵਲੋਂ ਲੁਧਿਆਣਾ ’ਚ ਐੱਮ.ਪੀ. ਚੋਣ ਲੜੀ ਪਰ ਉਹ ਚੋਣ ਹਾਰ ਗਏ। ਪਰ ਉਹਨਾਂ ਦੀ ਹਾਰ ਦੇ ਬਾਵਜੂਦ ਵੀ ਭਾਜਪਾ ਨੇ ਰਵਨੀਤ ਬਿੱਟੂ ਨੂੰ ਕੇਂਦਰ ਵਿਚ ਮੰਤਰੀ ਬਣਾ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੇ ਭਾਵੇਂ ਬਿੱਟੂ ਨੂੰ ਨਕਾਰ ਦਿੱਤਾ ਹੈ ਪਰ ਅਸੀਂ ਸੱਤਾ ਦੀ ਸ਼ਕਤੀ ਨਾਲ ਉਸਨੂੰ ਫ਼ਿਰ ਜੇਤੂ ਬਣਾ ਕੇ ਉਹਨਾਂ ਦੇ ਸਿਰ ’ਤੇ ਬਿਠਾ ਸਕਦੇ ਹਾਂ। ਅਸਲ ਵਿਚ ਚੋਣਾਂ ਵਿਚ ਇਹ ਪਹਿਲਾਂ ਹੈ ਤੈਅ ਕੀਤਾ ਗਿਆ ਸੀ ਕਿ ਜੇਕਰ ਰਵਨੀਤ ਬਿੱਟੂ ਹਾਰ ਵੀ ਜਾਂਦਾ ਹੈ ਤਾਂ ਉਸਨੂੰ ਮੰਤਰੀ ਬਣਾਇਆ ਜਾਵੇਗਾ ਪਰ ਰਵਨੀਤ ਬਿੱਟੂ ਨੂੰ ਕਿਸਾਨਾਂ ਦਾ ਵਿਰੋਧ ਕਰਨਾ ਪਵੇਗਾ। ਕਿਉਂਕਿ ਰਵਨੀਤ ਸਿੰਘ ਬਿੱਟੂ ਦਾ ਪਰਿਵਾਰ ਪਹਿਲਾਂ ਤੋਂ ਹੀ ਸੱਤਾ ਦਾ ਸ਼ੁਕੀਨ ਰਿਹਾ ਹੈ ਜਿਸ ਲਈ ਉਹ ਜੇਕਰ ਸਿੱਖ ਨੌਜਵਾਨਾਂ ਦਾ ਘਾਣ ਕਰ ਸਕਦੇ ਹਨ ਤਾਂ ਕਿਸਾਨਾਂ ਨਾਲ ਗੱਦਾਰੀ ਕਰਨਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ, ਜੋ ਉਸ ਨੇ ਕਬੂਲ ਕਰ ਲਈ। ਹੁਣ ਜਦੋਂ ਕਿ ਭਾਜਪਾ ਨੇ ਰਨਵੀਤ ਸਿੰਘ ਬਿੱਟੂ ਨੂੰ ਤਖ਼ਤ ਉੱਤੇ ਬਿਠਾ ਦਿੱਤਾ ਹੈ ਅਤੇ ਉਸਦੇ ਆਰ ਲਗਾਈ ਕਿ ਉਹ ਆਪਣਾ ਕੰਮ ਸ਼ੁਰੂ ਕਰੇ, ਭਾਵ ਕਿਸਾਨਾਂ ਦੇ ਨਾਲ ਪੇਚਾ ਪਾਉਣਾ ਸ਼ੁਰੂ ਕਰੇ। ਆਪਣੇ ਆਕਿਆਂ ਦਾ ਹੁਕਮ ਪੁਗਾਉਣ ਲਈ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਖਿਲਾਫ਼ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ।
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਕਿਸਾਨ ਸ਼ੰਭੂ ਤੇ ਖਨੌਰੀ ਆਦਿ ਬਾਰਡਰਾਂ ’ਤੇ ਬੈਠੇ ਹਨ, ਉਹ ਕਾਂਗਰਸ, ‘ਆਪ’ ਤੇ ‘ਇੰਡੀਆ’ ਗੱਠਜੋੜ ਦੇ ‘ਸਪਾਂਸਰਡ’ ਕਿਸਾਨ ਹਨ। ਇਸੇ ਕਰ ਕੇ ਇਹ ਕਿਸਾਨ ਮੰਗਾਂ ਮੰਨਣ ਤੋਂ ਬਾਅਦ ਵੀ ਚੋਣਾਂ ਦੌਰਾਨ ਮੋਰਚੇ ’ਤੇ ਬੈਠੇ ਰਹੇ ਹਨ। ਸ੍ਰੀ ਬਿੱਟੂ ਨੇ ਕਿਹਾ ਕਿ ਇਨਾਂ ਕਿਸਾਨਾਂ ਦੀਆਂ ਆਪਣੀਆਂ ਗਲਤੀਆਂ ਕਰ ਕੇ ਸ਼ੁੱਭਕਰਨ ਜਿਹਾ ਗਰੀਬ ਕਿਸਾਨ ਸ਼ਹੀਦ ਹੋ ਗਿਆ ਹੈ। ਸ੍ਰੀ ਬਿੱਟੂ ਇੱਥੇ ਭਾਜਪਾ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਸਾਬਕਾ ਮੰਤਰੀ ਪ੍ਰਨੀਤ ਕੌਰ ਤੇ ਸਾਬਕਾ ਮੇਅਰ ਸੰਜੀਵ ਬਿੱਟੂ ਆਦਿ ਮੌਜੂਦ ਸਨ। ਸ੍ਰੀ ਬਿੱਟੂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਤੋਂ ਵੱਧ ਲਾਭ ਦਿੱਤੇ ਹਨ ਪਰ ਫ਼ਿਰ ਵੀ ਕਿਸਾਨ ਪ੍ਰਧਾਨ ਮੰਤਰੀ ਦੀ ਖ਼ਿਲਾਫ਼ਤ ਕਰ ਰਹੇ ਹਨ। ਮੰਤਰੀ ਬਿੱਟੂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਕਿਸਾਨਾਂ ਦਾ ਬਜਟ 25 ਹਜ਼ਾਰ ਕਰੋੜ ਸੀ ਪਰ ਹੁਣ ਇਹ ਬਜਟ 1,52,000 ਕਰੋੜ ਹੈ। ਇਸ ਨਾਲ ਆਧੁਨਿਕ ਖ਼ੇਤੀ, ਫ਼ਸਲੀ ਵੰਨ-ਸੁਵੰਨਤਾ ਤੇ ਮੰਡੀਕਰਨ ਸਹੀ ਕੀਤਾ ਜਾਵੇਗਾ। 167 ਰੇਲ ਰੂਟਾਂ ਰਾਹੀਂ ਕਿਸਾਨ ਆਪਣੀ ਫ਼ਸਲ ਕਿਤੇ ਵੀ ਲਿਜਾ ਕੇ ਵੇਚ ਸਕਦਾ ਹੈ। ਕਿਸਾਨ ਔਰਤਾਂ ਨੂੰ ਡਰੋਨ ਸਿਖ਼ਲਾਈ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ 50 ਫੀਸਦੀ ਸਬਸਿਡੀ ’ਤੇ ਖ਼ਾਦਾਂ ਦਿੱਤੀਆਂ ਜਾ ਰਹੀਆਂ ਹਨ।
ਕੇਂਦਰ ਦੇ ਅੰਕੜੇ ਦਿਖਾ ਕੇ ਬਿੱਟੂ ਕਿਸਾਨਾਂ ਨੂੰ ਗਲਤ ਸਾਬਤ ਕਰਨ ਲਈ ਆਪਣੀ ਚਾਲ ਸ਼ੁਰੂ ਕਰ ਚੱੁਕੇ ਹਨ। ਆਉਣ ਵਾਲੇ ਸਮੇਂ ’ਚ ਉਹ ਕਿਸਾਨਾਂ ਖਿਲਾਫ਼ ਹੋਰ ਵੀ ਬਿਆਨ ਦੇਣਗੇ। ਪਰ ਜਦੋਂ ਉਹ ਕਾਂਗਰਸ ਵਿਚ ਸਨ ਤਾਂ ਉਹ ਮੋਦੀ ਸਰਕਾਰ ਖਿਲਾਫ਼ ਰੱਜ ਕੇ ਬੋਲਦੇ ਸਨ ਅਤੇ ਕਿਸਾਨਾਂ ਦੇ ਹੱਕ ਵਿਚ ਬਿਆਨ ਦਿੰਦੇ ਸਨ ਪਰ ਹੁਣ ਬੁਰਕੀ ਪੈਂਦੇ ਸਾਰ ਹੀ ਉਸਦੀ ਜ਼ੁਬਾਨ ਬਦਲ ਗਈ ਹੈ ਅਤੇ ਉਸ ਲਈ ਮੋਦੀ ਰੱਬ ਅਤੇ ਕਿਸਾਨ ਯਮ ਬਣ ਗਏ ਹਨ। ਕਿਸਾਨਾਂ ਨੂੰ ਰਵਨੀਤ ਸਿੰਘ ਬਿੱਟੂ ਲਈ ਵਿਸ਼ੇਸ਼ ਰਣਨੀਤੀ ਤਿਆਰ ਕਰਨੀ ਪਵੇਗੀ, ਉਸ ਨੂੰ ਖੁੱਲੀ ਬਹਿਸ ਦਾ ਚੈਂਲੰਜ ਦੇਣਾ ਚਾਹੀਦਾ ਹੈ ਤਾਂ ਜੋ ਦੁੱਧ ਦਾ ਦੱੁਧ ਅਤੇ ਪਾਣੀ ਦਾ ਪਾਣੀ ਹੋ ਸਕੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਨਾਲ ਪੇਚਾ ਪਾਉਣ ਲਈ ਹੀ ਪੈਦਾ ਕੀਤਾ ਹੈ, ਰਵਨੀਤ ਬਿੱਟੂ ਇਕ ਤੇਜ਼ ਤਰਾਰ ਨੇਤਾ ਹੈ ਅਤੇ ਹੋ ਸਕਦਾ ਹੈ ਕਿ ਉਹ ਆਪਣੇ ਬਿਆਨਾਂ ਦੇ ਨਾਲ ਆਮ ਲੋਕਾਂ ਦੇ ਕਿਸਾਨਾਂ ਦੇ ਖਿਲਾਫ਼ ਵੀ ਕਰ ਦੇਵੇ ਪਰ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਵੀ ਆਪਣੀ ਰਣਨੀਤੀ ਤੈਅ ਕਰ ਕੇ ਲੋਕਾਂ ਸਾਹਮਣੇ ਆਪਣਾ ਪੱਖ ਰੱਖਣਾ ਚਾਹੀਦਾ ਹੈ। ਰਵਨੀਤ ਬਿੱਟੂ ਦੇ ਇਹਨਾਂ ਬਿਆਨਾਂ ਨੂੰ ਹਲਕੇ ਵਿਚ ਲੈਣਾ ਕਿਸਾਨ ਆਗੂਆਂ ਦੀ ਸਭ ਤੋਂ ਵਡੀ ਗਲਤੀ ਸਾਬਤ ਹੋ ਸਕਦੀ ਹੈ। ਆਮੀਨ!