
ਨਵੀਂ ਦਿੱਲੀ-ਕਾਂਗਰਸ ਦੀ ਤਿਲੰਗਾਨਾ ਇਕਾਈ ਦੇ ਪ੍ਰਧਾਨ ਏ. ਰੇਵੰਤ ਰੈੱਡੀ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇੱਥੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਨੇ ਕਿਹਾ ਕਿ 54 ਸਾਲਾ ਆਗੂ ਦਾ ਸਹੁੰ ਚੁੱਕ ਸਮਾਗਮ 7 ਦਸੰਬਰ ਨੂੰ ਹੈਦਰਾਬਾਦ ਵਿੱਚ ਹੋਵੇਗਾ। ਹਾਲਾਂਕਿ ਵੇਣੂਗੋਪਾਲ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ। ਉਨ੍ਹਾਂ ਨੇ ਇਸ ਮੁੱਦੇ ’ਤੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ‘‘ਇਹ ‘ਵਨ ਮੈਨ ਸ਼ੋਅ’ ਨਹੀਂ ਹੋਵੇਗਾ, ਇਹ ਇੱਕ ਟੀਮ ਹੋਵੇਗੀ। ਕਾਂਗਰਸ ਟੀਮ ਨਾਲ ਅੱਗੇ ਵਧੇਗੀ।’’ ਤਿਲੰਗਾਨਾ ਵਿੱਚ ਪਿਛਲੇ ਨੌਂ ਸਾਲਾਂ ਤੋਂ ਸੱਤਾ ਵਿੱਚ ਰਹੀ ਬੀਆਰਐੱਸ ਨੂੰ ਪਛਾੜਦਿਆਂ 64 ਸੀਟਾਂ ਜਿੱਤ ਕੇ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਰੇਵੰਤ ਰੈੱਡੀ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਅੱਗੇ ਸਨ। ਇਸ ਦੌਰਾਨ ਰੈੱਡੀ ਨੇ ‘ਐਕਸ’ ’ਤੇ ਕਿਹਾ, ‘‘ਮੈਂ ਏਆਈਸੀਸੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕੇ.ਸੀ ਵੇਣੂਗੋਪਾਲ, ਡੀਕੇ ਸ਼ਿਵਕੁਮਾਰ ਅਤੇ ਕਾਂਗਰਸ ਵਰਕਰਾਂ ਦਾ ਧੰਨਵਾਦ ਕਰਦਾ ਹਾਂ।’’ਵੇਣੂਗੋਪਾਲ ਨੇ ਕਿਹਾ, ‘‘ਆਬਜ਼ਰਵਰਾਂ ਦੀ ਰਿਪੋਰਟ ’ਤੇ ਵਿਚਾਰ ਕਰਨ ਅਤੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ ਰੇਵੰਤ ਰੈੱਡੀ ਨੂੰ ਤਿਲੰਗਾਨਾ ਵਿੱਚ ਕਾਂਗਰਸ ਵਿਧਾਇਕ ਦਲ (ਸੀਐੱਲਪੀ) ਦਾ ਨੇਤਾ ਚੁਣਨ ਦਾ ਫ਼ੈਸਲਾ ਕੀਤਾ ਹੈ।’’ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਦੀ ਚੋਣ ਲਈ ਵਿਧਾਇਕ ਦਲ ਦੀ ਇੱਕ ਮੀਟਿੰਗ ਬੀਤੇ ਦਿਨ ਹੈਦਰਾਬਾਦ ਵਿੱਚ ਹੋਈ। ਆਬਜ਼ਰਵਰਾਂ ਨੇ ਮੰਗਲਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਬਾਰੇ ਵਿਸਤ੍ਰਿਤ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੀ। ਅੱਜ ਰਾਹੁਲ ਗਾਂਧੀ ਸਮੇਤ ਕਾਂਗਰਸ ਲੀਡਰਸ਼ਿਪ ਵੱਲੋਂ ਤਿਲੰਗਾਨਾ ਵਿੱਚ ਸਰਕਾਰ ਗਠਨ ਦੇ ਮੁੱਦੇ ’ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਸਾਰਾ ਦਿਨ ਵਿਚਾਰ-ਚਰਚਾ ਕੀਤੀ ਗਈ।