
ਨਵੀਂ ਦਿੱਲੀ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇਕ ਮੀਡੀਆ ਰਿਪੋਰਟ ਦਾ ਹਵਾਲਾ ਦੇ ਕੇ ਅਡਾਨੀ ਗਰੁੱਪ ’ਤੇ ਕੋਲੇ ਦੀ ਦਰਾਮਦ ’ਚ ਜ਼ਿਆਦਾ ਕੀਮਤ ਦਿਖਾ ਕੇ 12 ਹਜ਼ਾਰ ਕਰੋੜ ਰੁਪਏ ਦੀਆਂ ਬੇਨਿਯਮੀਆਂ ਦਾ ਦੋਸ਼ ਲਾਇਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਰ ਕੇ ਅਡਾਨੀ ਗਰੁੱਪ ਨੇ ਲੋਕਾਂ ਨੂੰ ਬਿਜਲੀ ਦਰਾਂ ਲਈ ਵੱਧ ਅਦਾਇਗੀ ਕਰਨ ਲਈ ਮਜਬੂਰ ਕੀਤਾ ਤੇ ਉਨ੍ਹਾਂ ਨੂੰ ਲੁੱਟਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਚ ਦਾ ਹੁਕਮ ਦੇਣ ਤੇ ਇਸ ਮੁੱਦੇ ਉਤੇ ਸਭ ਸਪੱਸ਼ਟ ਕਰਨ ਲਈ ਕਿਹਾ। ਇੱਥੇ ਕਾਂਗਰਸ ਹੈੱਡਕੁਆਰਟਰ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ 2024 ਵਿਚ ਉਨ੍ਹਾਂ ਦੀ ਪਾਰਟੀ ਨੂੰ ਕੇਂਦਰ ’ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਇਸ ਕਾਰੋਬਾਰੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਰਾਹੁਲ ਨੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ’ਤੇ ਚੁੱਪ ਰਹਿਣ ਲਈ ਨਿਸ਼ਾਨਾ ਸੇਧਿਆ ਤੇ ਸਵਾਲ ਕੀਤਾ ਕਿ ਆਪਣੀ ਭਰੋਸੇਯੋਗਤਾ ਦੇ ਬਚਾਅ ਲਈ ਉਹ ਇਸ ਮਾਮਲੇ ਦੀ ਜਾਂਚ ਕਿਉਂ ਨਹੀਂ ਆਰੰਭਦੇ। ਕਾਂਗਰਸ ਆਗੂ ਨੇ ਬਰਤਾਨਵੀ ਅਖਬਾਰ ‘ਦਿ ਫਾਇਨੈਂਸ਼ੀਅਲ ਟਾਈਮਜ਼’ ਦੀ ਇਕ ਖਬਰ ਦਾ ਹਵਾਲਾ ਦਿੰਦਿਆਂ ਇਹ ਦਾਅਵਾ ਵੀ ਕੀਤਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਇਸ ਸੰਦਰਭ ਵਿਚ ‘ਮਦਦ ਕਰਨਾ ਚਾਹੁੰਦੇ ਹਨ ਕਿ ਮੋਦੀ ਅਡਾਨੀ ਸਮੂਹ ਦੇ ਮਾਮਲੇ ਦੀ ਜਾਂਚ ਕਰਾਉਣ ਤੇ ਆਪਣੀ ਭਰੋਸੇਯੋਗਤਾ ਬਚਾਉਣ। ਰਾਹੁਲ ਗਾਂਧੀ ਨੇ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਅਡਾਨੀ ਗਰੁੱਪ ਨੇ ਅਰਬਾਂ ਡਾਲਰ ਮੁੱਲ ਦਾ ਕੋਲਾ ਬਾਜ਼ਾਰੀ ਮੁੱਲ ਤੋਂ ਵੱਧ ਕੀਮਤ ’ਤੇ ਦਰਾਮਦ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਰਿਪੋਰਟ ਮੁਤਾਬਕ ਅਡਾਨੀ ਨੇ ਇਸ ਤਰ੍ਹਾਂ ਕੋਲੇ ਦੀ ਦਰਾਮਦ ’ਚ ਜ਼ਿਆਦਾ ਕੀਮਤ ਦਿਖਾ ਕੇ ‘ਲੋਕਾਂ ਦੀਆਂ ਜੇਬਾਂ ਵਿਚੋਂ’ 12000 ਕਰੋੜ ਰੁਪਏ ਕੱਢ ਲਏ। ਗਾਂਧੀ ਨੇ ਦੋਸ਼ ਲਾਇਆ ਕਿ ਅਡਾਨੀ ਨੇ ਕੋਲਾ ਇੰਡੋਨੇਸ਼ੀਆ ਵਿਚ ਖ਼ਰੀਦਿਆ ਤੇ ਜਦ ਇਹ ਭਾਰਤ ਪਹੁੰਚਿਆ ਤਾਂ ਇਸ ਦੀ ਕੀਮਤ ਦੁੱਗਣੀ ਹੋ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਭਾਰਤ ਵਿਚ ਬਿਜਲੀ ਦਰਾਂ ਉਤੇ ਅਸਰ ਪਿਆ ਤੇ ਖ਼ਪਤਕਾਰਾਂ ਨੂੰ ਵੱਧ ਬਿੱਲ ਅਦਾ ਕਰਨੇ ਪਏ। ਇਸ ਕਾਰਨ ਕਾਂਗਰਸ ਸ਼ਾਸਿਤ ਕੁਝ ਸੂਬਿਆਂ ਨੂੰ ਗਰੀਬਾਂ ਨੂੰ ਸਬਸਿਡੀ ਵੀ ਦੇਣੀ ਪਈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਖੁਲਾਸਾ ਸੰਸਾਰ ਦੀ ਕਿਸੇ ਵੀ ਸਰਕਾਰ ਨੂੰ ਡੇਗ ਸਕਦਾ ਹੈ ਪਰ ਭਾਰਤ ਵਿਚ ਕੋਈ ਕਾਰਵਾਈ ਨਹੀਂ ਹੋਈ।
ਰਾਹੁਲ ਨੇ ਕਿਹਾ ਕਿ ਇਹ ਇਕ ਵਿਅਕਤੀ ਵੱਲੋਂ ‘ਸਿੱਧੀ ਚੋਰੀ ਕਰਨ ਦਾ ਮਾਮਲਾ ਹੈ, ਜਿਸ ਦਾ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵਾਰ-ਵਾਰ ਬਚਾਅ ਕੀਤਾ ਜਾ ਰਿਹਾ ਹੈ।’ ਉਨ੍ਹਾਂ ਉਦਯੋਗਪਤੀ ਗੌਤਮ ਅਡਾਨੀ ਦੀਆਂ ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤਾਂ ਬਾਰੇ ਕਿਹਾ ਕਿ ਪਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹਨ ਤੇ ਅਡਾਨੀ ਦਾ ਬਚਾਅ ਵੀ ਨਹੀਂ ਕਰ ਰਹੇ ਹਨ, ਇਸ ਲਈ ਉਹ ਪਵਾਰ ਨੂੰ ਸਵਾਲ ਨਹੀਂ ਕਰਦੇ। ਪਰ ਮੋਦੀ ਅਜਿਹਾ ਕਰ ਰਹੇ ਹਨ ਤੇ ਉਹ ਉਨ੍ਹਾਂ ਨੂੰ ਸਵਾਲ ਕਰਦੇ ਹਨ।
ਕਾਂਗਰਸ ਆਗੂ ਨੇ ਕਿਹਾ ਕਿ ਜੇਕਰ ਪਵਾਰ ਪ੍ਰਧਾਨ ਮੰਤਰੀ ਹੁੰਦੇ ਤੇ ਅਜਿਹਾ ਕਰਦੇ ਤਾਂ ਉਹ ਉਨ੍ਹਾਂ (ਪਵਾਰ) ਨੂੰ ਜ਼ਰੂਰ ਸਵਾਲ ਕਰਦੇ।