ਰਾਜਸਥਾਨ ’ਚ ਮੁੜ ਸਰਕਾਰ ਬਣਨ ’ਤੇ ਜਾਤੀ ਜਨਗਣਨਾ ਕਰਾਵਾਂਗੇ: ਰਾਹੁਲ

ਰਾਜਸਥਾਨ ’ਚ ਮੁੜ ਸਰਕਾਰ ਬਣਨ ’ਤੇ ਜਾਤੀ ਜਨਗਣਨਾ ਕਰਾਵਾਂਗੇ: ਰਾਹੁਲ

ਜੈਪੁਰ-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਰਾਜਸਥਾਨ ਵਿੱਚ ਸੱਤਾ ਬਰਕਰਾਰ ਰੱਖਦੀ ਹੈ ਤਾਂ ਸੂਬੇ ਵਿੱਚ ਜਾਤੀ ਆਧਾਰਿਤ ਜਨਗਣਨਾ ਕਰਵਾਈ ਜਾਵੇਗੀ। ਗਾਂਧੀ ਨੇ ਸੈਨਾ ਵਿੱਚ ਭਰਤੀ ਦੀ ਅਗਨੀਪਥ ਯੋਜਨਾ ਸਬੰਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਯੋਜਨਾ ਲਿਆ ਕੇ ਦੇਸ਼ ਦੀ ਰੱਖਿਆ ਕਰਨ ਦੇ ਲੱਖਾਂ ਨੌਜਵਾਨਾਂ ਦੇ ਸੁਫ਼ਨੇ ਤੋੜ ਦਿੱਤੇ ਗਏ ਹਨ। ਉਨ੍ਹਾਂ ਧੌਲਪੁਰ ਦੇ ਰਾਜਾਖੇੜਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਗਨੀਪਥ ਯੋਜਨਾ ਕਿਉਂ ਆਈ.. ਕਿਉਂਕਿ ਨਰਿੰਦਰ ਮੋਦੀ ਜੀ ਨੇ ਤੁਹਾਡੇ ਜੀਐੱਸਟੀ ਦਾ ਪੈਸਾ ਤੁਹਾਡੀ ਜੇਬ ਵਿੱਚੋਂ ਕੱਢ ਕੇ ਸਿੱਧਾ ਅਡਾਨੀ ਦੀ ਜੇਬ ਵਿੱਚ ਪਾ ਦਿੱਤਾ ਹੈ ਅਤੇ ਲੱਖਾਂ ਨੌਜਵਾਨਾਂ, ਜੋ ਚਾਰ ਵਜੇ ਸਵੇਰੇ ਉੱਠਦੇ ਹਨ, ਦੇਸ਼ ਦੀ ਰੱਖਿਆ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸੁਫ਼ਨਾ ਅਤੇ ਦਿਲ ਤੋੜ ਦਿੱਤਾ।’’ ਰਾਹੁਲ ਗਾਂਧੀ ਨੇ ਦੁਹਰਾਇਆ ਕਿ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਜਾਤੀ ਆਧਾਰਿਤ ਜਨਗਣਨਾ ਕਰਵਾਈ ਜਾਵੇਗੀ।ਧੌਲਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਸੰਸਦ ਵਿੱਚ ਕੇਂਦਰ ਸਰਕਾਰ ਤੋਂ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਕੀਤੀ ‘‘ਪਰ ਜਿਸ ਦਿਨ ਮੈਂ ਸੰਸਦ ਵਿੱਚ ਇਹ ਗੱਲ ਕਹੀ, ਉਸ ਦਿਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਬਦਲ ਗਏ।’’ ਰਾਹੁਲ ਨੇ ਕਿਹਾ, ‘‘ਪਹਿਲਾਂ ਮੋਦੀ ਕਹਿੰਦੇ ਸੀ ਕਿ ਉਹ ਓਬੀਸੀ ਤੋਂ ਹਨ ਪਰ ਜਦੋਂ ਮੈਂ ਓਬੀਸੀ ਦੀ ਆਬਾਦੀ ਦਾ ਸਵਾਲ ਚੁੱਕਿਆ, ਉਸ ਮਗਰੋਂ ਨਰਿੰਦਰ ਮੋਦੀ ਕਹਿੰਦੇ ਹਨ ਕਿ ਹਿੰਦੁਸਤਾਨ ਵਿੱਚ ਸਿਰਫ਼ ਇੱਕ ਜਾਤ ਹੈ, ਉਹ ਹੈ ਗਰੀਬ, ਵੋਟ ਲੈਣ ਲਈ ਨਰਿੰਦਰ ਮੋਦੀ ਓਬੀਸੀ ਹੋ ਗਏ ਪਰ ਜਦੋਂ ਓਬੀਸੀ ਨੂੰ ਭਾਈਵਾਲੀ ਦੇਣ ਦਾ ਸਵਾਲ ਆਇਆ, ਉਨ੍ਹਾਂ ਦੀ ਆਬਾਦੀ ਪਤਾ ਲਗਾਉਣ ਦੀ ਗੱਲ ਆਈ ਤਾਂ ਨਰਿੰਦਰ ਮੋਦੀ ਕਹਿੰਦੇ ਹਨ ਕਿ ਦੇਸ਼ ਵਿੱਚ ਓਬੀਸੀ ਹੈ ਹੀ ਨਹੀਂ, ਦਲਿਤ ਹੈ ਹੀ ਨਹੀਂ।’’ਇਸੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਹਸਪਤਾਲ ’ਚ ਚਿਰੰਜੀਵੀ ਸਿਹਤ ਬੀਮਾ ਸਕੀਮ ਦਾ ਜਾਇਜ਼ਾ ਲੈਂਦਿਆਂ ਮਰੀਜ਼ਾਂ ਦਾ ਹਾਲ ਜਾਣਿਆ। ਉਨ੍ਹਾਂ ਨੇ ਰਾਜਸਥਾਨ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕੀਤੀ।