ਲੋਕ ਸਭਾ ਸਪੀਕਰ ਬਾਰੇ ਨਾ ਬਣੀ ਸਹਿਮਤੀ, ਐੱਨਡੀਏ ਦੇ ਓਮ ਬਿਰਲਾ ਤੇ ਇੰਡੀਆ ਦੇ ਸੁਰੇਸ਼ ਵਿਚਾਲੇ ਮੁਕਾਬਲਾ ਅੱਜ

ਲੋਕ ਸਭਾ ਸਪੀਕਰ ਬਾਰੇ ਨਾ ਬਣੀ ਸਹਿਮਤੀ, ਐੱਨਡੀਏ ਦੇ ਓਮ ਬਿਰਲਾ ਤੇ ਇੰਡੀਆ ਦੇ ਸੁਰੇਸ਼ ਵਿਚਾਲੇ ਮੁਕਾਬਲਾ ਅੱਜ

ਨਵੀਂ ਦਿੱਲੀ,- ਅਠਾਰ੍ਹਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਵੇਗੀ। ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਐੱਨਡੀਏ ਗੱਠਜੋੜ ਨੇ ਸਪੀਕਰ ਦੇ ਅਹੁਦੇ ਲਈ ਓਮ ਬਿਰਲਾ ਨੂੰ ਮੁੜ ਆਪਣਾ ਉਮੀਦਵਾਰ ਬਣਾਇਆ ਹੈ ਜਦੋਂਕਿ ਵਿਰੋਧੀ ਧਿਰਾਂ ਨੇ ਬਿਰਲਾ ਦੇ ਮੁਕਾਬਲੇ ਕੋਡੀਕੁਨਿਲ ਸੁਰੇਸ਼ ਨੂੰ ਚੋਣ ਪਿੜ ਵਿਚ ਉਤਾਰਿਆ ਹੈ। ਮੁਕਾਬਲਾ ਬਿਰਲਾ ਬਨਾਮ ਸੁਰੇਸ਼ ਹੋਣ ਨਾਲ ਸਪੀਕਰ ਦੀ ਚੋਣ ਸਰਬਸੰਮਤੀ ਨਾਲ ਕਰਵਾਉਣ ਦੀਆਂ ਐੱਨਡੀਏ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਵਿਰੋਧੀ ਧਿਰਾਂ ਨੇ ਕੇ. ਸੁਰੇਸ਼ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਐਨ ਆਖਰੀ ਮੌਕੇ ਲਿਆ। ਵਿਰੋਧੀ ਧਿਰਾਂ ਨੇ ਸਪੀਕਰ ਦੇ ਅਹੁਦੇ ਲਈ ਬਿਰਲਾ ਨੂੰ ਹਮਾਇਤ ਦੇਣ ਦੇ ਬਦਲੇ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਸੀ, ਪਰ ਸੀਨੀਅਰ ਭਾਜਪਾ ਆਗੂਆਂ ਨੇ ਇਹ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਬਿਰਲਾ ਦੀ ਉਮੀਦਵਾਰੀ ਦੀ ਹਮਾਇਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਅਤੇ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਟੀਡੀਪੀ, ਜੇਡੀਯੂ, ਜੇਡੀਐੱਸ ਤੇ ਐੱਲਜੇਪੀ (ਆਰ) ਸਣੇ ਹੋਰਨਾਂ ਵੱਲੋਂ ਨਾਮਜ਼ਦਗੀਆਂ ਦੇ 10 ਸੈੱਟ ਦਾਖ਼ਲ ਕੀਤੇ ਗਏ ਹਨ। ਉਧਰ ਸੁਰੇਸ਼ ਦੇ ਹੱਕ ਵਿਚ ਨਾਮਜ਼ਦਗੀਆਂ ਦੇ ਤਿੰਨ ਸੈੱਟ ਦਾਖ਼ਲ ਕੀਤੇ ਗਏ ਹਨ। ਵਿਰੋਧੀ ਧਿਰਾਂ ਵੱਲੋਂ ਕਾਂਗਰਸ ਆਗੂ ਕੇਸੀ ਵੇਣੂਗੋਪਾਲ ਤੇ ਡੀਐੱਮਕੇ ਦੇ ਟੀਆਰ ਬਾਲੂ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਸੰਸਦ ਭਵਨ ਵਿਚਲੇ ਦਫ਼ਤਰ ਵਿਚ ਸੀਨੀਅਰ ਭਾਜਪਾ ਆਗੂਆਂ ਨਾਲ ਸੰਖੇਪ ਬੈਠਕ ਦੌਰਾਨ ਸਪੀਕਰ ਦੀ ਚੋਣ ਨੂੰ ਲੈ ਕੇ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ’ਤੇ ਬਜ਼ਿੱਦ ਰਹੀਆਂ। ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਵੀ ਮੌਜੁੂਦ ਸਨ। ਸਹਿਮਤੀ ਨਾ ਬਣਨ ਮਗਰੋਂ ਵਿਰੋਧੀ ਧਿਰਾਂ ਦੇ ਦੋਵੇਂ ਆਗੂ ਬੈਠਕ ’ਚੋਂ ਵਾਕਆਊਟ ਕਰ ਗਏ। ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਸਰਕਾਰ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਦੇਣ ਤੋਂ ਨਾਂਹ ਕਰ ਦਿੱਤੀ ਹੈ ਜਿਸ ਕਰਕੇ ਹੁਣ ਉਨ੍ਹਾਂ ਬਿਰਲਾ ਖਿਲਾਫ਼ ਉਮੀਦਵਾਰ ਖੜ੍ਹਾ ਕਰਨ ਦਾ ਫੈਸਲਾ ਕੀਤਾ ਹੈ।