ਝਾਰਖੰਡ ਮਾਮਲਾ: ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਝਾਰਖੰਡ ਮਾਮਲਾ: ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਨਵੀਂ ਦਿੱਲੀ-ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਨੇ ਅੱਜ ਝਾਰਖੰਡ ਦੇ ਮਸਲੇ ’ਤੇ ਰਾਜ ਸਭਾ ਵਿਚੋਂ ਵਾਕਆਊਟ ਕੀਤਾ। ਵਿਰੋਧੀ ਧਿਰਾਂ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਦੇ (ਮੁੱਖ ਮੰਤਰੀ ਵਜੋਂ) ਅਸਤੀਫ਼ੇ ਮਗਰੋਂ ਸੂਬੇ ਵਿਚ ਰਾਜਪਾਲ ਵੱਲੋਂ ਸਰਕਾਰੀ ਕੰਮਕਾਜ ਚਲਾਉਣ ਲਈ ਕੋਈ ਅੰਤਰਿਮ ਪ੍ਰਬੰਧ ਕੀਤੇ ਜਾਣ ਦੀ ਮੰਗ ਕਰ ਰਹੀਆਂ ਸਨ। ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਝਾਰਖੰਡ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਦੀ ਤੁਲਨਾ ਗੁਆਂਂਢੀ ਸੂਬੇ ਬਿਹਾਰ ਨਾਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਵੇਰੇ ਅਸਤੀਫ਼ਾ ਦਿੱਤਾ ਤੇ ਸ਼ਾਮ ਨੂੰ ਉਨ੍ਹਾਂ ਮੁੜ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਹ ਸਭ ਕੁਝ 12 ਘੰਟਿਆਂ ਵਿਚ ਹੋ ਗਿਆ। ਖੜਗੇ ਨੇ ਕਿਹਾ ਸੋਰੇਨ ਦੇ ਅਸਤੀਫ਼ੇ ਮਗਰੋਂ ਉਨ੍ਹਾਂ ਦੇ ਜਾਨਸ਼ੀਨ ਦੇ ਨਾਮ ਨਾਲ 47 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਰਾਜਪਾਲ ਸੀ.ਪੀ.ਰਾਧਾਕ੍ਰਿਸ਼ਨਨ ਨੂੰ ਸੌਂਪਿਆ ਗਿਆ, ਪਰ ਉਨ੍ਹਾਂ (ਰਾਜਪਾਲ) ਅਜੇ ਤੱਕ ਸਰਕਾਰੀ ਕੰਮਕਾਜ ਚਲਾਉਣ ਲਈ ਕੋਈ ਪ੍ਰਬੰਧ ਨਹੀਂ ਕੀਤਾ। ਮੌਜੂਦਾ ਸੰਵਿਧਾਨਕ ਪ੍ਰਬੰਧ ਮੁਤਾਬਕ ਮੁੱਖ ਮੰਤਰੀ ਦੇ ਅਸਤੀਫ਼ੇ ਮਗਰੋਂ ਰਾਜਪਾਲ ਵੱਲੋੋਂ ਅੰਤਰਿਮ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਤਹਿਤ ਅਸਤੀਫ਼ਾ ਦੇਣ ਵਾਲੇ ਮੁੱਖ ਮੰਤਰੀ ਜਾਂ ਕਿਸੇ ਹੋਰ ਵਿਅਕਤੀ ਨੂੰ ਬਦਲਵੇਂ ਪ੍ਰਬੰਧ ਤੱਕ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰੀਬ 20 ਘੰਟਿਆਂ ਦੀ ਉਡੀਕ ਮਗਰੋਂ ਝਾਰਖੰਡ ਮੁਕਤੀ ਮੋਰਚਾ ਦੇ ਨਵੇਂ ਚੁਣੇ ਆਗੂ ਚੰਪਈ ਸੋਰੇਨ ਨੂੰ ਰਾਜਪਾਲ ਨਾਲ ਮੁਲਾਕਾਤ ਲਈ ਸੱਦਾ ਮਿਲਿਆ ਹੈ, ਪਰ 47 ਵਿਧਾਇਕਾਂ ਦੀ ਹਮਾਇਤ ਵਾਲੇ ਪੱਤਰ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਹੁਣ ਤੱਕ ਨਹੀਂ ਸੱਦਿਆ ਗਿਆ। ਨਵੇਂ ਮੁੱਖ ਮੰਤਰੀ ਵੱਲੋਂ ਅੱਜ(ਸ਼ੁੱਕਰਵਾਰ) ਨੂੰ ਹਲਫ਼ ਲਿਆ ਜਾ ਰਿਹਾ ਹੈ। ਖੜਗੇ ਨੇ ਕਿਹਾ, ‘‘ਬਿਹਾਰ ਵਿਚ ਜੋ ਕੁਝ ਹੋਇਆ, ਉਹ ਝਾਰਖੰਡ ਵਿੱਚ ਕਿਉਂ ਨਹੀਂ? ਜੇਕਰ ਬਿਹਾਰ ਵਿੱਚ 12 ਘੰਟਿਆਂ ਅੰਦਰ ਪਹਿਲਾਂ ਅਸਤੀਫ਼ਾ, ਹਮਾਇਤ ਪੱਤਰ ਨੂੰ ਪ੍ਰਵਾਨ ਕਰਨਾ ਤੇ ਹਲਫ਼ਦਾਰੀ ਸਮਾਗਮ ਹੋ ਸਕਦਾ ਹੈ, ਤਾਂ ਫਿਰ ਝਾਰਖੰਡ ਵਿਚ ਕਿਉਂ ਨਹੀਂ। ਇਹ ਸ਼ਰਮਨਾਕ ਹੈ।’’ ਉਧਰ ਸਦਨ ਦੇ ਆਗੂ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਝਾਰਖੰਡ ਵਿੱਚ ਵੱਡਾ ਜ਼ਮੀਨ ਘੁਟਾਲਾ ਦੇਖਣ ਨੂੰ ਮਿਲਿਆ ਹੈ, ਜਿਸ ਕਰਕੇ ਸੋਰੇਨ ਨੂੰ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਕਿਹਾ, ‘‘ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਬਾਵਜੂਦ ਕਾਂਗਰਸ ਮੁੱਖ ਮੰਤਰੀ ਦਾ ਬਚਾਅ ਕਰ ਰਹੀ ਹੈ।