ਨਸ਼ਾ ਤਸਕਰੀ ਕੇਸ: ਖਹਿਰਾ ਖ਼ਿਲਾਫ਼ ਜਾਂਚ ਲਈ ਈਡੀ ਦੀ ਰਿਪੋਰਟ ਨੂੰ ਆਧਾਰ ਬਣਾਉਣ ਦੀ ਤਿਆਰੀ

ਨਸ਼ਾ ਤਸਕਰੀ ਕੇਸ: ਖਹਿਰਾ ਖ਼ਿਲਾਫ਼ ਜਾਂਚ ਲਈ ਈਡੀ ਦੀ ਰਿਪੋਰਟ ਨੂੰ ਆਧਾਰ ਬਣਾਉਣ ਦੀ ਤਿਆਰੀ

ਚੰਡੀਗੜ੍ਹ-ਪੰਜਾਬ ਸਰਕਾਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ ਕੇਸ ’ਚ ਆਪਣੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀ ਜਾਂਚ ਦੇ ਆਧਾਰ ’ਤੇ ਕਰਨ ਦੀ ਯੋਜਨਾ ਬਣਾ ਰਹੀ ਹੈ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਪੀਐੱਮਐੱਲਏ ਤਹਿਤ ਕੇਸ ਵਿੱਚ ਈਡੀ ਵੱਲੋਂ ਤਿਆਰ 80 ਪੰਨਿਆਂ ਦੀ ਜਾਂਚ ਰਿਪੋਰਟ ਘੋਖਣ ਲਈ ਆਖਿਆ ਹੈ। ਈਡੀ ਦੀ ਰਿਪੋਰਟ ਵਿਚ ਮਿਲੇ ਤੱਥਾਂ ਦੀ ਪੁਸ਼ਟੀ ਅਤੇ ਮੁੜ ਜਾਂਚ ਲਈ ‘ਸਿਟ’ ਨੇ ਅੱਜ ਜਲਾਲਾਬਾਦ ਦੀ ਇੱਕ ਅਦਾਲਤ ਤੋਂ ਖਹਿਰਾ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਸੁਖਪਾਲ ਖਹਿਰਾ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲੀਸ ਰਿਮਾਂਡ ਤਹਿਤ ਨਾਭਾ ਜੇਲ੍ਹ ’ਚ ਬੰਦ ਸਨ। ਉਨ੍ਹਾਂ ਕਿਹਾ, ‘‘ਈਡੀ ਦੀ ਰਿਪੋਰਟ ’ਚ ਵਿਧਾਇਕ ਖਹਿਰਾ, ਗੁਰਦੇਵ ਸਿੰਘ (ਨਸ਼ਾ ਤਸਕਰੀ ਕੇਸ ’ਚ ਦੋਸ਼ੀ), ਖਹਿਰਾ ਦੇ ਪੀਏ ਮਨੀਸ਼ ਕੁਮਾਰ ਅਤੇ ਪੀਐੱਸਓ ਜੋਗਾ ਸਿੰਘ ਅਤੇ ਚਰਨਜੀਤ ਕੌਰ ਦਰਮਿਆਨ ਫੋਨ ’ਤੇ ਸੰਪਰਕ ਹੋਣ ਦੀ ਗੱਲ ਕਹੀ ਗਈ ਹੈ। ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਗੁਰਦੇਵ ਸਿੰਘ ਵੱਲੋਂ ਕੀਤੇ ਅਪਰਾਧ ਵਿੱਚ ਵਿਧਾਇਕ ਕਿਸ ਤਰ੍ਹਾਂ ਸ਼ਾਮਲ ਸੀ ਅਤੇ ਬਾਅਦ ਵਿੱਚ ਕਵਿੇਂ ਉਸ ਨੇ ਵਿਧਾਇਕ ਦੀ ਚੋਣ ਮੁਹਿੰਮ ਦਾ ਖਰਚਾ ਸਹਿਣ ਕੀਤਾ। ਰਿਪੋਰਟ, ਜਿਸ ਦੀ ਕਾਪੀ ਸਿਟ ਕੋਲ ਹੈ, ਸਾਬਤ ਕਰਦੀ ਹੈ ਕਿ ਗੁਰਦੇਵ ਸਿੰਘ ਨਸ਼ਾ ਤਸਕਰੀ ਤੋਂ ਕਮਾਈ ਵਿਧਾਇਕ ਨੂੰ ਦਿੰਦਾ ਸੀ।’’ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਕੇਸ ’ਚ ਝੂਠਾ ਫਸਾਇਆ ਗਿਆ ਹੈ।