ਪ੍ਰਸ਼ਾਸਨ ਨੇ ਰਾਹੁਲ ਨੂੰ ਸ਼ੰਕਰਦੇਵ ਦੇ ਮੰਦਰ ਜਾਣ ਤੋਂ ਰੋਕਿਆ

ਪ੍ਰਸ਼ਾਸਨ ਨੇ ਰਾਹੁਲ ਨੂੰ ਸ਼ੰਕਰਦੇਵ ਦੇ ਮੰਦਰ ਜਾਣ ਤੋਂ ਰੋਕਿਆ

ਨਗਾਓਂ (ਅਸਾਮ) - ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੇ ਸੰਕਟ ਦੌਰਾਨ ਹਰ ਕੋਈ ਵੈਸ਼ਨਵ ਸੰਤ ਸ੍ਰੀਮੰਤਾ ਸ਼ੰਕਰਦੇਵ ਦੇ ਜਨਮ ਸਥਾਨ ’ਤੇ ਜਾ ਸਕਦਾ ਹੈ, ਸਿਰਫ ਰਾਹੁਲ ਗਾਂਧੀ ਨਹੀਂ ਜਾ ਸਕਦਾ। ਕੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੈਅ ਕਰਨਗੇ ਕਿ ਕੌਣ ਮੰਦਰ ਜਾਵੇਗਾ ਤੇ ਕਦੋਂ ਜਾਵੇਗਾ। ਉਹ ਅੱਜ ਅਸਾਮ ਦੇ ਨਗਾਓਂ ਵਿੱਚ ਪ੍ਰਸ਼ਾਸਨ ਵੱਲੋਂ ਸ਼ੰਕਰਦੇਵ ਦੇ ਜਨਮ ਸਥਾਨ ਜਾਣ ਤੋਂ ਰੋਕਣ ਸਮੇਂ ਸੰਬੋਧਨ ਕਰ ਰਹੇ ਸਨ।ਸ਼ੰਕਰਦੇਵ ਦੇ ਜਨਮ ਸਥਾਨ ਸਤਰ ਜਾਂਦੇ ਹੋਏ ਰਸਤੇ ਵਿੱਚ ਪੈਂਦੇ ਹੈਬਰਗਾਓਂ ਵਿੱਚ ਅਧਿਕਾਰੀਆਂ ਨੇ ਰਾਹੁਲ ਗਾਂਧੀ ਨੂੰ ਰੋਕ ਲਿਆ। ਇਸ ’ਤੇ ਰਾਹੁਲ ਗਾਂਧੀ ਨੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਸਣੇ ਉੱਥੇ ਹੀ ਧਰਨਾ ਲਗਾ ਦਿੱਤਾ ਜਦਕਿ ਪਾਰਟੀ ਦੇ ਸੰਸਦ ਮੈਂਬਰ ਗੌਰਵ ਗੋਗੋਈ ਅਤੇ ਬਤਾਦ੍ਰਵਾ ਦੇ ਵਿਧਾਇਕ ਸ਼ਿਵਮਨੀ ਬੋਰਾ ਮਸਲੇ ਦਾ ਹੱਲ ਕਰਨ ਲਈ ਜਨਮ ਸਥਾਨ ਵੱਲ ਰਵਾਨਾ ਹੋ ਗਏ। ਉਨ੍ਹਾਂ ਦੇ ਪਰਤਣ ’ਤੇ ਗਾਂਧੀ ਨੇ ਪੁਲੀਸ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਸਤਰ ਜਾਣ ਤੋਂ ਕਿਉਂ ਰੋਕਿਆ ਗਿਆ। ਉਨ੍ਹਾਂ ਕਿਹਾ, ‘‘ਕੀ ਹੁਣ ਪ੍ਰਧਾਨ ਮੰਤਰੀ ਮੋਦੀ ਇਹ ਫੈਸਲਾ ਲੈਣਗੇ ਕਿ ਕੌਣ ਮੰਦਰ ਜਾਵੇਗਾ ਤੇ ਕਦੋਂ ਜਾਵੇਗਾ। ਅਸੀਂ ਕੋਈ ਸਮੱਸਿਆ ਪੈਦਾ ਨਹੀਂ ਕਰਨਾ ਚਾਹੁੰਦੇ, ਸਿਰਫ ਪ੍ਰਾਰਥਨਾ ਕਰਨਾ ਚਾਹੁੰਦੇ ਹਾਂ।’’ ਮੀਡੀਆ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ, ‘‘ਸ਼ੰਕਰਦੇਵ ਵਾਂਗ ਅਸੀਂ ਵੀ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ, ਨਾ ਕਿ ਨਫ਼ਰਤ ਫੈਲਾਉਣ ਵਿੱਚ। ਉਹ ਸਾਡੇ ਲਈ ਗੁਰੂ ਵਾਂਗ ਹਨ ਤੇ ਸਾਡਾ ਮਾਰਗ ਦਰਸ਼ਨ ਕਰਦੇ ਹਨ। ਮੈਂ ਸੋਚਿਆ ਹੋਇਆ ਸੀ ਕਿ ਜਦੋਂ ਕਦੇ ਅਸਾਮ ਆਵਾਂਗਾ ਤਾਂ ਮੈਂ ਸ਼ੰਕਰਦੇਵ ਦੇ ਜਨਮ ਸਥਾਨ ’ਤੇ ਜ਼ਰੂਰ ਜਾਵਾਂਗਾ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 11 ਜਨਵਰੀ ਨੂੰ ਸੱਦਾ ਮਿਲਿਆ ਸੀ ਪਰ ਐਤਵਾਰ ਨੂੰ ਉਨ੍ਹਾਂ ਨੂੰ ਦੱਸਿਆ ਗਿਆ ਕਿ ਉੱਥੇ ਕਾਨੂੰਨ ਵਿਵਸਥਾ ਖ਼ਰਾਬ ਹੈ। ਉਨ੍ਹਾਂ ਕਿਹਾ, ‘‘ਹੈਰਾਨੀ ਦੀ ਗੱਲ ਹੈ ਕਿ ਇਲਾਕੇ ਵਿੱਚ ਕਾਨੂੰਨ ਵਿਵਸਥਾ ਦਾ ਸੰਕਟ ਹੋਣ ਦੇ ਬਾਵਜੂਦ ਗੌਰਵ ਗੋਗੋਈ ਤੇ ਹੋਰ ਸਾਰੇ ਜਾ ਸਕਦੇ ਹਨ ਪਰ ਸਿਰਫ ਰਾਹੁਲ ਗਾਂਧੀ ਨਹੀਂ ਜਾ ਸਕਦਾ।’’ ਉਨ੍ਹਾਂ ਕਿਹਾ, ‘‘ਇਸ ਪਿੱਛੇ ਕੁਝ ਕਾਰਨ ਹੋ ਸਕਦੇ ਹਨ ਪਰ ਜਦੋਂ ਕਦੇ ਵੀ ਮੌਕਾ ਮਿਲੇਗਾ ਤਾਂ ਮੈਂ ਬਤਾਦ੍ਰਵਾ ਜਾਵਾਂਗਾ। ਇਹ ਮੇਰਾ ਵਿਸ਼ਵਾਸ ਹੈ ਕਿ ਅਸਾਮ ਤੇ ਸਮੁੱਚੇ ਦੇਸ਼ ਨੂੰ ਸ਼ੰਕਰਦੇਵ ਵੱਲੋਂ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ।’’ ਸ੍ਰੀ ਸ਼ੰਕਰਦੇਵ ਸਤਰ ਦੀ ਮੈਨੇਜਿੰਗ ਕਮੇਟੀ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਉਹ 22 ਜਨਵਰੀ ਨੂੰ 3 ਵਜੇ ਤੋਂ ਪਹਿਲਾਂ ਉਹ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸਤਰ ਆਉਣ ਦੀ ਮਨਜ਼ੂਰੀ ਨਹੀਂ ਦੇਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਅਯੁੱਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਸਤਰ ਨਾ ਜਾਣ। ਉਧਰ, ਬੋਰਾ ਦੇ ਨਾਲ ਸਤਰ ਗਏ ਗੋਗੋਈ ਨੇ ਕਿਹਾ ਕਿ ਸਤਰ ਵਿੱਚ ਕੋਈ ਭੀੜ ਨਹੀਂ ਸੀ ਅਤੇ ਇਹ ਬਿਲਕੁਲ ਖਾਲੀ ਪਿਆ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਝੂਠ ਫੈਲਾਇਆ ਗਿਆ ਸੀ ਕਿ ਜੇਕਰ ਰਾਹੁਲ ਗਾਂਧੀ ਜਨਮ ਸਥਾਨ ’ਤੇ ਜਾਂਦੇ ਹਨ ਤਾਂ ਉੱਥੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬਤਾਦ੍ਰਵਾ ਦੇ ਇਤਿਹਾਸ ਤੇ ਸ੍ਰੀ ਸ਼ੰਕਰਦੇਵ ਦੀ ਵਿਰਾਸਤ ਵਿੱਚ ਕਾਲਾ ਧੱਬਾ ਲਗਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਰਾਹੁਲ ਵੱਲੋਂ ਸ਼ਾਂਤੀ ਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ ਹੈ ਅਤੇ ਉੱਥੇ ਸਾਰੇ ਪੁਜਾਰੀ ਰਾਹੁਲ ਨੂੰ ਆਸ਼ੀਰਵਾਦ ਦੇਣ ਲਈ ਮੌਜੂਦ ਸਨ।’’ ਗੋਗੋਈ ਨੇ ਕਿਹਾ, ‘‘ਪੁਜਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਮੱਦੇਨਜ਼ਰ ਕਈ ਸੰਸਥਾਵਾਂ ਦੀ ਜਨਮ ਸਥਾਨ ’ਤੇ ਪ੍ਰੋਗਰਾਮ ਕਰਨ ਦੀ ਯੋਜਨਾ ਹੈ, ਇਸ ਵਾਸਤੇ ਉਸ ਸਮੇਂ ’ਤੇ ਕਾਨੂੰਨ ਵਿਵਸਥਾ ਦਾ ਸੰਕਟ ਖੜ੍ਹਾ ਹੋ ਸਕਦਾ ਹੈ।’’ ਉੱਧਰ, ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਦਾ ਮਤਲਬ ਸਪੱਸ਼ਟ ਹੈ ਕਿ ਹੰਕਾਰੀ ਸ਼ਕਤੀਆਂ ਚਾਹੁੰਦੀਆਂ ਸਨ ਕਿ ਕੈਮਰੇ ਸਿਰਫ ਉਨ੍ਹਾਂ ’ਤੇ ਹੀ ਕੇਂਦਰਿਤ ਰਹਿਣ, ਜਿਸ ਕਰ ਕੇ ਉਨ੍ਹਾਂ ਵੱਲੋਂ ਅਸਾਮ ਸਰਕਾਰ ’ਤੇ ਅਜਿਹਾ ਕਦਮ ਉਠਾਉਣ ਲਈ ਦਬਾਅ ਬਣਾਇਆ ਗਿਆ।