ਪ੍ਰਧਾਨ ਮੰਤਰੀ ਦੀ ਫੇਰੀ ਲਈ ਅਯੁੱਧਿਆ ਪੂਰੀ ਤਰ੍ਹਾਂ ਤਿਆਰ

ਪ੍ਰਧਾਨ ਮੰਤਰੀ ਦੀ ਫੇਰੀ ਲਈ ਅਯੁੱਧਿਆ ਪੂਰੀ ਤਰ੍ਹਾਂ ਤਿਆਰ

ਅਯੁੱਧਿਆ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 30 ਦਸੰਬਰ ਦੇ ਦੌਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਰ ਨੂੰ ਫੁੱਲਾਂ ਅਤੇ ਕੰਧ-ਚਿੱਤਰਾਂ ਨਾਲ ਸਜਾਇਆ ਜਾ ਰਿਹਾ ਹੈ। ਸ਼ਹਿਰ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਯੁੱਧਿਆ ਦੇ ਡਿਵੀਜ਼ਨਲ ਕਮਿਸ਼ਨਰ ਗੌਰਵ ਦਿਆਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਦੇ ਬਾਵਜੂਦ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਮੋਦੀ ਭਲਕੇ ਸ਼ਨਿਚਰਵਾਰ ਨੂੰ ਅਯੁੱਧਿਆ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਦਾ ਉਦਘਾਟਨ ਕਰਨ ਅਯੁੱਧਿਆ ਆ ਰਹੇ ਹਨ। ਉਹ ਹਵਾਈ ਅੱਡੇ ਨੇੜੇ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਦਿਆਲ ਨੇ ਦੱਸਿਆ, “ਪ੍ਰਧਾਨ ਮੰਤਰੀ ਸਵੇਰੇ 10.45 ਵਜੇ ਦੇ ਕਰੀਬ ਅਯੁੱਧਿਆ ਹਵਾਈ ਅੱਡੇ ਪਹੁੰਚ ਸਕਦੇ ਹਨ। ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਉਹ ਸਿੱਧੇ ਅਯੁੱਧਿਆ ਰੇਲਵੇ ਸਟੇਸ਼ਨ ਜਾਣਗੇ। ਇਸ ਤੋਂ ਬਾਅਦ ਉਹ ਹਵਾਈ ਅੱਡੇ ’ਤੇ ਵਾਪਸ ਆ ਕੇ ਇਸ ਦਾ ਉਦਘਾਟਨ ਕਰਨਗੇ ਤੇ ਇਕ ਰੈਲੀ ਨੂੰ ਸੰਬੋਧਨ ਕਰਨਗੇ।’’ ਉਨ੍ਹਾਂ ਦੱਸਿਆ ਕਿ ਇਹ ਰੈਲੀ ਕਰੀਬ ਇਕ ਘੰਟਾ ਚੱਲੇਗੀ ਜਿਸ ’ਚ ਕਰੀਬ ਡੇਢ ਲੱਖ ਲੋਕ ਹਿੱਸਾ ਲੈ ਸਕਦੇ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਯੁੱਧਿਆ ਤੋਂ ਰਵਾਨਾ ਹੋਣਗੇ।’’ ਸੂਤਰਾਂ ਅਨੁਸਾਰ ਮੋਦੀ ਹਵਾਈ ਅੱਡੇ ਤੋਂ ਰੇਲਵੇ ਸਟੇਸ਼ਨ ਤੱਕ ਰੋਡ ਸ਼ੋਅ ਵੀ ਕਰਨਗੇ। ਸ਼ਹਿਰ ’ਚ ਕਈ ਥਾਵਾਂ ’ਤੇ ਵੱਡੇ-ਵੱਡੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਲੱਗੀ ਹੈ ਅਤੇ ‘ਪ੍ਰਭੂ ਰਾਮ ਕੀ ਨਗਰੀ ਮੇਂ ਆਪ ਕਾ ਸਵਾਗਤ ਹੈ’ ਲਿਖਿਆ ਹੋਇਆ ਹੈ। ਅਯੁੱਧਿਆ ਦੇ ਡਿਵੀਜ਼ਨਲ ਕਮਿਸ਼ਨਰ ਨੇ ਕਿਹਾ, “ਅਸੀਂ ਪ੍ਰਧਾਨ ਮੰਤਰੀ ਦੇ ਦੌਰੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸ਼ਹਿਰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।’’