ਮੁਅੱਤਲੀ ਨੂੰ ਹਥਿਆਰ ਬਣਾ ਰਹੀ ਹੈ ਹਾਕਮ ਧਿਰ: ਖੜਗੇ

ਮੁਅੱਤਲੀ ਨੂੰ ਹਥਿਆਰ ਬਣਾ ਰਹੀ ਹੈ ਹਾਕਮ ਧਿਰ: ਖੜਗੇ

ਨਵੀਂ ਦਿੱਲੀ-ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਸਦਨ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਲਿਖੇ ਇੱਕ ਪੱਤਰ ’ਚ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਹਾਕਮ ਧਿਰ ਲੋਕਤੰਤਰ ਨੂੰ ਕਮਜ਼ੋਰ ਕਰਨ, ਸੰਸਦੀ ਰਵਾਇਤਾਂ ਨੂੰ ਖਤਮ ਕਰਨ ਤੇ ਸੰਵਿਧਾਨ ਦਾ ਗਲਾ ਘੁੱਟਣ ਲਈ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਧਨਖੜ ਨੂੰ ਲਿਖੇ ਜਵਾਬੀ ਪੱਤਰ ’ਚ ਖੜਗੇ ਨੇ ਇਹ ਵੀ ਕਿਹਾ ਕਿ ਚੇਅਰਮੈਨ ਦਾ ਪੱਤਰ ਬਦਕਿਸਮਤੀ ਨਾਲ ਸੰਸਦ ਪ੍ਰਤੀ ਸਰਕਾਰ ਦੇ ਤਾਨਾਸ਼ਾਹੀ ਤੇ ਹੰਕਾਰੀ ਰਵੱਈਏ ਨੂੰ ਸਹੀ ਠਹਿਰਾਉਂਦਾ ਹੈ। ਪੱਤਰ ’ਚ ਚੇਅਰਮੈਨ ਵੱਲੋਂ ਉਭਾਰੇ ਕੁਝ ਨੁਕਤਿਆਂ ਦਾ ਜਵਾਬ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਰਾਜ ਸਭਾ ਦੇ ਚੇਅਰਮੈਨ ਵਜੋਂ ਨਿਰਪੱਖਤਾ ਤੇ ਫਰਾਖਦਿਲੀ ਨਾਲ ਵਿਰੋਧੀ ਧਿਰ ਦੀਆਂ ਚਿੰਤਾਵਾਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੱਤਰ ’ਚ ਦਾਅਵਾ ਕੀਤਾ, ‘ਹਾਕਮ ਧਿਰ ਨੇ ਅਸਲ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ, ਸੰਸਦੀ ਰਵਾਇਤਾਂ ਨੂੰ ਨੁਕਸਾਨ ਪਹੁੰਚਾਉਣ ਤੇ ਸੰਵਿਧਾਨ ਦਾ ਗਲਾ ਘੁੱਟਣ ਲਈ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਇੱਕ ਸੌਖਾ ਹਥਿਆਰ ਬਣਾ ਲਿਆ ਹੈ।’ਖੜਗੇ ਨੇ ਕਿਹਾ, ‘ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ ਵਿਸ਼ੇਸ਼ ਅਧਿਕਾਰ ਮਤਿਆਂ ਨੂੰ ਵੀ ਹਥਿਆਰ ਬਣਾਇਆ ਗਿਆ ਹੈ। ਇਹ ਸੰਸਦ ਨੂੰ ਕਮਜ਼ੋਰ ਕਰਨ ਲਈ ਹਾਕਮ ਧਿਰ ਵੱਲੋਂ ਜਾਣਬੁੱਝ ਕੇ ਤਿਆਰ ਕੀਤੀ ਗਈ ਰਣਨੀਤੀ ਹੈ। ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਸਰਕਾਰ ਕੁੱਲ ਮਿਲਾ ਕੇ 146 ਸੰਸਦ ਮੈਂਬਰਾਂ ਦੇ ਹਲਕਿਆਂ ਦੇ ਵੋਟਰਾਂ ਦੀ ਆਵਾਜ਼ ਨੂੰ ਚੁੱਪ ਕਰਵਾ ਰਹੀ ਹੈ।’ ਉਨ੍ਹਾਂ ਪੱਤਰ ’ਚ ਕਿਹਾ, ‘ਤੁਸੀਂ ਇਹ ਵੀ ਜ਼ਿਕਰ ਕੀਤਾ ਹੈ ਕਿ ਸਦਨ ’ਚ ਹੰਗਾਮਾ ਇਰਾਦਤਨ ਤੇ ਪਹਿਲਾਂ ਤੋਂ ਮਿੱਥਿਆ ਹੋਇਆ ਸੀ। ਮੈਂ ਇਹ ਕਹਿਣਾ ਚਾਹਾਂਗਾ ਕਿ ਸੰਸਦ ਦੇ ਦੋਵਾਂ ਸਦਨਾਂ ’ਚੋਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਸਮੂਹਿਕ ਮੁਅੱਤਲੀ ਸਰਕਾਰ ਵੱਲੋਂ ਪਹਿਲਾਂ ਤੋਂ ਨਿਰਧਾਰਤ ਤੇ ਪਹਿਲਾਂ ਤੋਂ ਮਿੱਥੀ ਹੋਈ ਪ੍ਰਤੀਤ ਹੁੰਦੀ ਹੈ। ਮੈਨੂੰ ਇਹ ਕਹਿੰਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਬਿਨਾਂ ਸੋਚੇ-ਸਮਝੇ ਇਸ ਨੂੰ ਅੰਜਾਮ ਦਿੱਤਾ ਗਿਆ। ‘ਇੰਡੀਆ’ ਗੱਠਜੋੜ ਨਾਲ ਸਬੰਧਤ ਇੱਕ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਉਹ ਸਦਨ ਵਿੱਚ ਮੌਜੂਦ ਵੀ ਨਹੀਂ ਸੀ।’ ਖੜਗੇ ਨੇ ਕਿਹਾ, ‘ਸਦਨ ਦੇ ਚੇਅਰਮੈਨ ਨੂੰ ਸੰਸਦ ਵਿੱਚ ਆਪਣੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੇ ਲੋਕਾਂ ਦੇ ਅਧਿਕਾਰ ਦੀ ਰਾਖੀ ਕਰਨੀ ਚਾਹੀਦੀ ਹੈ।’