ਕੇਂਦਰ ਨੂੰ ਜਾਤੀ ਜਨਗਣਨਾ ਲਈ ਮਜਬੂਰ ਕਰਾਂਗੇ: ਰਾਹੁਲ

ਕੇਂਦਰ ਨੂੰ ਜਾਤੀ ਜਨਗਣਨਾ ਲਈ ਮਜਬੂਰ ਕਰਾਂਗੇ: ਰਾਹੁਲ

ਬਿਓਹਾਰੀ (ਮੱਧ ਪ੍ਰਦੇਸ਼)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਜਾਤੀ ਆਧਾਰਿਤ ਜਨਗਣਨਾ ਨੂੰ ਦੇਸ਼ ਦਾ ‘ਐਕਸ-ਰੇਅ’ ਕਰਾਰ ਦਿੰਦਿਆਂ ਕਿਹਾ ਕਿ ਇਹ ਓਬੀਸੀ, ਦਲਿਤਾਂ ਤੇ ਕਬਾਇਲੀਆਂ ਦੀ ਹਾਲਤ ਨੂੰ ਸਾਹਮਣੇ ਲਿਆਏਗੀ ਜੋ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ਨੂੰ ਇਹ ਕਵਾਇਦ ਮੁਕੰਮਲ ਕਰਨ ਲਈ ਮਜਬੂਰ ਕਰੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜਾਤੀ ਆਧਾਰਿਤ ਜਨਗਣਨਾ ਦੇ ਮੁੱਦੇ ’ਤੇ ਨਾ ਬੋਲਣ ਦਾ ਦੋਸ਼ ਵੀ ਲਾਇਆ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋਣ ਤੋਂ ਇੱਕ ਦਿਨ ਬਾਅਦ ਅੱਜ ਸ਼ਹਿਡੋਲ ਜ਼ਿਲ੍ਹੇ ਦੇ ਬਿਓਹਾਰੀ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਹਕੂਮਤ ਹੇਠਲਾ ਮੱਧ ਪ੍ਰਦੇਸ਼ ‘ਭਾਜਪਾ ਤੇ ਆਰਐੱਸਐੱਸ ਦੀ ਪ੍ਰਯੋਗਸ਼ਾਲਾ’ ਹੈ। ਉਨ੍ਹਾਂ ਕਿਹਾ, ‘ਜਾਤੀ ਆਧਾਰਿਤ ਜਨਗਣਨਾ ਦੇਸ਼ ਦਾ ਐਕਸ-ਰੇਅ ਹੈ। ਦੇਸ਼ ਦੇ ਆਦਵਿਾਸੀ, ਦਲਿਤ, ਓਬੀਸੀ ਜ਼ਖ਼ਮੀ ਹਨ। ਆਓ ਜਾਂਚ ਕਰੀਏ। ਇਸ ਨਾਲ ਤਸਵੀਰ ਸਾਫ ਹੋ ਜਾਵੇਗੀ।’ ਉਨ੍ਹਾਂ ਕਿਹਾ, ‘ਦੇਸ਼ ਵਿੱਚ ਓਬੀਸੀ, ਦਲਿਤ ਤੇ ਆਦਵਿਾਸੀਆਂ ਦੀ ਸਥਿਤੀ ਦਾ ਸੱਚ ਜਾਣਨ ਲਈ ਅਸੀਂ ਕੇਂਦਰ ਸਰਕਾਰ ਨੂੰ ਜਾਤੀ ਆਧਾਰਿਤ ਜਨਗਣਨਾ ਲਈ ਮਜਬੂਰ ਕਰਾਂਗੇ। ਰਾਜਸਥਾਨ, ਕਰਨਾਟਕ ਤੇ ਛੱਤੀਸਗੜ੍ਹ ’ਚ ਸਾਡੀਆਂ ਸਰਕਾਰਾਂ ਨੇ ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਜਾਤੀ ਆਧਾਰਿਤ ਜਨਗਣਨਾ ਦੀ ਗੱਲ ਇਸ ਲਈ ਕਰ ਰਹੀ ਹੈ ਕਿਉਂਕਿ ਅਨੁਸੂਚਿਤ ਜਾਤੀਆਂ, ਓਬੀਸੀ ਤੇ ਆਦਵਿਾਸੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਮਗਰੋਂ ਕਾਂਗਰਸ ਮੱਧ ਪ੍ਰਦੇਸ਼ ’ਚ ਵੀ ਜਾਤੀ ਆਧਾਰਿਤ ਜਨਗਣਨਾ ਕਰਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ 90 ਸਿਖਰਲੇ ਅਫਸਰ ਦੇਸ਼ ਚਲਾਉਂਦੇ ਹਨ ਅਤੇ ਬਜਟ ਨੂੰ ਕੰਟਰੋਲ ਕਰਦੇ ਹਨ ਪਰ ਉਨ੍ਹਾਂ ’ਚੋਂ ਸਿਰਫ਼ ਤਿੰਨ ਜਣੇ ਓਬੀਸੀ ਨਾਲ ਸਬੰਧਤ ਹਨ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਲਿਖੀ ਇੱਕ ਕਿਤਾਬ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਲਿਖਿਆ ਸੀ ਕਿ ਗੁਜਰਾਤ ਨਹੀਂ ਬਲਕਿ ਮੱਧ ਪ੍ਰਦੇਸ਼ ਭਾਜਪਾ ਤੇ ਆਰਐੱਸਐੱਸ ਦੀ ਪ੍ਰਯੋਗਸ਼ਾਲਾ ਹੈ। -ਪੀਟੀਆਈ