ਸਿਆਸੀ ਗੱਠਜੋੜ : ਹਾਈ ਕਮਾਨ ਨੇ ਟੋਹੀ ਪੰਜਾਬ ਕਾਂਗਰਸ ਦੀ ਨਬਜ਼

ਸਿਆਸੀ ਗੱਠਜੋੜ : ਹਾਈ ਕਮਾਨ ਨੇ ਟੋਹੀ ਪੰਜਾਬ ਕਾਂਗਰਸ ਦੀ ਨਬਜ਼

ਚੰਡੀਗੜ੍ਹ-ਕਾਂਗਰਸ ਹਾਈਕਮਾਨ ਨੇ ਅੱਜ ‘ਇੰਡੀਆ ਗੱਠਜੋੜ’ ਦੇ ਏਜੰਡੇ ਤਹਿਤ ਅਗਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਪੰਜਾਬ ’ਚ ‘ਆਪ’ ਨਾਲ ਸਿਆਸੀ ਗੱਠਜੋੜ ਦੀਆਂ ਸੰਭਾਵਨਾਵਾਂ ’ਤੇ ਸਿਆਸੀ ਮੰਥਨ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਆਗੂਆਂ ਨਾਲ ਕਰੀਬ ਦੋ ਘੰਟੇ ਮੀਟਿੰਗ ਕਰਕੇ ਅਗਾਮੀ ਲੋਕ ਸਭਾ ਚੋਣਾਂ ਬਾਰੇ ਰਣਨੀਤੀ ’ਤੇ ਚਰਚਾ ਕੀਤੀ ਜਿਸ ਵਿਚ ਪੰਜਾਬ ਵਿਚ ‘ਆਪ’ ਨਾਲ ਗੱਠਜੋੜ ਅਤੇ ਸੀਟਾਂ ਦੀ ਵੰਡ ਦੇ ਮੁੱਦੇ ਭਾਰੂ ਰਹੇ। ਅਹਿਮ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਇਸ ਮੀਟਿੰਗ ਵਿਚ ਪੰਜਾਬ ਦੀ ਲੀਡਰਸ਼ਿਪ ਦੀ ਸੰਭਾਵੀ ਗੱਠਜੋੜ ਅਤੇ ਸੀਟਾਂ ਦੇ ਵੰਡ ਦੇ ਮੁੱਦੇ ’ਤੇ ਨਬਜ਼ ਟੋਹੀ ਅਤੇ ਕਿਹਾ ਕਿ ਪੰਜਾਬ ਦੇ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਤੇ ਵਿਚਾਰਾਂ ਮੁਤਾਬਿਕ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਅੱਜ ਹਾਈਕਮਾਨ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ‘ਆਪ’ ਤੇ ਕਾਂਗਰਸ ਦੇ ਸਿਆਸੀ ਗੱਠਜੋੜ ਦੇ ਨਫ਼ੇ ਨੁਕਸਾਨਾਂ ਬਾਰੇ ਫੀਡ ਬੈਕ ਦਿੱਤੀ। ਸੂਤਰਾਂ ਅਨੁਸਾਰ ਮੀਟਿੰਗ ਵਿਚ ਪੰਜਾਬ ਦੀ ਲੀਡਰਸ਼ਿਪ ਨੇ ਹਾਈਕਮਾਨ ਨੂੰ ‘ਆਪ’ ਨਾਲ ਗੱਠਜੋੜ ਦੀ ਸੂਰਤ ਵਿਚ ਕਾਂਗਰਸ ਨੂੰ ਹੋਣ ਵਾਲੇ ਸਿਆਸੀ ਨੁਕਸਾਨ ਤੋਂ ਜਾਣੂ ਕਰਾਇਆ। ਕਾਂਗਰਸੀ ਆਗੂਆਂ ਅਤੇ ਵਰਕਰਾਂ ’ਤੇ ‘ਆਪ’ ਸਰਕਾਰ ਦੀ ਜ਼ਿਆਦਤੀ ’ਤੇ ਵੀ ਚਾਨਣਾ ਪਾਇਆ। ਸੀਨੀਅਰ ਆਗੂਆਂ ਨੇ ਸਾਫ਼ ਕਿਹਾ ਕਿ ਕਾਂਗਰਸ ਇਕੱਲੇ ਤੌਰ ’ਤੇ ਜਿੱਤਣ ਦੀ ਸਮਰੱਥਾ ਵਿਚ ਹੈ ਅਤੇ ਗੱਠਜੋੜ ਹੋਣ ਦੀ ਬਦੌਲਤ ਕਾਂਗਰਸੀ ਵਰਕਰ ਨਿਰਾਸ਼ਾ ਵਿਚ ਜਾਵੇਗਾ। ਹਾਈਕਮਾਨ ਨੇ ਪੰਜਾਬ ਦੇ ਆਗੂਆਂ ਦੇ ਮਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਕੁਝ ਆਗੂਆਂ ਨੇ ਗੱਠਜੋੜ ਦੀ ਵਕਾਲਤ ਵੀ ਕੀਤੀ। ਮੀਟਿੰਗ ਰਾਤ ਨੂੰ ਕਰੀਬ ਸਵਾ ਨੌਂ ਵਜੇ ਖ਼ਤਮ ਹੋਈ ਜਿਸ ਮਗਰੋਂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਅੱਜ ਦੀ ਮੀਟਿੰਗ ਸਾਰਥਕ ਮਾਹੌਲ ਵਿਚ ਹੋਈ ਅਤੇ ਆਗਾਮੀ ਚੋਣਾਂ ਬਾਰੇ ਮੁੱਦਿਆਂ ’ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੋ ਕੇ 2024 ਦੀਆਂ ਚੋਣਾਂ ਲਈ ਤਿਆਰ ਹੈ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਬੰਦ ਕਮਰਾ ਮੀਟਿੰਗ ’ਚ ਹੋਈ ਚਰਚਾ ਨੂੰ ਇੱਥੇ ਨਹੀਂ ਰੱਖ ਸਕਦੇ ਹਨ ਲੇਕਿਨ ਹਾਈਕਮਾਨ ਨੇ ਸਭ ਲੀਡਰਾਂ ਦੀ ਰਾਏ ਜਾਣ ਲਈ ਹੈ। ਉਨ੍ਹਾਂ ਕਿਹਾ ਕਿ ਕਿਸੇ ਗੱਠਜੋੜ ਨੂੰ ਲੈ ਕੇ ਕੋਈ ਗੱਲ ਨਹੀਂ ਚੱਲੀ ਪ੍ਰੰਤੂ ਆਪਣੇ ਤੌਰ ’ਤੇ ਆਗੂਆਂ ਨੇ ਭਾਵਨਾਵਾਂ ਪ੍ਰਗਟਾਈਆਂ ਹਨ।